‘ਆਪ’ ਦਾ ਕਹਿਣਾ : ਸਰਕਾਰੀ ਫੈਸਲੇ ਫੋਨਾਂ ’ਤੇ ਨਹੀਂ ਲਏ ਜਾਂਦੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕੇਡਰ ਦੇ ਆਈਪੀਐਸ ਅਤੇ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਕੇਡਰ ਵਿਚ ਵਾਪਸ ਭੇਜਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਚਿੱਠੀ ਦਾ ਜਵਾਬ ਵੀ ਦੇ ਚੁੱਕੇ ਹਨ। ਇਸਦੇ ਜਵਾਬ ਵਿਚ ਆਮ ਆਦਮੀ ਪਾਰਟੀ ਨੇ ਕਿਹਾ ਕਿ ਆਈਪੀਐਸ ਕੁਲਦੀਪ ਸਿੰਘ ਚਾਹਲ ਬਾਰੇ ਸਹੀ ਪ੍ਰੋਸੈਸ ਫਾਲੋ ਨਹੀਂ ਕੀਤਾ ਗਿਆ। ਕਿਹਾ ਗਿਆ ਕਿ ਵੱਡੇ ਨਿਰਦੇਸ਼ ਅਤੇ ਸਰਕਾਰੀ ਫੈਸਲੇ ਫੋਨ ’ਤੇ ਨਹੀਂ ਲਏ ਜਾਂਦੇ। ਇਸਦੇ ਲਈ ਸਹੀ ਤਰੀਕੇ ਨਾਲ ਕਮਿਊਨੀਕੇਸ਼ਨ ਕੀਤਾ ਜਾਣਾ ਚਾਹੀਦਾ ਸੀ, ਜੋ ਐਸਐਸਪੀ ਚਾਹਲ ਨੂੰ ਰਿਲੀਵ ਕਰਨ ਤੋਂ ਪਹਿਲਾਂ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਵਲ ਫੋਨ ’ਤੇ ਵੱਡੇ ਸਰਕਾਰੀ ਫੈਸਲੇ ਲੈਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਰਾਜਪਾਲ ਦੇ ਨਾਲ ਕਿਸੇ ਪ੍ਰਕਾਰ ਦਾ ਵਿਵਾਦ ਜਾਂ ਟਕਰਾਅ ਨਹੀਂ ਚਾਹੁੰਦੀ। ‘ਆਪ’ ਆਗੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਗਵਰਨਰ ਹਾਊਸ ਦਾ ਮਿਸਯੂਜ਼ ਨਾ ਕਰਨ ਦੀ ਗੱਲ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਚੁਣੀ ਹੋਈ ਸਰਕਾਰ ਨਾਲ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ। ਧਿਆਨ ਰਹੇ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀ.ਐਲ. ਪੁਰੋਹਿਤ ਵਲੋਂ ਪੰਜਾਬ ਕੇਡਰ ਦੇ ਆਈਪੀਐਸ ਅਤੇ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਲੰਘੀ 12 ਦਸੰਬਰ ਨੂੰ ਕੇਡਰ ਵਿਚ ਵਾਪਸ ਭੇਜਣ ਦਾ ਫੈਸਲਾ ਕੀਤਾ ਗਿਆ ਸੀ। ਰਾਜਪਾਲ ਨੇ ਇਸ ਸਬੰਧੀ ਪੰਜਾਬ ਦੇ ਚੀਫ ਸੈਕਟਰੀ ਵੀ.ਕੇ. ਜੰਜੂਆ ਨੂੰ ਫੋਨ ਕਰਕੇ ਸੂਚਨਾ ਦਿੱਤੀ ਸੀ। ਹੁਣ ਇਹ ਮਾਮਲਾ ਪੇਚੀਦਾ ਬਣਦਾ ਜਾ ਰਿਹਾ ਹੈ।