Breaking News
Home / ਭਾਰਤ / ਬਲੈਕ ਮਨੀ ‘ਤੇ ਸੰਸਦ ‘ਚ ਰਿਪੋਰਟ ਪੇਸ਼

ਬਲੈਕ ਮਨੀ ‘ਤੇ ਸੰਸਦ ‘ਚ ਰਿਪੋਰਟ ਪੇਸ਼

ਭਾਰਤੀਆਂ ਨੇ ਦੇਸ਼ ਤੋਂ ਬਾਹਰ ਜਮ੍ਹਾਂ ਕੀਤੀ 15 ਤੋਂ 34 ਲੱਖ ਕਰੋੜ ਦੀ ਅਣ-ਐਲਾਨੀ ਜਾਇਦਾਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਲ 1998 ਤੋਂ 2010 ਦਰਮਿਆਨ ਭਾਰਤੀਆਂ ਨੇ ਦੇਸ਼ ਤੋਂ ਬਾਹਰ 15 ਲੱਖ ਕਰੋੜ ਰੁਪਏ ਤੋਂ 34 ਲੱਖ ਕਰੋੜ ਰੁਪਏ ਤੱਕ ਦੀ ਅਣਐਲਾਨੀ ਜਾਇਦਾਦ ਜਮ੍ਹਾਂ ਕੀਤੀ। ਤਿੰਨ ਵੱਕਾਰੀ ਸੰਸਥਾਨਾਂ ਐਨ.ਆਈ.ਪੀ.ਐਫ.ਪੀ.ਏ., ਐਨ.ਸੀ.ਏ.ਆਈ.ਆਰ. ਅਤੇ ਐਨ.ਆਈ.ਐਫ.ਐਮ. ਵਲੋਂ ਵੱਖ-ਵੱਖ ਕੀਤੇ ਗਏ ਅਧਿਐਨਾਂ ਵਿਚ ਇਹ ਅੰਕੜੇ ਸਾਹਮਣੇ ਆਏ ਹਨ।ਲੋਕ ਸਭਾ ਵਿਚ ਇਨ੍ਹਾਂ ਅਧਿਐਨਾਂ ਦੇ ਹਵਾਲੇ ਨਾਲ ਸੋਮਵਾਰ ਨੂੰ ਇਕ ਰਿਪੋਰਟ ਪੇਸ਼ ਕੀਤੀ ਸੀ। ਇਨ੍ਹਾਂ ਅਧਿਐਨਾਂ ਵਿਚ ਉਨ੍ਹਾਂ ਖੇਤਰਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਸਭ ਤੋਂ ਅਣ-ਐਲਾਨੀ ਜਾਇਦਾਦ ਜਮ੍ਹਾਂ ਕੀਤੀ ਗਈ ਹੈ। ਇਨ੍ਹਾਂ ਖੇਤਰਾਂ ਵਿਚ ਮੁੱਖ ਰੂਪ ਵਿਚ ਰੀਅਲ ਅਸਟੇਟ, ਮਾਈਨਿੰਗ, ਫਾਰਮਾਸਿਊਟੀਕਲ, ਪਾਨ ਮਸਾਲਾ, ਗੁਟਖਾ, ਤੰਬਾਕੂ, ਬੁਲਿਅਨ, ਕਮੋਡਿਟੀ, ਫਿਲਮ ਅਤੇ ਐਜੂਕੇਸ਼ਨ ਸ਼ਾਮਲ ਹਨ। ਕਮੇਟੀ ਦੀ ਰਿਪੋਰਟ ਮੁਤਾਬਕ ਹਾਲਾਂਕਿ ਬਲੈਕ ਮਨੀ ਪੈਦਾ ਹੋਣ ਜਾਂ ਜਮ੍ਹਾਂ ਹੋਣ ‘ਤੇ ਨਾ ਤਾਂ ਕੋਈ ਪੱਕਾ ਅੰਦਾਜ਼ਾ ਹੈ ਤੇ ਨਾ ਹੀ ਇਸ ਤਰ੍ਹਾਂ ਦੇ ਅੰਦਾਜ਼ੇ ਲਈ ਕੋਈ ਮਨਜੂਰਸ਼ੁਦਾ ਤਰੀਕਾ ਹੈ। ਰਿਪੋਰਟ ਮੁਤਾਬਕ ਹੁਣ ਤੱਕ ਸਾਹਮਣੇ ਆਏ ਅੰਦਾਜ਼ਿਆਂ ਵਿਚ ਇਸ ਉਦੇਸ਼ ਲਈ ਵਰਤੀ ਗਈ ਸਰਵੋਤਮ ਮੈਥਡਾਲੋਜੀ ਜਾਂ ਦ੍ਰਿਸ਼ਟੀਕੋਣ ਨੂੰ ਲੈ ਕੇ ਇਕਰੂਪਤਾ ਜਾਂ ਸਹਿਮਤੀ ਨਹੀਂ ਹੈ।
ਵੱਖ-ਵੱਖ ਅਧਿਐਨ ਕੀ ਕਹਿੰਦੇ ਹਨ
ਰਿਪੋਰਟ ਮੁਤਾਬਕ ਨੈਸ਼ਨਲ ਕੌਂਸਲ ਆਫ ਅਪਲਾਇਡ ਇਕੋਨਮਿਕ ਰਿਸਰਚ ਦੇ ਅਧਿਐਨ ਵਿਚ ਕਿਹਾ ਗਿਆ ਕਿ 1980-2010 ਦੌਰਾਨ ਭਾਰਤ ਤੋਂ ਬਾਹਰ 384 ਅਰਬ ਡਾਲਰ ਤੋਂ 490 ਅਰਬ ਡਾਲਰ ਦੇ ਦਰਮਿਆਨ ਅਣਐਲਾਨੀ ਜਾਇਦਾਦ ਜਮ੍ਹਾ ਹੋਣ ਦਾ ਅੰਦਾਜ਼ਾ ਹੈ। ਨੈਸ਼ਨਲ ਇੰਸਟੀਚਿਊਟ ਆਫ ਫਾਈਨਾਂਸ਼ੀਅਲ ਮੈਨੇਜਮੈਂਟ ਨੇ ਕਿਹਾ ਕਿ ਰਿਫਾਰਮ ਪੀਰੀਅਡ (1990-2008) ਦੌਰਾਨ ਭਾਰਤ ਤੋਂ ਲਗਭਗ 216.48 ਅਰਬ ਡਾਲਰ ਦੀ ਨਜਾਇਜ਼ ਜਾਇਦਾਦ ਵਿਦੇਸ਼ ਵਿਚ ਜਮ੍ਹਾਂ ਹੋਣ ਦਾ ਅੰਦਾਜ਼ਾ ਹੈ। ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਪਾਲਿਸੀ ਐਂਡ ਫਾਈਨਾਂਸ ਨੇ ਕਿਹਾ ਕਿ 1997 ਤੋਂ 2009 ਦੌਰਾਨ ਨਜਾਇਜ਼ ਫੰਡ ਦਾ ਆਊਟ ਫਲੋਅ ਜੀਡੀਪੀ ਦੇ ਮੁਕਾਬਲੇ 0.2 ਫੀਸਦੀ ਤੋਂ 7.4 ਫੀਸਦੀ ਦਰਮਿਆਨ ਰਹਿਣ ਦੀ ਅੰਦਾਜ਼ਾ ਹੈ।
ਲੋਕ ਸਭਾ ਭੰਗ ਹੋਣ ਤੋਂ ਠੀਕ ਪਹਿਲਾਂ ਜਮ੍ਹਾਂ ਹੋਈ ਸੀ ਰਿਪੋਰਟ
ਸੰਸਦੀ ਪੈਨਲ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਣਐਲਾਨੀ ਆਮਦਨ ਅਤੇ ਜਾਇਦਾਦ ਪੱਕਾ ਅੰਦਾਜ਼ਾ ਲਾਉਣਾ ਖਾਸਾ ਮੁਸ਼ਕਲ ਕੰਮ ਹੈ। ਮੁੱਖ ਆਰਥਿਕ ਸਲਾਹਕਾਰ ਦੀ ਰਾਏ ਵਿਚ ਇਕ ਕਾਮਨ ਅੰਦਾਜ਼ਾ ਲਾਉਣਾ ਬਿਲਕੁਲ ਵੀ ਸੰਭਵ ਨਹੀਂ ਹੈ। ਐਮ. ਵੀਰੱਪਾ ਮੋਇਲੀ ਦੀ ਪ੍ਰਧਾਨਗੀ ਵਾਲੇ ਇਸ ਪੈਨਲ ਨੇ 16ਵੀਂ ਲੋਕ ਸਭਾ ਭੰਗ ਹੋਣ ਤੋਂ ਠੀਕ ਪਹਿਲਾਂ 28 ਮਾਰਚ ਨੂੰ ਆਪਣੀ ਰਿਪੋਰਟ ਲੋਕ ਸਭਾ ਵਿਚ ਜਮ੍ਹਾਂ ਕੀਤੀ ਸੀ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …