Breaking News
Home / ਭਾਰਤ / ਲੋਕ ਸਭਾ ਵਿਚ ਵਿਰੋਧੀ ਪੱਖ ਦੇ ਹੰਗਾਮੇ ਦੌਰਾਨ ਤਿੰਨ ਤਲਾਕ ਦਾ ਨਵਾਂ ਬਿਲ ਪੇਸ਼

ਲੋਕ ਸਭਾ ਵਿਚ ਵਿਰੋਧੀ ਪੱਖ ਦੇ ਹੰਗਾਮੇ ਦੌਰਾਨ ਤਿੰਨ ਤਲਾਕ ਦਾ ਨਵਾਂ ਬਿਲ ਪੇਸ਼

ਜਨਤਾ ਨੇ ਸਾਨੂੰ ਕਾਨੂੰਨ ਬਣਾਉਣ ਲਈ ਚੁਣਿਆ : ਰਵੀਸ਼ੰਕਰ ਪ੍ਰਸਾਦ
ਨਵੀਂ ਦਿੱਲੀ : ਤਿੰਨ ਤਲਾਕ ‘ਤੇ ਰੋਕ ਲਗਾਉਣ ਲਈ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਨਵਾਂ ਬਿੱਲ ਲੋਕ ਸਭਾ ਵਿਚ ਪੇਸ਼ ਕੀਤਾ। ਇਸ ਦੌਰਾਨ ਸਦਨ ਵਿਚ ਹੰਗਾਮਾ ਵੀ ਹੋਇਆ। ਕਾਂਗਰਸੀ ਆਗੂ ਸ਼ਸ਼ੀ ਥਰੂਰ ਅਤੇ ਅਸਰੂਦੀਨ ਓਵੈਸੀ ਨੇ ਬਿੱਲ ਦਾ ਵਿਰੋਧ ਕੀਤਾ। ਥਰੂਰ ਨੇ ਕਿਹਾ ਕਿ ਤਿੰਨ ਤਲਾਕ ਬਿੱਲ ਮੁਸਲਿਮ ਪਰਿਵਾਰਾਂ ਦੇ ਖਿਲਾਫ ਹੈ ਅਤੇ ਅਸੀਂ ਇਸ ਬਿੱਲ ਦਾ ਸਮਰਥਨ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਇਕ ਭਾਈਚਾਰੇ ਦੀ ਬਜਾਏ ਸਾਰਿਆਂ ਲਈ ਕਾਨੂੰਨ ਬਣਨਾ ਚਾਹੀਦਾ ਹੈ। ਅਸਰੂਦੀਨ ਓਵੈਸੀ ਨੇ ਕਿਹਾ ਕਿ ਤਿੰਨ ਤਲਾਕ ਬਿੱਲ ਮੁਸਲਿਮ ਮਹਿਲਾਵਾਂ ਦੇ ਹਿੱਤ ਵਿਚ ਨਹੀਂ ਹੈ। ਇਸ ਸਬੰਧੀ ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਵਿਚ ਲੋਕ ਸਭਾ ‘ਚ ਬਿੱਲ ਪਾਸ ਹੋਇਆ ਸੀ। ਰਾਜ ਸਭਾ ਵਿਚ ਬਿੱਲ ਪੈਂਡਿੰਗ ਸੀ, ਪਰ ਲੋਕ ਸਭਾ ਭੰਗ ਹੋਣ ਕਰਕੇ ਇਹ ਬਿੱਲ ਖਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜਨਤਾ ਨੇ ਸਾਨੂੰ ਕਾਨੂੰਨ ਬਣਾਉਣ ਲਈ ਚੁਣਿਆ ਹੈ। ਪ੍ਰਸਾਦ ਨੇ ਕਿਹਾ, ”ਇਹ ਧਰਮ ਦਾ ਸਵਾਲ ਨਹੀਂ ਹੈ ਸਗੋਂ ਮਹਿਲਾਵਾਂ ਨੂੰ ਇਨਸਾਫ਼ ਦੇਣ ਦੀ ਪਹਿਲਕਦਮੀ ਹੈ। ਇਹ ਮਹਿਲਾਵਾਂ ਦੀ ਮਾਣ-ਮਰਿਆਦਾ ਦਾ ਸਵਾਲ ਹੈ ਜਿਸ ਦੀ ਰਾਖੀ ਲਈ ਅਸੀਂ ਵਚਨਬੱਧਤਾ ਪ੍ਰਗਟਾਈ ਹੈ।” ਬਿੱਲ ਲਿਆਉਣ ਨੂੰ ਜਾਇਜ਼ ਠਹਿਰਾਉਂਦਿਆਂ ਕਾਨੂੰਨ ਮੰਤਰੀ ਨੇ ਕਿਹਾ ਕਿ ਮੁਲਕ ਵਿਚ ਤੀਹਰੇ ਤਲਾਕ ਦੇ 543 ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਤੀਹਰੇ ਤਲਾਕ ਦੇ ਅਮਲ ‘ਤੇ ਪਾਬੰਦੀ ਲਾਏ ਜਾਣ ਮਗਰੋਂ 200 ਤੋਂ ਵੱਧ ਕੇਸ ਦਰਜ ਹੋਏ ਹਨ। ਉਨ੍ਹਾਂ ਕਿਹਾ ਕਿ ਸੰਸਦ ਦਾ ਕੰਮ ਬਿੱਲ ਲਿਆਉਣਾ ਹੈ ਅਤੇ ਕਾਨੂੰਨ ਨੂੰ ਪਰਿਭਾਸ਼ਿਤ ਕਰਨ ਦਾ ਕੰਮ ਅਦਾਲਤਾਂ ਦਾ ਹੈ। ਜਿਵੇਂ ਹੀ ਸਪੀਕਰ ਓਮ ਬਿਰਲਾ ਨੇ ਪ੍ਰਸਾਦ ਨੂੰ ਬਿੱਲ ਪੇਸ਼ ਕਰਨ ਲਈ ਕਿਹਾ ਤਾਂ ਵਿਰੋਧੀ ਧਿਰ ਦੇ ਕਈ ਮੈਂਬਰ ਰੌਲਾ ਪਾਉਂਦੇ ਹੋਏ ਆਪਣੀਆਂ ਸੀਟਾਂ ਤੋਂ ਉੱਠ ਖੜ੍ਹੇ ਹੋਏ। ਇਸ ‘ਤੇ ਬਿਰਲਾ ਨੇ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦੀ ਇਜਾਜ਼ਤ ਦੇ ਦਿੱਤੀ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …