ਸੋਨੂੰ ਸੂਦ ਨੇ ਕਿਹਾ : ਮਸ਼ਹੂਰ ਹਸਤੀਆਂ ਜਲਦੀ ਬਣਦੀਆਂ ਹਨ ਨਿਸ਼ਾਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਫਿਲਮ ਅਦਾਕਾਰ ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਘੁੰਮ ਰਹੀਆਂ ਖਬਰਾਂ ਬਹੁਤ ਹੀ ਸਨਸਨੀਖੇਜ਼ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਾਣਯੋਗ ਅਦਾਲਤ ਦੁਆਰਾ ਇਕ ਤੀਜੀ ਧਿਰ ਨਾਲ ਸੰਬੰਧਿਤ ਮਾਮਲੇ ਵਿਚ ਗਵਾਹ ਵਜੋਂ ਤਲਬ ਕੀਤਾ ਗਿਆ ਸੀ, ਜਿਸ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਸਾਡੇ ਵਕੀਲਾਂ ਨੇ ਜਵਾਬ ਦਿੱਤਾ ਹੈ ਅਤੇ ਆਉਂਦੀ 10 ਫਰਵਰੀ ਨੂੰ ਅਸੀਂ ਇਕ ਬਿਆਨ ਦੇਵਾਂਗੇ, ਜੋ ਇਸ ਮਾਮਲੇ ਵਿਚ ਸਾਡੀ ਗੈਰ-ਸ਼ਾਮਲਤਾ ਨੂੰ ਸਪੱਸ਼ਟ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਦੁਖਦਾਈ ਹੈ ਕਿ ਮਸ਼ਹੂਰ ਹਸਤੀਆਂ ਅਸਾਨੀ ਨਾਲ ਨਿਸ਼ਾਨਾ ਬਣ ਜਾਂਦੀਆਂ ਹਨ ਅਤੇ ਅਸੀਂ ਇਸ ਮਾਮਲੇ ਵਿਚ ਕਾਨੂੰਨੀ ਰਸਤਾ ਅਖਤਿਆਰ ਕਰਾਂਗੇ। ਧਿਆਨ ਰਹੇ ਕਿ ਲੁਧਿਆਣਾ ਅਦਾਲਤ ’ਚ ਮਾਨਯੋਗ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ ਸੋਨੂੰ ਸੂਦ ਦੇ ਇੱਕ ਅਪਰਾਧਿਕ ਮਾਮਲੇ ਵਿੱਚ ਗਵਾਹ ਵਜੋਂ ਕਈ ਵਾਰ ਸੰਮਨ ਕੀਤੇ ਜਾਣ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਅਗਲੀ ਸੁਣਵਾਈ ਹੁਣ 10 ਫਰਵਰੀ ਨੂੰ ਹੋਣੀ ਹੈ। ਜ਼ਿਕਰਯੋਗ ਹੈ ਕਿ ਸੋਨੂੰ ਸੂਦ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਹਨ।