
ਦਿੱਲੀ ’ਚ ਫਾਈਨਲ ਵੋਟਰ ਸੂਚੀ ਹੁਣ 22 ਦਸੰਬਰ ਨੂੰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਚੋਣ ਕਮਿਸ਼ਨ ਨੇ 6 ਸੂਬਿਆਂ ਵਿਚ ਵੋਟਰ ਸੂਚੀ ਦੇ ਸਪੈਸ਼ਲ ਇਨਟੈਨਸ਼ਿਵ ਰਿਵੀਜ਼ਨ (ਐਸਆਈਆਰ) ਦਾ ਸ਼ਡਿਊਲ ਬਦਲ ਦਿੱਤਾ ਹੈ। ਚੋਣ ਕਮਿਸ਼ਨ ਨੇ ਦਿੱਲੀ ਅਤੇ ਮਹਾਰਾਸ਼ਟਰ ਦੇ ਵੋਟਰਾਂ ਨੂੰ ਆਪਣੇ ਨਾਮ ਦਰਜ ਕਰਵਾਉਣ, ਨਾਮ ਹਟਾਉਣ ਦੀ ਬੇਨਤੀ ਕਰਨ ਜਾਂ ਕਿਸੇ ਵੀ ਤਰ੍ਹਾਂ ਦੀਆਂ ਖਾਮੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ ਵਾਧੂ ਸਮਾਂ ਦਿੱਤਾ ਹੈ। ਇਸੇ ਦੌਰਾਨ ਆਂਧਰਾ ਪ੍ਰਦੇਸ਼, ਹਰਿਆਣਾ, ਤੇਲੰਗਾਨਾ ਅਤੇ ਨਾਗਾਲੈਂਡ ਵਿਚ ਨੋਟਿਸ ਦੇ ਨਿਪਟਾਰੇ ਦੀ ਸਮਾਂ ਸੀਮਾ ਵਧਾਈ ਗਈ ਹੈ। ਨਵੇਂ ਸ਼ਡਿਊਲ ਦੇ ਮੁਤਾਬਕ ਮਹਾਰਾਸ਼ਟਰ ਸਣੇ 5 ਸੂਬਿਆਂ ਵਿਚ ਫਾਈਨਲ ਵੋਟਰ ਸੂਚੀ 30 ਨਵੰਬਰ ਨੂੰ ਅਤੇ ਦਿੱਲੀ ਵਿਚ 22 ਦਸੰਬਰ ਨੂੰ ਜਾਰੀ ਹੋਵੇਗੀ। ਇਹ ਤਬਦੀਲੀ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਆਈ ਹੈ, ਜਿਸ ਵਿਚ ਅਦਾਲਤ ਨੇ ਕਿਹਾ ਸੀ ਕਿ ਜਿਹੜੇ ਵੋਟਰ ਸੂਚੀ ਵਿਚੋਂ ਰਹਿ ਗਏ ਹਨ, ਉਨ੍ਹਾਂ ਨੂੰ ਆਪਣੇ ਦਾਅਵੇ ਅਤੇ ਇਤਰਾਜ਼ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਇਸ ਪ੍ਰਕਿਰਿਆ ਵਿਚ ਜਲਦਬਾਜ਼ੀ ਨਾ ਕਰਨ ਦੀ ਵੀ ਚਿਤਾਵਨੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਅਦਾਲਤ ਨੇ ਚੋਣ ਕਮਿਸ਼ਨ ਕੋਲੋਂ ਪੁੱਛਿਆ ਸੀ ਕਿ ਇੰਨੀ ਜਲਦਬਾਜ਼ੀ ਕਿਉਂ ਕੀਤੀ ਜਾ ਰਹੀ ਹੈ, ਜਦੋਂ ਕਿ ਇਨ੍ਹਾਂ ਸੂਬਿਆਂ ਵਿਚ ਫਿਲਹਾਲ ਕੋਈ ਚੋਣ ਨਹੀਂ ਹੋਣੀ ਹੈ।

