3.1 C
Toronto
Thursday, December 18, 2025
spot_img
Homeਭਾਰਤਮੋਰਬੀ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 140 ਹੋਈ

ਮੋਰਬੀ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 140 ਹੋਈ

ਕਾਂਗਰਸ ਨੇ ਨਿਆਂਇਕ ਜਾਂਚ ਮੰਗੀ; ਪੁਲਿਸ ਵੱਲੋਂ 9 ਵਿਅਕਤੀ ਗ੍ਰਿਫਤਾਰ
ਮੋਰਬੀ (ਗੁਜਰਾਤ)/ਬਿਊਰੋ ਨਿਊਜ਼ : ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਐਤਵਾਰ ਸ਼ਾਮ ਮੱਛੂ ਨਦੀ ‘ਤੇ ਬਣਿਆ ਸਦੀ ਪੁਰਾਣਾ ਤਾਰਾਂ ਵਾਲਾ ਪੁਲ ਡਿੱਗਣ ਕਰਕੇ ਮੌਤਾਂ ਦੀ ਗਿਣਤੀ ਵਧ ਕੇ 140 ਤੋਂ ਵੀ ਜ਼ਿਆਦਾ ਹੋ ਗਈ ਹੈ। ਮ੍ਰਿਤਕਾਂ ਦਾ ਅੰਕੜਾ ਅਜੇ ਵਧਣ ਦੇ ਆਸਾਰ ਹਨ, ਕਿਉਂਕਿ ਗੋਤਾਖੋਰਾਂ ਦੀ ਮਦਦ ਨਾਲ ਨਦੀ ‘ਚੋਂ ਲਾਸ਼ਾਂ ਲੱਭਣ ਦਾ ਕੰਮ ਅਜੇ ਵੀ ਜਾਰੀ ਹੈ ਜਦੋਂਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਲੋਕਾਂ ‘ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਧਾਰਾ 304 ਅਤੇ 308 ਤਹਿਤ ਕੇਸ ਦਰਜ ਕਰਦਿਆਂ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਕਿਹਾ ਕਿ ਘੜੀਆਂ ਅਤੇ ਈ-ਬਾਈਕ ਬਣਾਉਣ ਵਾਲੀ ਕੰਪਨੀ ਓਰੇਵਾ ਗਰੁੱਪ ਨੂੰ ਪੁਲ ਦੀ ਮੁਰੰਮਤ ਅਤੇ ਉਸ ਦੀ ਦੇਖਭਾਲ ਦਾ ਠੇਕਾ ਦਿੱਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ‘ਚ ਕੰਪਨੀ ਦੇ ਦੋ ਮੈਨੇਜਰ, ਦੋ ਠੇਕੇਦਾਰ, ਦੋ ਟਿਕਟ ਕੁਲੈਕਟਰ ਅਤੇ ਤਿੰਨ ਸੁਰੱਖਿਆ ਗਾਰਡ ਸ਼ਾਮਲ ਹਨ। ਪੁਲਿਸ ਨੇ ਕਿਹਾ ਕਿ ਗੁਨਾਹਗਾਰਾਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਹਾਦਸੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਸ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਹਾਦਸੇ ‘ਤੇ ਅਫ਼ਸੋਸ ਜਤਾਇਆ ਹੈ। ਇਸ ਹਾਦਸੇ ‘ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ।
ਭਾਜਪਾ ਸੰਸਦ ਮੈਂਬਰ ਦੇ 12 ਰਿਸ਼ਤੇਦਾਰਾਂ ਦੀ ਗਈ ਜਾਨ
ਮੋਰਬੀ : ਰਾਜਕੋਟ ਤੋਂ ਲੋਕ ਸਭਾ ਮੈਂਬਰ ਮੋਹਨ ਕੁੰਦਰੀਆ ਨੇ ਕਿਹਾ ਕਿ ਪੁਲ ਡਿੱਗਣ ਦੀ ਘਟਨਾ ‘ਚ ਉਨ੍ਹਾਂ ਦੇ 12 ਰਿਸ਼ਤੇਦਾਰ ਵੀ ਮਾਰੇ ਗਏ ਹਨ। ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਰਿਸ਼ਤੇਦਾਰ ਐਤਵਾਰ ਨੂੰ ਪਿਕਨਿਕ ਮਨਾਉਣ ਲਈ ਗਏ ਸਨ ਅਤੇ ਹਾਦਸਾ ਵਾਪਰਨ ਕਾਰਨ ਉਹ ਜਾਨ ਗੁਆ ਬੈਠੇ। ਮ੍ਰਿਤਕਾਂ ‘ਚ ਉਨ੍ਹਾਂ ਦੇ ਵੱਡੇ ਭਰਾ ਦੇ ਪਰਿਵਾਰ ਦੇ ਪੰਜ ਬੱਚੇ, ਚਾਰ ਮਹਿਲਾਵਾਂ ਅਤੇ ਤਿੰਨ ਪੁਰਸ਼ ਸ਼ਾਮਲ ਸਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੇ ਹਨ।

RELATED ARTICLES
POPULAR POSTS