17.8 C
Toronto
Monday, September 14, 2026
spot_img
HomeਕੈਨੇਡਾFrontਚੋਣਾਂ ਸਿਰ ’ਤੇ, ਪਾਰਟੀਆਂ ਲਾ ਰਹੀਆਂ ਨੇ ਚੋਟੀ ਤੱਕ ਜ਼ੋਰ

ਚੋਣਾਂ ਸਿਰ ’ਤੇ, ਪਾਰਟੀਆਂ ਲਾ ਰਹੀਆਂ ਨੇ ਚੋਟੀ ਤੱਕ ਜ਼ੋਰ

ਚੋਣਾਂ ਸਿਰ ’ਤੇ, ਪਾਰਟੀਆਂ ਲਾ ਰਹੀਆਂ ਨੇ ਚੋਟੀ ਤੱਕ ਜ਼ੋਰ
ਭਾਜਪਾ ਨੇ ਜਿੱਤ ਲਈ ਤਿਆਰ ਕੀਤੀ ਇੱਕ ਵੱਡੀ ਨੀਤੀ  
ਤਿੰਨ ‘ਸੀ’ ਅਤੇ ਨੌਜਵਾਨ ਵਰਗ ’ਤੇ ਹੋਵੇਗਾ ਧਿਆਨ ਕੇਂਦਿ੍ਰਤ

ਅਮਰਜੀਤ ਸਿੰਘ
ਚੰਡੀਗੜ੍ਹ, 14 ਸਿਤੰਬਰ, 2026
2027 ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਜਿੱਥੇ ਆਮ ਆਦਮੀ ਪਾਰਟੀ ਸੱਤਾ ਦੇ ਨਸ਼ੇ ਵਿੱਚ ਨਿੱਤ ਨਵੀਆਂ ਗ਼ਲਤੀਆਂ ਕਰ ਰਹੀ ਹੈ ਉੱਥੇ ਹੀ ਪੰਜਾਬ ਕਾਂਗਰਸ ਆਪਸ ਵਿੱਚ ਉਲਝ ਕੇ ਵੋਟਰਾਂ ਵਿੱਚ ਆਪਣਾ ਵੱਕਾਰ ਗੁਆ ਰਹੀ ਹੈ। ਭਾਰਤੀ ਜਨਤਾ ਪਾਰਟੀ ਇਹ ਮੰਨ ਕੇ ਚੱਲ ਰਹੀ ਹੈ ਕਿ ਕਾਂਗਰਸ ਅਤੇ ਆਪ ਦੀ ਖ਼ਰਾਬ ਹਾਲਤ ਦਾ ਲਾਭ ਜੇ ਹੁਣ ਨਾ ਲਿਆ ਤਾਂ ਕਦੇ ਵੀ ਨਹੀਂ ਲਿਆ ਜਾ ਸਕੇਗਾ। ਇਸ ਲਈ ਪਾਰਟੀ ਨੇ ਕੌਮੀ ਪੱਧਰ ਤੇ ਇੱਕ ਵੱਡੀ ਯੋਜਨਾ ਉਲੀਕੀ ਹੈ।
ਭਾਰਤੀ ਜਨਤਾ ਪਾਰਟੀ ਪੰਜਾਬ ਚੋਣਾਂ ਲਈ ਤਿੰਨ ‘ਸੀ’, ਕਰਾਈਮ (ਅਪਰਾਧ), ਕਰੱਪਸ਼ਨ (ਭਿ੍ਰਸ਼ਟਾਚਾਰ) ਅਤੇ ਚਿੱਟਾ (ਨਸ਼ਾ) ਵਰਗੇ ਮੁੱਦਿਆਂ ਤੇ ਜ਼ਿਆਦਾ ਜ਼ੋਰ ਦੇਵੇਗੀ। ਦਰਅਸਲ ਇਹ ਤਿੰਨੇ ‘ਸੀ’ ਪੰਜਾਬ ਦੇ ਹਰ ਬੰਦੇ ਦੀ ਜ਼ੁਬਾਨ ’ਤੇ ਹਨ ਤੇ ਹਰ ਕੋਈ ਇਹਨਾਂ ਤੋਂ ਨਿਜ਼ਾਤ ਪਾਉਣ ਦੀ ਮੰਗ ਕਰ ਰਿਹਾ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਪਾਰਟੀ ਆਪਣੀ ਮੁਹਿੰਮ ਵਿੱਚ ਨੌਜਵਾਨਾਂ ਨੂੰ ਮੁੱਖ ਕੇਂਦਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸੱਤਾਧਾਰੀ ‘ਆਪ’ ਤੇ ਕਾਂਗਰਸ ਦਾ ਮੁਕਾਬਲਾ ਕਰਨ ਲਈ ਦਿੱਲੀ ਅਤੇ ਬੰਗਾਲ ਦੀਆਂ ਚੋਣ ਮੁਹਿੰਮਾਂ ਤੋਂ ਸੇਧ ਲੈਣ ਦੀ ਯੋਜਨਾ ਬਣਾ ਰਹੀ ਹੈ, ਪਰ ਕਾਮਯਾਬੀ ਕਿੰਨੀ ਕੁ ਮਿਲਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ।
ਜਿਵੇਂਕਿ ਸ਼ਿਰੋਮਣੀ ਅਕਾਲੀ ਦਲ ਅੱਜ ਤੱਕ 1984 ਦੇ ਸਿੱਖ-ਵਿਰੋਧੀ ਦੰਗਿਆਂ ਦੇ ਮੁੱਦੇ ’ਤੇ ਹਰ ਵਾਰ ਚੋਣਾਂ ਦੇ ਦੌਰਾਨ  ਕਾਂਗਰਸ ਵਿਰੁੱਧ ਪ੍ਰਚਾਰ ਕਰਕੇ ਲੋਕਾਂ ਦੀ ਹਿਮਾਇਤ ਲੈਣ ਦੀ ਕੋਸ਼ਿਸ਼ ਕਰਦੇ ਆਈ ਹੈ ਉਸੇ ਤਰ੍ਹਾਂ ਹੁਣ ਭਾਜਪਾ ਵੀ ਕਾਂਗਰਸ ਖ਼ਿਲਾਫ਼ ਅਜਿਹਾ ਪ੍ਰਚਾਰ ਕਰਨ ਦੀ ਫ਼ਿਰਾਕ ਵਿੱਚ ਹੈ। ਇਹ ਗੱਲ ਆਉਣ ਵਾਲੇ ਦਿਨਾਂ ਵਿੱਚ ਵੇਖਣ ਨੂੰ ਮਿਲੇਗੀ। ਫਰਵਰੀ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਸੰਭਾਵਨਾ ਦੇ ਮੱਦੇਨਜ਼ਰ, ਭਾਜਪਾ ਇੱਕ ਬਹੁਤ ਵੱਡੀ  ਮੁਹਿੰਮ ਵਿੱਢਣ ਜਾ ਰਹੀ ਹੈ ਜੋ ਅੰਦਰੂਨੀ ਸੁਰੱਖਿਆ ਅਤੇ ਅੱਤਵਾਦ ਤੋਂ ਲੈ ਕੇ ਅਪਰਾਧ, ਭਿ੍ਰਸ਼ਟਾਚਾਰ, ਨਸ਼ਾਖੋਰੀ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ’ਤੇ ਕੇਂਦਰਿਤ ਹੋਵੇਗੀ।
ਪਾਰਟੀ ਨੂੰ ਯਕੀਨ ਹੈ ਕਿ ਇਸ ਮੁਹਿੰਮ ਵਿੱਚ ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਭਾਜਪਾ ਦੇ ਹਾਲੀਆ ਚੋਣ ਤਜ਼ਰਬਿਆਂ ਦੀ ਝਲਕ ਦੇਖਣ ਨੂੰ ਮਿਲ ਸਕਦੀ ਹੈ। ਪਾਰਟੀ ਨੇ ਇਹਨਾਂ ਚੋਣਾਂ ਵਿੱਚ ਸੱਤਾ-ਵਿਰੋਧੀ ਲਹਿਰ ਨੂੰ ਮੱਠਾ ਕਰਨ ਲਈ ਮੱਧ-ਵਰਗ ਦੀਆਂ ਚਿੰਤਾਵਾਂ ਅਤੇ ਭਲਾਈ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਇਹ ਗੱਲ ਵੱਖਰੀ ਕਿ ਜਾਤੀ ਦੇ ਮੁੱਦੇ ਨੂੰ ਅੱਖੋਂ ਪਰੋਖਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੂਬੇ ਦੀ 30 ਫ਼ੀਸਦੀ ਤੋਂ ਵੱਧ ਆਬਾਦੀ ਐਸਸੀ ਹੈ। ਸ਼ਾਇਦ ਇਸੇ ਕਾਰਨ ਭਾਜਪਾ ਦੇ ਕੌਮੀ ਆਗੂ ਸੰਤ ਰਵਿਦਾਸ ਨਾਲ ਜੁੜੇ ਡੇਰਿਆਂ ’ਤੇ ਸਿਜਦੇ ਕਰਨ ਲੱਗ ਪਏ ਹਨ। ਹੁਣ ਭਾਜਪਾ ਦਲਿਤ ਸੰਤ ਦੀ ਵਿਰਾਸਤ ਨੂੰ ਪਾਰਟੀ ਦੀ ਰਾਸ਼ਟਰੀ ਮੁਹਿੰਮ ਵਿੱਚ ਜੋੜਨ ਜਾ ਰਹੀ ਹੈ ਤੇ ਇਹਨਾਂ ਦੇ ਆਲੇ-ਦੁਆਲੇ ਇੱਕ ‘ਸਕਾਰਾਤਮਕ ਪਹੁੰਚ’ ਦੀ ਯੋਜਨਾ ਬਣਾ ਰਹੀ ਹੈ।
ਭਾਜਪਾ ਆਗੂ ਇੱਕ ਪਾਸੇ ਕਹਿੰਦੇ ਹਨ ਕਿ, ‘ਆਪ’ ਸਰਕਾਰ ਖ਼ਾਲਿਸਤਾਨੀ ਤੱਤਾਂ ਨੂੰ ਖੁੱਲ੍ਹੇਆਮ ਸਮਰਥਨ ਦੇ ਰਹੀ ਹੈ ਤੇ ਸਾਬਕਾ ਗੈਂਗਸਟਰਸ ਨੂੰ ਪਾਰਟੀ ਵਿੱਚ ਸ਼ਾਮਲ ਕਰਵਾ ਰਹੀ ਹੈ ਤੇ ਦੂਜੇ ਪਾਸੇ ਜਦੋਂ ਭਾਜਪਾ ਸ਼ਿਰੋਮਣੀ ਅਕਾਲੀ ਦੀ ਭਾਈਵਾਲ ਸੀ ਤਾਂ ਇਹੋ ਲੋਕ ਇਹਨਾਂ ਦੇ ਵੀ ਕਰੀਬੀ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਭਾਜਪਾ ਇਸ ਸਮੇਂ ਆਪਣੀਆਂ ਚੋਣ ਸੰਭਾਵਨਾਵਾਂ ਦਾ ਮੁਲਾਂਕਣ ਕਰ ਰਹੀ ਹੈ ਅਤੇ ਉਨ੍ਹਾਂ ਮੁੱਦਿਆਂ ਦੀ ਪਛਾਣ ਕਰ ਰਹੀ ਹੈ ਜੋ ਉਸ ਦੀ ਚੋਣ ਮੁਹਿੰਮ ਦਾ ਮੁੱਖ ਆਧਾਰ ਬਣ ਸਕਦੇ ਹਨ। ਸੰਭਾਵਨਾ ਇਹ ਵੀ ਹੈ ਕਿ ਪਾਰਟੀ ਦੀਵਾਲੀ ਦੇ ਆਸ-ਪਾਸ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰੇਗੀ।
ਅੱਜ ਤੱਕ ਤਾਂ ਭਾਜਪਾ ਦੀ ਪੰਜਾਬ ਵਿੱਚ ਕੋਈ ਖ਼ਾਸ ਪ੍ਰਾਪਤੀ ਨਹੀਂ ਰਹੀ, ਅਕਾਲੀਆਂ ਨਾਲ ਮਿਲਕੇ ਤੇ ਆਪਣੇ ਆਪ ਨੂੰ ਸ਼ਿਰੋਮਣੀ ਅਕਾਲੀਂ ਦਲ ਦਾ ਛੋਟਾ ਭਰਾ ਮੰਨ ਕੇ ਸੀਟਾਂ ਦਾ ਥੋੜਾ ਜਿਹਾ ਹਿੱਸਾ ਹਾਸਿਲ ਕਰਦੀ ਆਈ ਹੈ। ਹੁਣ ਇਹ ਆਪਣੇ ਪੈਰਾਂ ਤੇ (ਜੇ ਹੋ ਸਕਿਆ ਤਾਂ) ਚੋਣ ਲੜੇਗੀ ਇਸ ਲਈ ਇਸਨੂੰ ਕਦਮ ਕਦਮ ਤੇ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ‘ਆਪ’ ਨੇ ਸੂਬੇ ਦੀਆਂ 117 ਵਿੱਚੋਂ 92 ਸੀਟਾਂ ਜਿੱਤੀਆਂ, ਕਾਂਗਰਸ ਨੇ 18 ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਸੀਟਾਂ ਜਿੱਤੀਆਂ, ਭਾਜਪਾ ਇਹਨਾਂ ਚੋਣਾਂ ਵਿੱਚ ਫਾਡੀ ਰਹੀ ਤੇ ਇਹਨਾਂ ਨੂੰ ਸਿਰਫ਼ ਦੋ ਹੀ ਸੀਟਾਂ ਮਿਲੀਆਂ ਸਨ।

RELATED ARTICLES
POPULAR POSTS