ਬਰੈਂਪਟਨ : ਖਾਲਸਾ ਏਡ ਕੈਨੇਡਾ ਨੇ 11 ਮਈ ਨੂੰ ਸਪਰੈਂਜਾ ਬੈਂਕੁਇਟ ਹਾਲ ਵਿਚ ਆਪਣੀ 20ਵੀਂ ਵਰ੍ਹੇਗੰਢ ਮਨਾਉਣ ਮਨਾ ਰਿਹਾ ਹੈ। ਇਸ ਮੌਕੇ ਰਵੀ ਸਿੰਘ, ਫਾਊਂਡਰ ਅਤੇ ਸੀਈਓ, ਖਾਲਸਾ ਏਡ ਇੰਟਰਨੈਸ਼ਨਲ ਮੁੱਖ ਬੁਲਾਰੇ ਹੋਣਗੇ ਅਤੇ ਉਹ ਖਾਲਸਾ ਏਡ ਦੀਆਂ ਰਣਨੀਤੀਆਂ ਦੇ ਬਾਰੇ ਵਿਚ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨਗੇ।
ਖਾਲਸਾ ਏਡ ਕੈਨੇਡਾ ਦੇ ਡਾਇਰੈਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਖਾਲਸਾ ਏਡ ਦੀ 20ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਰਵੀ ਸਿੰਘ ਦਾ ਸਾਡੇ ਨਾਲ ਹੋਣਾ ਖੁਸ਼ੀ ਦੀ ਗੱਲ ਹੈ। ਉਹ ਲਗਾਤਾਰ ਪੂਰੀ ਦੁਨੀਆ ਵਿਚ ਲੋੜਵੰਦਾਂ ਦੀ ਮੱਦਦ ਕਰ ਰਹੇ ਹਨ ਅਤੇ ਮਨੁੱਖਤਾ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਉਹ ਸਮਾਗਮ ਵਿਚ ਸ਼ਾਮਲ ਹੋਣ ਲਈ ਕੈਨੇਡਾ ਪਹੁੰਚ ਰਹੇ ਹਨ। ਖਾਲਸਾ ਏਡ ਕੈਨੇਡਾ ਦੇ ਉਦਘਾਟਨੀ ਸਮਾਗਮ ਵਿਚ ਕਈ ਭਾਸ਼ਣ ਅਤੇ ਸੰਸਕ੍ਰਿਤਕ ਪ੍ਰੋਗਰਾਮ ਹੋਣਗੇ। ਸਮਾਗਮ ਵਿਚ 800 ਤੋਂ ਜ਼ਿਆਦਾ ਮਹਿਮਾਨ ਸ਼ਾਮਲ ਹੋਣਗੇ। ਖਾਲਸਾ ਏਡ ਕੈਨੇਡਾ ਦੇ ਓਨਟਾਰੀਓ ਡਾਇਰੈਕਟਰ ਗੁਰਚਰਨ ਸਿੰਘ ਨੇ ਕਿਹਾ ਕਿ ਇਹ ਇਕ ਅਜਿਹਾ ਸਮਾਗਮ ਹੋਵੇਗਾ, ਜਿਸ ਨੂੰ ਲੋਕ ਲੰਮੇ ਸਮੇਂ ਤੱਕ ਯਾਦ ਰੱਖਣਗੇ ਅਤੇ ਅਸੀਂ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ। ਅਸੀਂ ਆਪਣੇ ਦਾਨੀਆ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜੋ ਕਿ ਲਗਾਤਾਰ ਖਾਲਸਾ ਏਡ ਦੀ ਮੱਦਦ ਕਰ ਰਹੇ ਹਨ। ਇਸ ਮੌਕੇ ‘ਤੇ ਵੀ ਅਸੀਂ ਨਵੇਂ ਫੰਡ ਇਕੱਠੇ ਕਰਨ ਵਿਚ ਸਫਲ ਹੋਵਾਂਗੇ। ਗਾਲਾ ਦੀਆਂ ਸਾਰੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ। ਖਾਲਸਾ ਏਡ ਕੈਨੇਡਾ ਇਕ ਕੈਨੇਡੀਅਨ ਚੈਪਟਰ ਹੈ, ਜਿਸ ਨੂੰ 2017 ਵਿਚ ਸ਼ੁਰੂ ਕੀਤਾ ਗਿਆ ਸੀ। ਕੈਨੇਡਾ ਚੈਪਟਰ ਖਾਲਸਾ ਏਡ ਇੰਟਰਨੈਸ਼ਨਲ ਦੇ ਸਾਰੇ ਸਮਾਗਮਾਂ ਵਿਚ ਸਹਿਯੋਗ ਕਰਦੀ ਹੈ। ਖਾਲਸਾ ਏਡ ਭਾਰਤ ਤੋਂ ਲੈ ਕੇ ਨੇਪਾਲ, ਇੰਗਲੈਂਡ, ਕੈਨੇਡਾ, ਅਮਰੀਕਾ, ਆਸਟਰੇਲੀਆ ਅਤੇ ਕੈਰੀਬੀਅਨ ਦੇਸ਼ਾਂ ਵਿਚ ਕੁਦਰਤੀ ਆਫਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਲਗਾਤਾਰ ਮੱਦਦ ਕਰ ਰਹੀ ਹੈ।