
ਦੁਨੀਆ ਦੇ ਸਭ ਤੋਂ ਵੱਡੇ ਐਕਸਚੇਂਜ ‘ਬਾਇਨੈਂਸ’ ਤੋਂ ਕਰੀਬ 50 ਹਜ਼ਾਰ ਕਰੋੜ ਦੀ ਚੋਰੀ ਹੋਣ ਦਾ ਅਨੁਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦਾ ਸਭ ਤੋਂ ਵੱਡਾ ਕਿ੍ਰਪਟੋ ਕਰੰਸੀ ਐਕਸਚੇਂਜ ਬਾਇਨੈਂਸ ਹੈਕ ਹੋ ਗਿਆ ਹੈ। ਇਸ ਨੂੰ ਇਤਿਹਾਸ ਦੀ ਸਭ ਤੋਂ ਵੱਡੀ ਕ੍ਰਿਪਟੋ ਹੈਕਿੰਗ ਮੰਨਿਆ ਜਾ ਰਿਹਾ ਹੈ। ਕੰਪਨੀ ਨੇ ਡਿਪਾਜ਼ਿਟ ਅਤੇ ਵਿੱਦ ਡਰਾਲ ’ਤੇ ਰੋਕ ਲਗਾ ਦਿੱਤੀ ਹੈ। ਕ੍ਰਿਪਟੋ ਮਾਹਿਰਾਂ ਅਤੇ ਵਿਸ਼ਲੇਸ਼ਣ ਫਰਮਾਂ ਦਾ ਅਨੁਮਾਨ ਹੈ ਕਿ ਇਸ ਹੈਕ ਵਿਚ 5 ਅਰਬ ਡਾਲਰ, ਕਰੀਬ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਮੁੱਲ ਦੀ ਕ੍ਰਿਪਟੋ ਕਰੰਸੀ ਚੋਰੀ ਹੋਈ ਹੈ। ਇਸ ਘਟਨਾ ਤੋਂ ਬਾਅਦ ਬਿਟਕੋਇਨ ਅਤੇ ਹੋਰ ਕ੍ਰਿਪਟੋ ਕਰੰਸੀਆਂ ਦੀ ਕੀਮਤ ਵਿਚ 5 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿਵੇਂ ਹੀ ਇਸ ਚੋਰੀ ਦਾ ਪਤਾ ਲੱਗਾ ਤਾਂ ਬਾਇਨੈਂਸ ਨੇ ਗ੍ਰਾਹਕਾਂ ਦੇ ਪੈਸੇ ਜਮ੍ਹਾਂ ਕਰਨ ਅਤੇ ਕਢਾਉਣ ’ਤੇ ਤੁਰੰਤ ਰੋਕ ਲਗਾ ਦਿੱਤੀ ਤਾਂ ਕਿ ਚੋਰ ਹੋਰ ਪੈਸੇ ਨਾ ਕਢਾ ਸਕਣ। ਦੱਸਣਯੋਗ ਹੈ ਕਿ ਕ੍ਰਿਪਟੋ ਕਰੰਸੀ ਇਕ ਤਰ੍ਹਾਂ ਦਾ ਡਿਜ਼ੀਟਲ ਪੈਸਾ ਹੈ, ਜਿਸ ਨੂੰ ਔਨਲਾਈਨ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ। ਇਸ ਨੂੰ ਕੋਈ ਸਰਕਾਰ ਜਾਂ ਬੈਂਕ ਜਾਰੀ ਨਹੀਂ ਕਰਦਾ, ਬਲਕਿ ਇਹ ਬਲੌਕ ਚੇਨ ਤਕਨੀਕ ਨਾਲ ਚੱਲਦਾ ਹੈ।

