Breaking News
Home / ਭਾਰਤ / ਪਿੰਡਾਂ ਵਿੱਚ ਸੁਹਾਗ-ਘੋੜੀਆਂ ਨਾਲੋਂ ਉੱਚੇ ਹੋਏ ਵੈਣਾਂ ਦੇ ਸੁਰ

ਪਿੰਡਾਂ ਵਿੱਚ ਸੁਹਾਗ-ਘੋੜੀਆਂ ਨਾਲੋਂ ਉੱਚੇ ਹੋਏ ਵੈਣਾਂ ਦੇ ਸੁਰ

Pindian wich Suhag copy copyਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਨਵਾਂ ਸਮਾਜਿਕ ਸੰਕਟ; ਵਿਆਹਾਂ ਦੀ ਗਿਣਤੀ ਘਟੀ, ਭੋਗ ਸਮਾਗਮ ਵਧੇ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਹੁਣ ਵਾਜੇ ਨਹੀਂ ਵੱਜਦੇ ਹਨ। ਪੇਂਡੂ ਅਰਥਚਾਰਾ ਪੂਰੀ ਤਰ੍ਹਾਂ ਨਿਸਲ ਹੋ ਗਿਆ ਹੈ, ਜਿਸ ਨੇ ਕਿਸਾਨੀ ਦੇ ਖੀਸੇ ਖਾਲੀ ਕਰ ਦਿੱਤੇ ਹਨ। ਵਰ੍ਹਿਆਂ ਮਗਰੋਂ ਪਿੰਡਾਂ ਦੀ ਕਿਸਾਨੀ ਨੂੰ ਸਮਾਜੀ ਸੰਕਟ ਨੇ ਵੀ ਹਲੂਣ ਦਿੱਤਾ ਹੈ। ਬੇਵੱਸ ਕਿਸਾਨਾਂ ਨੂੰ ਜਵਾਨ ਧੀਆਂ ਦੇ ਵਿਆਹ ਸਾਹੇ ਪਿੱਛੇ ਪਾਉਣੇ ਪੈ ਗਏ ਹਨ। ਵਿਆਹਾਂ ਤੋਂ ਵੱਧ ਹੁਣ ਪਿੰਡਾਂ ਵਿਚ ਭੋਗ ਸਮਾਗਮ ਹੁੰਦੇ ਹਨ। ਉਪਰੋਂ ਕੈਂਸਰ ਦੀ ਬਿਮਾਰੀ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਰੁਖਸਤ ਕਰ ਰਹੀ ਹੈ। ਮਾਨਸਾ ਦੇ ਪਿੰਡ ਜਟਾਣਾ ਕਲਾਂ ਦਾ ਕਿਸਾਨ ਜੱਗਾ ਸਿੰਘ ਜਵਾਨ ਧੀਆਂ ਦੇ ਵਿਆਹ ਨਹੀਂ ਕਰ ਸਕਿਆ ਹੈ। ਉਹ ਆਖਦਾ ਹੈ ਕਿ ਕਿਧਰੇ ਕੋਈ ਹੱਥ ਨਹੀਂ ਪਿਆ, ਵਿਆਹ ਕਾਹਦੇ ਨਾਲ ਕਰਦਾ। ਉਸ ਦੀ 15 ਏਕੜ ਜ਼ਮੀਨ ਵਿਚਲੀ ਫਸਲ ਖਰਾਬੇ ਨੇ ਵਿਛਾ ਦਿੱਤੀ। ਹੁਣ ਇਸ ਕਿਸਾਨ ਨੇ ਜ਼ਮੀਨ ਵਿਕਾਊ ਕੀਤੀ ਹੈ ਤਾਂ ਜੋ ਅਗਲੇ ਵਰ੍ਹੇ ਧੀਆਂ ਦਾ ਵਿਆਹ ਕੀਤਾ ਜਾ ਸਕੇ। ਇਸ ਪਿੰਡ ਦੇ ਤਿੰਨ-ਚਾਰ ਕਿਸਾਨਾਂ ਨੇ ਬੈਂਕਾਂ ਤੋਂ ਖੇਤੀ ਲਿਮਿਟਾਂ ਬਣਵਾ ਕੇ ਧੀਆਂ ਦੇ ਵਿਆਹ ਨੇਪਰੇ ਚਾੜ੍ਹੇ ਹਨ। ਜ਼ਿਲ੍ਹੇ ਦੇ ਪਿੰਡ ਸਾਹਨੇਵਾਲ ਵਿੱਚ ਇਕ ਵਰ੍ਹੇ ਦੌਰਾਨ ਸਿਰਫ ਇਕ ਵਿਆਹ ਹੋਇਆ ਹੈ ਜਦੋਂਕਿ ਮੌਤਾਂ ਪੰਜ ਹੋਈਆਂ ਹਨ। ਪਿੰਡ ਦੇ ਇਕ ਕਿਸਾਨ ਨੇ ਮੁੱਲ ਦੀ ਮਠਿਆਈ ਲਿਆ ਕੇ ਧੀ ਬੂਹੇ ਤੋਂ ਉਠਾਈ ਹੈ। ਸਾਹਨੇਵਾਲ ਦੇ ਗੁਰਮੇਲ ਸਿੰਘ ਨੇ ਦੱਸਿਆ ਕਿ ਇਕ ਕਿਸਾਨ ਨੂੰ ਬੈਂਕ ਵਿੱਚੋਂ ਖੇਤੀ ਲਿਮਿਟ ਨਾ ਬਣਨ ਕਰਕੇ ਧੀ ਦਾ ਵਿਆਹ ਪਿੱਛੇ ਪਾਉਣਾ ਪਿਆ ਹੈ। ਪਿੰਡ ਦੇ ਦੋ ਕਿਸਾਨ ਖ਼ੁਦਕੁਸ਼ੀ ਕਰ ਗਏ ਜਦੋਂਕਿ ਤਿੰਨ ਮੌਤਾਂ ਕੈਂਸਰ ਨਾਲ ਹੋਈਆਂ ਹਨ। ਪਿੰਡ ਦੇ ਦੋ ਮਜ਼ਦੂਰ ਪਰਿਵਾਰਾਂ ਨੇ ਆਪਣੇ ਬੱਚੇ ਸਕੂਲੋਂ ਹਟਾ ਕੇ ਸੀਰੀ ਰਲਾ ਦਿੱਤੇ ਹਨ। ਇਵੇਂ ਪਿੰਡ ਮੀਰਪੁਰ ਕਲਾਂ ਵਿੱਚ ਵਿਆਹ ਤਾਂ ਐਤਕੀਂ ਅੱਠ ਹੋਏ ਹਨ ਜਦੋਂਕਿ ਮੌਤਾਂ 15 ਹੋ ਗਈਆਂ ਹਨ। ਇਸ ਪਿੰਡ ਵਿੱਚ ਚਾਰ ਮੌਤਾਂ ਕੈਂਸਰ ਨਾਲ ਅਤੇ ਤਿੰਨ ਮੌਤਾਂ ਕਾਲੇ ਪੀਲੀਏ ਨਾਲ ਹੋਈਆਂ ਹਨ। ਤਿੰਨ ਕਿਸਾਨ ਖ਼ੁਦਕੁਸ਼ੀ ਕਰ ਗਏ ਹਨ। ਮੀਰਪੁਰ ਦੇ ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਸਕੂਲ ਦੇ ਅਧਿਆਪਕ ਨੇ ਦੱਸਿਆ ਹੈ ਕਿ ਦੋ ਕਿਸਾਨਾਂ ਨੂੰ ਮਜਬੂਰੀ ਵਿੱਚ ਸਕੂਲੋਂ ਬੱਚੇ ਹਟਾਉਣੇ ਪਏ ਹਨ। ਉਨ੍ਹਾਂ ਨੇ ਕਲੱਬ ਤਰਫੋਂ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਤੇ ਕਾਪੀਆਂ ਲੈ ਕੇ ਦਿੱਤੀਆਂ ਹਨ।
ਮਾਨਸਾ ਦੇ ਪਿੰਡ ਮੂਸਾ ਵਿੱਚ 15 ਵਿਆਹ ਹੋਏ ਹਨ ਜਦੋਂਕਿ 30 ਮੌਤਾਂ ਹੋਈਆਂ ਹਨ ਜਿਨ੍ਹਾਂ ਵਿੱਚ ਤਿੰਨ ਕਿਸਾਨਾਂ ਦੀ ਖ਼ੁਦਕੁਸ਼ੀ ਵੀ ਸ਼ਾਮਲ ਹੈ। ਪਿੰਡ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਦੋ ਕਿਸਾਨਾਂ ਨੇ ਖੇਤੀ ਮਸ਼ੀਨਰੀ ਵੇਚ ਕੇ ਕੁੜੀਆਂ ਦੇ ਵਿਆਹ ਕੀਤੇ ਹਨ। ਬਠਿੰਡਾ ਦੇ ਪਿੰਡ ਬਾਘਾ ਵਿੱਚ ਤਾਂ ਐਤਕੀਂ ਕੋਈ ਵਿਆਹ ਹੀ ਨਹੀਂ ਹੋਇਆ। ਪਿੰਡ ਦੇ ਦੋ ਮਜ਼ਦੂਰਾਂ ਦੀਆਂ ਲੜਕੀਆਂ ਦੇ ਵਿਆਹ ਰਾਮਾਂ ਮੰਡੀ ਦੇ ਇਕ ਕਲੱਬ ਪ੍ਰਬੰਧਕਾਂ ਨੇ ਕੀਤੇ ਹਨ। ਪਿੰਡ ਦੇ ਬਲਵੀਰ ਸਿੰਘ ਨੇ ਦੱਸਿਆ ਕਿ ਹੁਣ ਤਾਂ ਪਿੰਡਾਂ ਵਿੱਚ ਕੱਪੜੇ ਵੇਚਣ ਵਾਲੇ ਡਿੱਪੂ ਵਾਲੇ ਵੀ ਆਉਣੋਂ ਹਟ ਗਏ ਹਨ। ਸੰਗਤ, ਤਲਵੰਡੀ ਸਾਬੋ, ਬੋਹਾ, ਬੁਢਲਾਡਾ, ਝੁਨੀਰ ਤੇ ਸਰਦੂਲਗੜ੍ਹ ਖਿੱਤੇ ਵਿੱਚ ਵੱਡੀ ਮਾਰ ਕਿਸਾਨੀ ਨੂੰ ਪਈ ਹੈ, ਜਿੱਥੇ ਪੂਰੀ ਨਿਰਭਰਤਾ ਨਰਮੇ-ਕਪਾਹ ਦੀ ਖੇਤੀ ਉਪਰ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਖੇਤਾਂ ਦੇ ਖਰਾਬੇ ਨੇ ਸਮਾਜਿਕ ਕਾਰ-ਵਿਹਾਰ ਵੀ ਪ੍ਰਭਾਵਿਤ ਕੀਤੇ ਹਨ ਤੇ ਕਿਸਾਨਾਂ ਨੂੰ ਵਿਆਹ ਸਾਹੇ ਵੀ ਕਰਜ਼ੇ ਚੁੱਕ ਕੇ ਕਰਨੇ ਪੈ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਪਰਿਵਾਰਾਂ ਵਾਸਤੇ ਵੀ ਕੋਈ ਸ਼ਗਨ ਸਕੀਮ ਸ਼ੁਰੂ ਕੀਤੀ ਜਾਵੇ।
ਪੂਰਾ ਕਾਰੋਬਾਰੀ ਚੱਕਰ ਪ੍ਰਭਾਵਿਤ
ਸਰਦੂਲਗੜ੍ਹ ਦੇ ਉੱਪਲ ਟੈਂਟ ਹਾਊਸ ਦੇ ਮਾਲਕ ਓਮ ਪ੍ਰਕਾਸ਼ ਉੱਪਲ ਦਾ ਕਹਿਣਾ ਸੀ ਕਿ ਪੂਰਾ ਕਾਰੋਬਾਰ ਹੀ ਪ੍ਰਭਾਵਿਤ ਹੋਇਆ ਹੈ। ਵਿਆਹ ਸਾਹੇ ਤਾਂ ਹੁਣ ਕਾਫੀ ਘੱਟ ਹੋਏ ਹਨ। ਤਲਵੰਡੀ ਸਾਬੋ ਦੇ ਇਲਾਕੇ ਵਿੱਚ ਦਰਜਨ ਪੇਂਡੂ ਮੈਰਿਜ ਪੈਲੇਸ ਹਨ, ਜੋ ਐਤਕੀਂ ਸੁੰਨੇ ਪਏ ਹਨ। ਤਲਵੰਡੀ ਸਾਬੋ ਦੇ ਹਲਵਾਈ ਪੂਰਨ ਚੰਦ ਦਾ ਕਹਿਣਾ ਹੈ ਕਿ ਪਹਿਲਾਂ ਪ੍ਰਤੀ ਮਹੀਨਾ 15 ਤੋਂ 20 ਵਿਆਹ ਹੁੰਦੇ ਸਨ ਤੇ ਐਤਕੀਂ ਦੋ ਮਹੀਨੇ ਤੋਂ ਕੋਈ ਬੁਕਿੰਗ ਹੀ ਨਹੀਂ ਹੋਈ ਹੈ। ਇਵੇਂ ਹੀ ਸਰਦੂਲਗੜ੍ਹ ਦੇ ਹਲਵਾਈ ਮੋਹਨ ਸਿੰਘ ਦਾ ਕਹਿਣਾ ਹੈ ਕਿ 40 ਫੀਸਦੀ ਕੰਮਕਾਰ ਘਟ ਗਿਆ ਹੈ ਤੇ ਬਹੁਤੇ ਲੋਕ ਹੁਣ ਚੁੰਨੀ ਚੜ੍ਹਾ ਕੇ ਹੀ ਕੁੜੀਆਂ ਨੂੰ ਵਿਦਾ ਕਰ ਰਹੇ ਹਨ।

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …