ਸੀਨੀਅਰ ਪੱਤਰਕਾਰ ਨੇ ਆਪਣੀ ਕਿਤਾਬ ‘ਚ ਕੀਤਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਸੀਨੀਅਰ ਪੱਤਰਕਾਰ ਨੇ ਆਪਣੀ ਨਵੀਂ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਲਈ ‘ਦੋ-ਧਾਰੀ ਤਲਵਾਰ’ ਸਾਬਿਤ ਹੋ ਸਕਦੇ ਹਨ। ਸੀਨੀਅਰ ਪੱਤਰਕਾਰ ਐਲਨ ਫ੍ਰਾਈਡਮੈਨ ਦੀ ਕਿਤਾਬ ‘ਡੇਮੋਕ੍ਰੇਸੀ ਇਨ ਪੈਰਿਲ: ਡੋਨਲਡ ਟਰੰਪਜ਼ ਅਮਰੀਕਾ’ ਵਿਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਭਾਰਤ ਦੇ ਲਈ ਉਸ ਤੋਂ ਕਿਤੇ ਜ਼ਿਆਦਾ ਜ਼ੋਖ਼ਮ ਭਰੇ ਹਨ ਜਿੰਨੇ ਉਹ ਨਜ਼ਰ ਆਉਂਦੇ ਹਨ। ਫ੍ਰਾਈਡਮੈਨ ਨੇ ਕਿਹਾ ਹੈ ਕਿ ਟਰੰਪ ਦੇ ਵਪਾਰਕ ਹਮਲੇ ਤੇ ਬਹੁ-ਪੱਖੀ ਸੰਸਥਾਵਾਂ ਤੇ ਸਮਝੌਤਿਆਂ ਤੋਂ ਅਮਰੀਕਾ ਦੇ ਵੱਖ ਹੋਣ ਨਾਲ ਭਾਰਤ ਦੇ ਹਿੱਤਾਂ ਦੀ ਪੂਰਤੀ ਹੋਣ ਦੀ ਸੰਭਾਵਨਾ ਨਹੀਂ ਹੈ। ਇਨ੍ਹਾਂ ਸੰਸਥਾਵਾਂ ਤੇ ਸਮਝੌਤਿਆਂ ਨੇ ਦਹਾਕਿਆਂ ਤੋਂ ਵਿਸ਼ਵ ਵਿਵਸਥਾ ਬਣਾਏ ਰੱਖੀ ਹੈ। ਫ੍ਰਾਈਡਮੈਨ ਨੇ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ਇਕ ਪਾਸੇ ਉਹ ਤੁਹਾਡੇ ਦੁਸ਼ਮਨ ਦੇ ਦੁਸ਼ਮਨ ਨਜ਼ਰ ਆਉਂਦੇ ਹਨ ਪਰ ਦੂਜੇ ਪਾਸੇ ਉਹ ਖ਼ਤਰਨਾਕ ਤੇ ਸੰਭਾਵਨਾਵਾਂ ਤੋਂ ਪਰ੍ਹੇ ਦੇ ਫ਼ੈਸਲੇ ਲੈ ਸਕਦੇ ਹਨ। ਲੇਖਕ ਨੇ ਇਹ ਵੀ ਦਾਅਵਾ ਕੀਤਾ ਹੈ ਕਿ ‘ਸਿਆਸਤ, ਸ਼ਾਸਨ ਤੇ ਰਾਸ਼ਟਰਵਾਦ’ ਪ੍ਰਤੀ ਦ੍ਰਿਸ਼ਟੀਕੋਣ ਜਿਹੇ ਮੁੱਦਿਆਂ ਸਬੰਧੀ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਾਂ ਵਿਚ ਕਾਫ਼ੀ ਗੱਲਾਂ ਮੇਲ ਖਾਂਦੀਆਂ ਹਨ। ਓਮ ਬੁਕਸ ਇੰਟਰਨੈਸ਼ਨਲ ਵੱਲੋਂ ਪ੍ਰਕਾਸ਼ਿਤ ਕਿਤਾਬ ਵਿਚ ਉਨ੍ਹਾਂ ਲਿਖਿਆ ਹੈ ਕਿ ਕਈ ਮਾਅਨਿਆਂ ਵਿਚ ਟਰੰਪ ਨੇ ਦੁਨੀਆ ਨੂੰ ਪਲਟਾ ਕੇ ਰੱਖ ਦਿੱਤਾ ਹੈ। ਕਿਤਾਬ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਅਮਰੀਕਾ ਵਿਚ ਗਰੀਬੀ ਵਧ ਰਹੀ ਹੈ। ਉਨ੍ਹਾਂ ਲਿਖਿਆ ਹੈ ਕਿ ਟਰੰਪ ਨੇ ਅਮਰੀਕੀ ਸਿਆਸਤ ਵਿਚ ‘ਟਵੀਟ’ ਨੂੰ ਹੀ 21ਵੀਂ ਸਦੀ ਦਾ ਸਭ ਤੋਂ ਖ਼ਤਰਨਾਕ ਹਥਿਆਰ ਬਣਾ ਦਿੱਤਾ ਹੈ। ਟਵੀਟ ਕਰ ਕਰ ਕੇ ਹੀ ਉਨ੍ਹਾਂ ਆਪਣੇ ਪ੍ਰਸ਼ਾਸਨ ਦੇ ਦਰਜਨਾਂ ਨੁਮਾਇੰਦਿਆਂ ਨੂੰ ਨੌਕਰੀਓਂ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਟਰੰਪ ਦਾ ਏਜੰਡਾ ‘ਅਮਰੀਕਾ ਫ਼ਸਟ’ ਹੈ ਤੇ ਉਹ ਕੌਮਾਂਤਰੀ ਰਿਸ਼ਤਿਆਂ ਨੂੰ ਪਹਿਲ ਨਹੀਂ ਦੇ ਰਹੇ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …