ਕਿਹਾ : ਕੀਵ ਵਿਚ ਹਾਂ ਤੇ ਕਿਸੇ ਤੋਂ ਡਰਦਾ ਨਹੀਂ
ਕੀਵ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਯੂਕਰੇਨ ਦੇ ਫੌਜੀ ਬੇਮਿਸਾਲ ਹਿੰਮਤ ਦਿਖਾ ਰਹੇ ਹਨ। ਯੂਕਰੇਨ ਦਾ ਇਕ ਜਵਾਨ 10 ਰੂਸੀਆਂ ਦਾ ਸਾਹਮਣਾ ਕਰ ਰਿਹਾ ਹੈ। ਇਕ ਯੂਕਰੇਨੀ ਟੈਂਕ ਦਾ ਟਾਕਰਾ 50 ਰੂਸੀ ਟੈਂਕਾਂ ਨਾਲ ਹੋ ਰਿਹਾ ਹੈ।
ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਕਈ ਮੁਲਕ ਜ਼ੇਲੈਂਸਕੀ ਨੂੰ ਲੜਾਕੂ ਜਹਾਜ਼ ਦੇਣ ਬਾਰੇ ਸੋਚ ਰਹੇ ਹਨ ਜਿਸ ਦੀ ਉਸ ਨੇ ਮੰਗ ਕੀਤੀ ਸੀ। ਦੇਸ਼ ਦੇ ਨਾਂ ਇਕ ਸੰਬੋਧਨ ਵਿਚ ਜ਼ੇਲੈਂਸਕੀ ਨੇ ਕਿਹਾ ਕਿ ਉਹ ਕੀਵ ਵਿਚ ਹੀ ਹਨ ਤੇ ਲੁਕੇ ਨਹੀਂ ਹੋਏ ਹਨ। ਵੀਡੀਓ ਪੋਸਟ ਕਰਕੇ ਜ਼ੇਲੈਂਸਕੀ ਨੇ ਰਾਜਧਾਨੀ ਵਿਚਲੇ ਆਪਣੇ ਦਫ਼ਤਰ ਤੋਂ ਸ਼ਹਿਰ ਦੀ ਝਲਕ ਵੀ ਦਿਖਾਈ। ਉਨ੍ਹਾਂ ਕਿਹਾ ਕਿ ਮੈਂ ਕੀਵ ਵਿਚ ਹਾਂ ਅਤੇ ਕਿਸੇ ਤੋਂ ਲੁਕਿਆ ਨਹੀਂ ਹਾਂ। ਜ਼ੇਲੈਂਸਕੀ ਨੇ ਕਿਹਾ ਕਿ ਮੈਂ ਕਿਸੇ ਤੋਂ ਡਰਦਾ ਨਹੀਂ ਹਾਂ। ਦੇਸ਼ ਲਈ ਇਹ ਜੰਗ ਜਿੱਤਣ ਖਾਤਰ ਚਾਹੇ ਜੋ ਵੀ ਕਰਨਾ ਪਵੇ ਉਹ ਕਰਾਂਗੇ।
ਇਟਲੀ ਦੇ ਸਿੱਖ ਭਾਈਚਾਰੇ ਨੇ ਯੂਕਰੇਨ ਲਈ ਜ਼ਰੂਰੀ ਵਸਤਾਂ ਅਤੇ ਮਾਲੀ ਮਦਦ ਭੇਜੀ
ਰੋਮ/ਬਿਊਰੋ ਨਿਊਜ਼ : ਯੂਕਰੇਨ ਅਤੇ ਰੂਸ ਦੀ ਜੰਗ ਨੇ ਉੱਥੇ ਰਹਿੰਦੇ ਲੋਕਾਂ ਨੂੰ ਤਬਾਹੀ ਦਾ ਮੰਜ਼ਰ ਦਿਖਾ ਦਿੱਤਾ ਹੈ। ਜੰਗ ਕਾਰਨ ਬਣੇ ਮਾੜੇ ਹਾਲਾਤ ਦੇ ਮੱਦੇਨਜ਼ਰ ਸਿੱਖ ਭਾਈਚਾਰੇ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਯੂਕਰੇਨ ਦੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਨਾਲ ਲੱਗਦੇ ਮੁਲਕਾਂ ਦੇ ਗੁਰੂ ਘਰਾਂ ਵਿਚ ਵੀ ਯੂਕਰੇਨ ਦੇ ਲੋਕਾਂ ਨੂੰ ਸ਼ਰਨ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਲੋਨੀਗੋ, ਇਟਲੀ ਦੀ ਸਮੂਹ ਸੰਗਤ ਦੇ ਸਹਿਯੋਗ ਸਦਕਾ ਯੂਕਰੇਨ ਤੇ ਰੂਸ ਦੀ ਜੰਗ ਕਾਰਨ ਬੇਘਰ ਹੋਏ ਲੋਕਾਂ ਲਈ ਖਾਣ-ਪੀਣ ਦੀਆਂ ਵਸਤਾਂ ਅਤੇ 600 ਯੂਰੋ ਦੀ ਮਾਲੀ ਮਦਦ ਭੇਜੀ ਗਈ। ਇਸ ਮੌਕੇ ਗੁਰੂ ਘਰ ਦੀ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਇਲਾਕੇ ਦੀ ਸੰਗਤ ਨੇ ਵੱਧ ਤੋ ਵੱਧ ਸਹਿਯੋਗ ਦੇਣ ਦਾ ਪ੍ਰਣ ਕੀਤਾ।
ਅਮਰੀਕਾ ਵਿੱਚ ਸਿੱਖ ਭਾਈਚਾਰੇ ਖਿਲਾਫ ਵਿਤਕਰਾ ਵਧਿਆ
ਮਨੁੱਖੀ ਅਧਿਕਾਰ ਮਾਹਿਰ ਅੰਮ੍ਰਿਤ ਕੌਰ ਤੇ ਸੰਸਦ ਮੈਂਬਰਾਂ ਨੇ ਵਿਤਕਰੇਬਾਜ਼ੀ ਖਿਲਾਫ ਕਦਮ ਚੁੱਕਣ ਦੀ ਕੀਤੀ ਅਪੀਲ
ਵਾਸ਼ਿੰਗਟਨ : ਮਨੁੱਖੀ ਅਧਿਕਾਰਾਂ ਦੀ ਮਾਹਿਰ ਅੰਮ੍ਰਿਤ ਕੌਰ ਅਕਰੇ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਵਿੱਚ ਸਿੱਖ ਭਾਈਚਾਰੇ ਖਿਲਾਫ ਧਾਰਮਿਕ ਵਿਤਕਰਾ ਅਤੇ ਨਫਰਤ ਦੀਆਂ ਘਟਨਾਵਾਂ ਵਿੱਚ ਹਾਲ ਹੀ ਵਿੱਚ ਵਾਧਾ ਹੋਇਆ ਹੈ। ਨਾਲ ਹੀ, ਉਨ੍ਹਾਂ ਨੇ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਨੂੰ ਇਸ ਨੂੰ ਖ਼ਤਮ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਅਕਰੇ ਨੇ ਹਾਲ ਹੀ ਵਿੱਚ ਵਿਤਕਰੇ ਅਤੇ ਨਾਗਰਿਕ ਹੱਕ ‘ਤੇ ਕਾਂਗਰਸ ਦੀ ਸੁਣਵਾਈ ਦੌਰਾਨ ਸੰਵਿਧਾਨ, ਨਾਗਰਿਕ ਅਧਿਕਾਰ ਅਤੇ ਸ਼ਹਿਰੀ ਆਜ਼ਾਦੀ ਬਾਰੇ ਸਦਨ ਦੀ ਜੁਡੀਸ਼ਰੀ ਸਬ-ਕਮੇਟੀ ਦੇ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ। ਅਕਰੇ ‘ਸਿੱਖ ਕੋਲੀਸ਼ਨ’ ਦੀ ਕਾਨੂੰਨੀ ਡਾਇਰੈਕਟਰ ਹੈ। ਉਨ੍ਹਾਂ ਕਿਹਾ, ”ਸਰਕਾਰੀ ਨੀਤੀਆਂ ਅਤੇ ਕਾਨੂੰਨਾਂ ਦੀ ਪੱਖਪਾਤੀ ਵਿਆਖਿਆ ਨਾਲ ਆਵਾਜਾਈ, ਮਨੋਰੰਜਨ, ਸਿਹਤ, ਫੌਜ ਅਤੇ ਲਾਅ ਐਨਫੋਰਸਮੈਂਟ ਸਣੇ ਜਨਤਕ ਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਵਿੱਚ ਸਿੱਖਾਂ ਨੂੰ ਨੁਕਸਾਨ ਹੁੰਦਾ ਹੈ।” ਉਨ੍ਹਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਸਿੱਖਾਂ ਨੂੰ ਕਈ ਵਾਰ ਕੰਮ ਨਾਲ ਸਬੰਧਿਤ ਜਾਂਚ ਲਈ ਆਪਣੇ ਕੇਸ ਕਟਵਾਉਣ ਲਈ ਕਿਹਾ ਜਾਂਦਾ ਹੈ। ਅਕਰੇ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਕਈ ਨੀਤੀਆਂ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਂਦੀ ਹੈ, ਜੋ ਘੱਟਗਿਣਤੀ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਦੇਸ਼ ਦਾ ਪ੍ਰਬੰਧ ਇਸ ਨੂੰ ਹੋਣ ਦਿੰਦਾ ਹੈ। ਇਸੇ ਦੌਰਾਨ ਸੰਸਦ ਮੈਂਬਰ ਸ਼ੀਲਾ ਜੈਕਸਨ ਲੀ ਨੇ ਕਿਹਾ ਕਿ ‘ਪੱਗ ਬੰਨ੍ਹਣ ਵਾਲੇ ਸਿੱਖ ਲੜਕਿਆਂ ਨੂੰ ਅਤਿਵਾਦੀ ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ ਲੰਬੇ ਵਾਲ ਰੱਖਣ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਜਿਹੇ ਕਈ ਬੱਚੇ ਹਿੰਸਾ ਦੇ ਸ਼ਿਕਾਰ ਵੀ ਹੁੰਦੇ ਹਨ। ਸਾਡੇ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ 50 ਫ਼ੀਸਦੀ ਤੋਂ ਵੱਧ ਸਿੱਖ ਬੱਚਿਆਂ ਨੂੰ ਸਕੂਲ ਵਿੱਚ ਦੂਜੇ ਵਿਦਿਆਰਥੀਆਂ ਵੱਲੋਂ ਪੀੜਤ ਕੀਤਾ ਜਾਂਦਾ ਹੈ। ਸੰਸਦ ਮੈਂਬਰ ਪਰਮਿਲਾ ਜੈਪਾਲ ਨੇ ਕਿਹਾ 9/11 ਹਮਲੇ ਨੇ ਅਮਰੀਕਾ ਵਿੱਚ ਮੁਸਲਮਾਨਾਂ, ਅਰਬ ਜਾਂ ਦੱਖਣੀ ਏਸ਼ਿਆਈ ਅਮਰੀਕੀ ਹੋਣ ਦਾ ਅਰਥ ਹਮੇਸ਼ਾ ਲਈ ਬਦਲ ਦਿੱਤਾ ਹੈ।