ਹਮਲੇ ਦੌਰਾਨ ਇਕ ਆਮ ਨਾਗਰਿਕ ਦੀ ਵੀ ਗਈ ਜਾਨ
ਦੰਤੇਵਾੜਾ/ਬਿਊਰੋ ਨਿਊਜ਼ : ਛੱਤੀਸਗੜ੍ਹ ਦੇ ਦੰਤੇਵਾੜਾ ’ਚ ਅੱਜ ਬੁੱਧਵਾਰ ਨੂੰ ਹੋਏ ਨਕਸਲੀ ਹਮਲੇ ’ਚ 10 ਜਵਾਨ ਸ਼ਹੀਦ ਹੋ ਗਏ। ਇਹ ਜਵਾਨ ਰਿਜਰਵ ਗਾਰਡ ਯੂਨਿਟ ਦੇ ਸਨ ਜਦਕਿ ਸ਼ਹੀਦ ਹੋਏ ਜਵਾਨਾਂ ਦੇ ਵਾਹਨ ਨੂੰ ਚਲਾਉਣ ਵਾਲੇ ਡਰਾਈਵਰ ਦੀ ਹਮਲੇ ਦੌਰਾਨ ਮੌਤ ਹੋ ਗਈ। ਸ਼ਹੀਦ ਹੋਏ ਜਵਾਨ ਬਾਰਿਸ਼ ’ਚ ਫਸੇ ਸੁਰੱਖਿਆ ਬਲਾਂ ਦਾ ਰੈਸਕਿਊ ਕਰਨ ਲਈ ਜਾ ਰਹੇ ਸਨ। ਇਸੇ ਦੌਰਾਨ ਨਕਸਲੀਆਂ ਨੇ ਆਈਈਡੀ ਬਲਾਸਟ ਨਾਲ ਜਵਾਨਾਂ ਦੀ ਗੱਡੀ ਨੂੰ ਉਡਾਅ ਦਿੱਤਾ। ਇਹ ਹਮਲਾ ਦੰਤੇਵਾੜਾ ਜ਼ਿਲ੍ਹੇ ਦੇ ਅਰਨਪੁਰ ਥਾਣਾ ਖੇਤਰ ’ਚ ਅਰਨਪੁਰ-ਸਮੇਲੀ ਦਰਮਿਆਨ ਵਾਪਰਿਆ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਅਤੇ ਨਕਸਲੀਆਂ ਦੌਰਾਨ ਮੁਕਾਬਲਾ ਵੀ ਹੋਇਆ। ਆਈਜੀ ਸੁੰਦਰਰਾਜ ਪੀ ਨੇ ਕਿਹਾ ਕਿ ਮੌਕੇ ’ਤੇ ਸੀਨੀਅਰ ਅਫ਼ਸਰ ਭੇਜੇ ਗਏ ਹਨ ਅਤੇ ਇਲਾਕੇ ’ਚ ਸਰਚ ਅਪ੍ਰੇਸ਼ਨ ਚਲਾਇਆ ਗਿਆ। ਉਧਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਇਸ ਨੂੰ ਮੰਦਭਾਗੀ ਘਟਨਾ ਦੱਸਿਆ। ਉਨ੍ਹਾਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਲੜਾਈ ਆਖਰੀ ਦੌਰ ਵਿਚ ਹੈ ਅਤੇ ਨਕਸਲੀਆਂ ਨੂੰ ਕਿਸੇ ਵੀ ਕੀਮਤ ’ਤੇ ਛੱਡਿਆ ਨਹੀਂ ਜਾਵੇਗਾ।