ਏਸ਼ੀਆਈ ਖੇਡਾਂ ਵਿਚ ਵੀ ਜਿੱਤੇ ਸਨ 4 ਤਮਗੇ
ਮੁੰਬਈ/ਬਿੳੂਰੋ ਨਿੳੂਜ਼
ਮਹਾਭਾਰਤ ’ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪਰਵੀਨ ਕੁਮਾਰ ਦਾ ਦਿਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦੀ ਉਮਰ 74 ਸਾਲ ਦੱਸੀ ਗਈ ਹੈ। ਪਰਵੀਨ ਆਪਣੇ ਲੰਬੇ ਕੱਦ ਲਈ ਵੀ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਵਿਚ ਖਲਨਾਇਕ ਦੀ ਭੂਮਿਕਾ ਵੀ ਨਿਭਾਈ। ਸਾਢੇ 6 ਫੁੱਟ ਲੰਬੇ ਕੱਦ ਦਾ ਇਹ ਅਦਾਕਾਰ ਤੇ ਖਿਡਾਰੀ ਪੰਜਾਬ ਦਾ ਰਹਿਣ ਵਾਲਾ ਸੀ ਅਤੇ ਅਦਾਕਾਰੀ ਤੋਂ ਪਹਿਲਾਂ, ਪਰਵੀਨ ਕੁਮਾਰ ਸੋਬਤੀ ਹੈਮਰ ਅਤੇ ਡਿਸਕਸ ਥਰੋਅ ਅਥਲੀਟ ਵੀ ਰਿਹਾ। ਉਸ ਨੇ ਏਸ਼ੀਆਈ ਖੇਡਾਂ ਵਿਚ ਚਾਰ ਤਮਗੇ ਜਿੱਤੇ ਸਨ, ਜਿਨ੍ਹਾਂ ਵਿਚ 2 ਸੋਨੇ ਦੇ, 1 ਚਾਂਦੀ ਦਾ ਅਤੇ 1 ਕਾਂਸੀ ਦਾ ਤਮਗਾ ਸ਼ਾਮਲ ਸੀ।
ਖੇਡਾਂ ਵਿਚ ਚੰਗੇ ਯੋਗਦਾਨ ਲਈ ਪਰਵੀਨ ਨੂੰ ਅਰਜਨ ਐਵਾਰਡ ਵੀ ਦਿੱਤਾ ਗਿਆ ਸੀ। ਇਸਦੇ ਨਾਲ ਹੀ ਪਰਵੀਨ ਨੂੰ ਬੀਐਸਐਫ ਵਿਚ ਡਿਪਟੀ ਕਮਾਂਡੈਂਟ ਦੀ ਨੌਕਰੀ ਵੀ ਮਿਲੀ ਸੀ। ਖੇਡਾਂ ਵਿਚ ਸਫਲ ਹੋਣ ਤੋਂ ਬਾਅਦ ਹੀ ਉਸ ਨੇ ਫਿਲਮਾਂ ਵਿਚ ਜਾਣ ਦਾ ਫੈਸਲਾ ਕੀਤਾ ਸੀ। ਪਰਵੀਨ ਦੀ ਆਖਰੀ ਫਿਲਮ 1998 ਵਿਚ ਆਈ ਫਿਲਮ ‘ਟਰੇਨ ਟੂ ਪਾਕਿਸਤਾਨ’ ਸੀ। ਜਾਣਕਾਰੀ ਮਿਲੀ ਹੈ ਪਰਵੀਨ ਕੁਮਾਰ ਸੋਬਤੀ ਲੰਬੇ ਸਮੇਂ ਬਿਮਾਰ ਸਨ ਅਤੇ ਆਰਥਿਕ ਤੰਗੀ ਦਾ ਵੀ ਸਾਹਮਣਾ ਕਰ ਰਹੇ ਸਨ।