ਮਹਾਦੋਸ਼ ‘ਤੇ ਚਰਚਾ ਵਿਚ ਵਿਰੋਧੀ ਧਿਰ ਦੀ ਮੰਗ ੲ ਰਾਸ਼ਟਰਪਤੀ ਨੇ ਕਿਹਾ – ਪ੍ਰਕਿਰਿਆ ਝੂਠੀ
ਵਾਸ਼ਿੰਗਟਨ : ਅਮਰੀਕੀ ਸੰਸਦ ਦੇ ਉਚ ਸਦਨ ਸੈਨੇਟ ਵਿਚ ਵਿਰੋਧੀ ਧਿਰ ਡੈਮੋਕਰੇਟਿਕ ਪਾਰਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਟਾਉਣ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਰੱਖੀ। ਪ੍ਰਤੀਨਿਧ ਸਭਾ ਤੋਂ ਮਹਾਦੋਸ਼ ਮਤੇ ਨੂੰ ਲੈ ਕੇ ਆਏ ਡੈਮੋਕਰੇਟ ਸੰਸਦ ਮੈਂਬਰ ਐਡਮ ਸਕਿਫ ਨੇ ਕਿਹਾ ਕਿ ਰਾਸ਼ਟਰਪਤੀ ਦੇ ਰੂਪ ਵਿਚ ਟਰੰਪ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹ ਦੇਸ਼ ਦੇ ਹਿੱਤ ਤੋਂ ਜ਼ਿਆਦਾ ਆਪਣੇ ਹਿੱਤ ਨੂੰ ਮਹੱਤਵ ਦਿੰਦੇ ਹਨ। ਸੈਨੇਟ ਵਿਚ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਬਹੁਮਤ ਹੈ। ਪ੍ਰਕਿਰਿਆ ਖਿਲਾਫ ਰਾਸ਼ਟਰਪਤੀ ਟਰੰਪ ਨੇ ਟਵੀਟ ਦੀ ਝੜੀ ਲਗਾਉਂਦੇ ਹੋਏ ਕਿਹਾ ਕਿ ਇਹ ਪੂਰੀ ਪ੍ਰਕਿਰਿਆ ਝੂਠ ਤੇ ਤੱਥਾਂ ਦੀ ਗਲਤ ਪੇਸ਼ਕਾਰੀ ਨਾਲ ਭਰੀ ਹੋਈ ਹੈ। ਸਕਿਫ ਨੇ ਕਿਹਾ ਕਿ ਅਮਰੀਕੀ ਲੋਕ ਅਜਿਹਾ ਰਾਸ਼ਟਰਪਤੀ ਚਾਹੁੰਦੇ ਹਨ, ਜਿਹੜਾ ਆਪਣੇ ਹਿੱਤ ਤੋਂ ਜ਼ਿਆਦਾ ਉਨ੍ਹਾਂ ਦੇ ਹਿੱਤ ਵਿਚ ਕੰਮ ਕਰੇ। ਉਨ੍ਹਾਂ ਇਹ ਗੱਲ ਯੂਕਰੇਨ ਦੇ ਰਾਸ਼ਟਰਪਤੀ ਨੂੰ ਟਰੰਪ ਦੇ ਜੁਲਾਈ ਵਿਚ ਕੀਤੀ ਗਈ ਉਸ ਫੋਨ ਕਾਲ ਬਾਰੇ ਕਹੀ, ਜਿਸ ਵਿਚ ਡੈਮੋਕਰੇਟਿਕ ਪਾਰਟੀ ਦੇ ਆਗੂ ਜੋ ਬਿਡੇਨ ਖਿਲਾਫ ਜਾਂਚ ਲਈ ਦਬਾਅ ਬਣਾਇਆ ਗਿਆ। ਬਿਡੇਨ 2020 ਦੀ ਰਾਸ਼ਟਰਪਤੀ ਚੋਣ ਵਿਚ ਟਰੰਪ ਦੇ ਵਿਰੋਧੀ ਹੋ ਸਕਦੇ ਹਨ। ਸਕਿਫ ਨੇ ਕਿਹਾ ਕਿ ਟਰੰਪ ਨੇ ਆਪਣੇ ਸਿਆਸੀ ਫਾਇਦੇ ਲਈ ਅਮਰੀਕਾ ਦੇ ਰੁਤਬੇ ਤੇ ਉਸਦੇ ਹਿੱਤਾਂ ਨੂੰ ਦਾਅ ‘ਤੇ ਲਗਾਇਆ। ਤਿੱਖੇ ਅੰਦਾਜ਼ ਵਿਚ ਸੰਸਦ ਮੈਂਬਰਾਂ ਵਲੋਂ ਮੁਖਾਤਿਬ ਹੋ ਕੇ ਕਿਹਾ, ਤੁਸੀਂ ਸਾਰੇ ਜਾਣਦੇ ਹੋ ਕਿ ਰਾਸ਼ਟਰਪਤੀ ਟਰੰਪ ਭਰੋਸੇ ਦੇ ਕਾਬਲ ਨਹੀਂ ਹਨ। ਉਹ ਦੇਸ਼ ਦਾ ਭਲਾ ਨਹੀਂ ਕਰ ਸਕਦੇ। ਉਹ ਉਹੀ ਕਰ ਰਹੇ ਹਨ ਜੋ ਉਨ੍ਹਾਂ ਨੇ ਪਹਿਲਾਂ ਕੀਤਾ। ਰਾਸ਼ਟਰਪਤੀ ਦੇ ਤੌਰ ‘ਤੇ ਆਉਣ ਵਾਲੇ ਕੁਝ ਮਹੀਨਿਆਂ ਵਿਚ ਵੀ ਉਹੀ ਕਰਨਗੇ, ਜੋ ਉਨ੍ਹਾਂ ਹਾਲੇ ਤੱਕ ਕੀਤਾ ਹੈ। ਟਰੰਪ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਦਾ ਮੌਕਾ ਆ ਗਿਆ ਹੈ। ਅਸੀਂ ਸੱਚਾਈ ਦਾ ਸਾਥ ਦੇਣਾ ਹੈ, ਨਹੀਂ ਤਾਂ ਅਸੀਂ ਟਰੰਪ ਨੂੰ ਹਟਾਉਣ ਦਾ ਮੌਕਾ ਗੁਆ ਦੇਵਾਂਗੇ। ਇਸ ਤੋਂ ਬਾਅਦ ਸਕਿਫ ਨੇ ਟਰੰਪ ਖਿਲਾਫ ਦਸਤਾਵੇਜ਼, ਬਿਆਨਾਂ ਦੇ ਵੀਡੀਓ ਤੇ ਹੋਰ ਸਬੂਤ ਸੈਨੇਟ ਦੇ ਸਾਰੇ 100 ਮੈਂਬਰਾਂ ਦੇ ਸਾਹਮਣੇ ਰੱਖੇ। ਜ਼ਿਕਰਯੋਗ ਹੈ ਕਿ ਸਕਿਫ ਦੀ ਅਗਵਾਈ ਵਿਚ ਪ੍ਰਤੀਨਿਧ ਸਭਾ ਦੇ ਸੰਸਦ ਮੈਂਬਰਾਂ ਦੀ ਟੀਮ ਨੇ ਟਰੰਪ ਖਿਲਾਫ ਜਾਂਚ ਕੀਤੀ ਸੀ ਤੇ ਰਾਸ਼ਟਰਪਤੀ ਨੂੰ ਹਟਾਉਣ ਲਈ ਦੋਸ਼ ਤਿਆਰ ਕੀਤੇ ਸਨ। ਇਸ ਦੌਰਾਨ ਸੰਸਦ ਮੈਂਬਰ ਜੇਰੀ ਨੈਡਲਰ ਨੇ ਵੀ ਟਰੰਪ ‘ਤੇ ਤਿੱਖਾ ਹਮਲਾ ਕੀਤਾ। ਕਿਹਾ, ਚੋਣ ਫਾਇਦਾ ਉਠਾਉਣ ਲਈ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਗਲਤ ਵਰਤੋਂ ਕੀਤੀ। ਅਹੁਦੇ ਦੀ ਅਜਿਹੀ ਦੁਰਵਰਤੋਂ 1789 ਵਿਚ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਤੋਂ ਲੈ ਕੇ ਹੁਣ ਤੱਕ ਹੋਰ ਕਿਸੇ ਨੇ ਨਹੀਂ ਕੀਤੀ।
ਟਰੰਪ ਨੂੰ ਹਟਾਉਣਾ ਚਾਹੁੰਦੀ ਹੈ ਵਿਰੋਧੀ ਧਿਰ
ਰਿਪਬਲਿਕਨ ਸੈਨੇਟਰ ਜੌਨ ਬਾਰਾਸਾਓ ਨੇ ਕਿਹਾ ਕਿ ਪ੍ਰਤੀਨਿਧ ਸਭਾ ਦੇ ਸੰਸਦ ਮੈਂਬਰਾਂ ਦੀ ਟੀਮ ਟਰੰਪ ਖਿਲਾਫ ਇਕੋ ਜਿਹੀ ਗੱਲ ਹੀ ਕਰ ਰਹੀ ਹੈ। ਉਹ ਤਿੰਨ ਦਿਨਾਂ ਤੋਂ ਇਕੋ ਜਿਹੀ ਗੱਲ ਕਰ ਰਹੀ ਹੈ। ਉਹ ਕਿਸੇ ਵੀ ਤਰ੍ਹਾਂ ਨਾਲ ਟਰੰਪ ਨੂੰ ਹਟਾਉਣਾ ਚਾਹੁੰਦੀ ਹੈ। ਟਰੰਪ ਦੇ ਵਕੀਲ ਜੇ ਸੇਕੁਲੋਵ ਨੇ ਕਿਹਾ ਕਿ ਅਸੀਂ ਵਾਰ-ਵਾਰ ਇਕ ਹੀ ਗੱਲ ਸੁਣ ਰਹੇ ਹਾਂ। ਗੱਲਾਂ ‘ਚ ਨਵਾਂ ਤੇ ਸਨਸਨੀਖੇਜ ਕੁਝ ਨਹੀਂ ਹੈ। ਟਰੰਪ ਖਿਲਾਫ ਮਹਾਦੋਸ਼ ਮਤੇ ‘ਤੇ ਸੁਣਵਾਈ ਦੀ ਕਈ ਟੀਵੀ ਚੈਨਲ ਲਾਈਵ ਰਿਪੋਰਟਿੰਗ ਕਰ ਰਹੇ ਹਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …