Breaking News
Home / ਭਾਰਤ / ਫਰਾਂਸ ਅਤੇ ਅਰਜਨਟੀਨਾ ਫੀਫਾ ਵਰਲਡ ਕੱਪ ਦੇ ਫਾਈਨਲ ’ਚ

ਫਰਾਂਸ ਅਤੇ ਅਰਜਨਟੀਨਾ ਫੀਫਾ ਵਰਲਡ ਕੱਪ ਦੇ ਫਾਈਨਲ ’ਚ

18 ਦਸੰਬਰ ਨੂੰ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੋਵੇਗਾ ਫਾਈਨਲ ਖੇਡ ਮੁਕਾਬਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਫੀਫਾ ਵਰਲਡ ਕੱਪ ਦੇ ਫਾਈਨਲ ਵਿਚ ਫਰਾਂਸ ਅਤੇ ਅਰਜਨਟੀਨਾ ਦੀਆਂ ਟੀਮਾਂ ਪਹੁੰਚ ਗਈਆਂ ਹਨ। ਫੁੱਟਬਾਲ ਦੇ ਇਸ ਵਰਲਡ ਕੱਪ ਦੇ ਮੈਚ ਕਤਰ ਵਿਚ ਖੇਡੇ ਜਾ ਰਹੇ ਹਨ ਅਤੇ ਫਾਈਨਲ ਖੇਡ ਮੁਕਾਬਲਾ ਹੁਣ 18 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਕਤਰ ’ਚ ਚਲ ਰਹੇ ਫੀਫਾ ਵਿਸ਼ਵ ਕੱਪ ਦੇ ਦੂਸਰੇ ਸੈਮੀਫਾਈਨਲ ਮੁਕਾਬਲੇ ’ਚ ਮੌਜੂਦਾ ਚੈਂਪੀਅਨ ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਫਰਾਂਸ ਨੇ ਲਗਾਤਾਰ ਦੂਸਰੀ ਅਤੇ ਕੁੱਲ ਚੌਥੀ ਵਾਰ ਫਾਈਨਲ ’ਚ ਆਪਣੀ ਥਾਂ ਬਣਾਈ ਹੈ। ਹੁਣ ਫਰਾਂਸ ਦਾ ਫਾਈਨਲ ਖੇਡ ਮੁਕਾਬਲਾ ਅਰਜਨਟੀਨਾ ਦੀ ਟੀਮ ਨਾਲ 18 ਦਸੰਬਰ ਨੂੰ ਹੋਵੇਗਾ। ਉੱਧਰ ਮੋਰੱਕੋ ਦੀ ਹਾਰ ਨਾਲ ਅਫ਼ਰੀਕੀ ਅਤੇ ਅਰਬ ਦੇਸ਼ਾਂ ਦਾ ਸੁਪਨਾ ਟੁੱਟ ਗਿਆ। ਇਸੇ ਤਰ੍ਹਾਂ ਹੁਣ ਮੋਰੱਕੋ ਅਤੇ ਕ੍ਰੋਏਸ਼ੀਆ ਵਿਚਾਲੇ ਤੀਜੇ ਸਥਾਨ ਲਈ ਖੇਡ ਮੁਕਾਬਲਾ 17 ਦਸੰਬਰ ਨੂੰ ਖੇਡਿਆ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਮੋਰੱਕੋ ਦੀ ਹਾਰ ਤੋਂ ਬਾਅਦ ਫੁੱਟਬਾਲ ਖੇਡ ਦੇ ਪ੍ਰਸੰਸਕਾਂ ਨੇ ਬ੍ਰਸੇਲਜ਼ ਅਤੇ ਪੈਰਿਸ ਦੀਆਂ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਫਰਾਂਸ ਵਿਚ ਕਈ ਸਥਾਨਾਂ ’ਤੇ ਮੋਰੱਕੋ ਅਤੇ ਫਰਾਂਸ ਦੇ ਫੁੱਟਬਾਲ ਖੇਡ ਸਮਰਥਕਾਂ ਵਿਚਾਲੇ ਝੜਪ ਵੀ ਹੋਈ ਅਤੇ ਕਈ ਸਥਾਨਾਂ ’ਤੇ ਅਗਜ਼ਨੀ ਵਰਗੀਆਂ ਘਟਨਾਵਾਂ ਵੀ ਦੇਖਣ ਵਿਚ ਆਈਆਂ ਹਨ। ਪੁਲਿਸ ਨੂੰ ਵਾਟਰ ਕੈਨਨ ਦਾ ਇਸਤੇਮਾਲ ਵੀ ਕਰਨਾ ਪਿਆ ਹੈ। ਧਿਆਨ ਰਹੇ ਕਿ ਫਰਾਂਸ ਫੀਫਾ ਵਿਸ਼ਵ ਕੱਪ ਵਿਚ ਲਗਾਤਾਰ ਦੂਜੀ ਵਾਰ ਫਾਈਨਲ ’ਚ ਪਹੁੰਚਿਆ ਹੈ। ਫਰਾਂਸ ਦੀ ਟੀਮ ਨੇ 2018 ਵਿਚ ਵੀ ਫੁੱਟਬਲ ਦਾ ਵਰਲਡ ਕੱਪ ਜਿੱਤਿਆ ਸੀ। ਉਧਰ ਦੂਜੇ ਪਾਸੇ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਅਫਰੀਕੀ ਟੀਮ ਮੋਰੱਕੋ ਦਾ ਵਰਲਡ ਕੱਪ ਵਿਚ ਸਫਰ ਖਤਮ ਹੋ ਗਿਆ। ਇਸਦੇ ਨਾਲ ਹੀ ਅਫਰੀਕੀ ਦੇਸ਼ਾਂ ਅਤੇ ਅਰਬ ਦੇਸ਼ਾਂ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ।

 

Check Also

ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣ ਪ੍ਰਚਾਰ ਗੀਤ ’ਤੇ ਚੋਣ ਕਮਿਸ਼ਨ ਨੇ ਰੋਕ ਲਾਈ : ਆਤਿਸ਼ੀ ਦਾ ਦਾਅਵਾ

ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਅੱਜ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਨੇ ਪਾਰਟੀ …