ਯੂਕਰੇਨ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੂਸੀ ਫੌਜ ਨੂੰ ਉਸ ਵੱਲੋਂ ਕੀਤੇ ਜੰਗੀ ਅਪਰਾਧਾਂ ਲਈ ਕਾਨੂੰਨ ਦੇ ਕਟਹਿੜੇ ‘ਚ ਖੜ੍ਹਾ ਕਰਨਾ ਚਾਹੀਦਾ ਹੈ। ਵੀਡੀਓ ਕਾਨਫਰੰਸ ਲਈ ਯੂਐੱਨਐੱਸਸੀ ਨੂੰ ਸੰਬੋਧਨ ਕਰਦਿਆਂ ਜ਼ੇਲੈਂਸਕੀ ਨੇ ਆਰੋਪ ਲਾਇਆ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਕਰੈਮਲਿਨ ਦੇ ਫੌਜੀ ਦਸਤਿਆਂ ਨੇ ਯੂਕਰੇਨ ‘ਚ ਸਭ ਤੋਂ ਭਿਆਨਕ ਕਤਲੇਆਮ ਕੀਤਾ ਹੈ ਅਤੇ ਉਨ੍ਹਾਂ ਅਤੇ ਇਸਲਾਮਿਕ ਸਟੇਟ ਵਰਗੇ ਅੱਤਵਾਦੀਆਂ ਵਿਚਾਲੇ ਕੋਈ ਵੀ ਫਰਕ ਨਹੀਂ ਹੈ। ਉਨ੍ਹਾਂ ਵੀਡੀਓ ਕਾਨਫਰੰਸ ਰਾਹੀਂ ਆਪਣੀ ਗੱਲ ਰੱਖਦਿਆਂ ਰੂਸੀ ਫੌਜਾਂ ਵੱਲੋਂ ਕੀਵ ਦੇ ਬਾਹਰਵਾਰ ਕੀਤੇ ਗਏ ਆਮ ਲੋਕਾਂ ਦੇ ਕਤਲੇਆਮ ਸਬੰਧੀ ਸਬੂਤ ਪੇਸ਼ ਕੀਤੇ। ਇਨ੍ਹਾਂ ‘ਚੋਂ ਇੱਕ ਤਸਵੀਰ ਬੁਚਾ ਸ਼ਹਿਰ ਦੀ ਹੈ ਜਿਸ ਨੇ ਸਾਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਰੂਸ ਖਿਲਾਫ ਜੰਗੀ ਅਪਰਾਧ ਸਬੰਧੀ ਕੇਸ ਚਲਾਉਣ ਤੇ ਹੋਰ ਸਖ਼ਤ ਪਾਬੰਦੀਆਂ ਲਾਉਣ ਦੀ ਮੰਗ ਉੱਠ ਰਹੀ ਹੈ। ਜ਼ੇਲੈਂਸਕੀ ਨੇ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਨੂੰ ਇਸ ਕਤਲੇਆਮ ਦੀ ਇੱਕ ਵੀਡੀਓ ਫੁਟੇਜ ਵੀ ਦਿਖਾਈ। ਰੂਸ ਵੱਲੋਂ 24 ਫਰਵਰੀ ਨੂੰ ਕੀਤੇ ਗਏ ਹਮਲੇ ਤੋਂ ਬਾਅਦ ਜ਼ੇਲੈਂਸਕੀ ਪਹਿਲੀ ਵਾਰ ਸੁਰੱਖਿਆ ਕੌਂਸਲ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਰੂਸੀ ਫੌਜਾਂ ਵੱਲੋਂ ਕੀਵ ਖਾਲੀ ਕਰਨ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਨੇ ਬੁਚਾ ਸ਼ਹਿਰ ਦਾ ਦੌਰਾ ਕੀਤਾ ਜਿੱਥੇ ਵੱਡੀ ਗਿਣਤੀ ‘ਚ ਆਮ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ।
ਦੂਜੇ ਪਾਸੇ ਸੰਯੁਕਤ ਰਾਸ਼ਟਰ ‘ਚ ਬ੍ਰਿਟਿਸ਼ ਮਿਸ਼ਨ ਨੇ ਕਿਹਾ ਕਿ ਸੁਰੱਖਿਆ ਕੌਂਸਲ ਦੀ ਅਗਵਾਈ ਕਰਦਿਆਂ ਬਰਤਾਨੀਆ ਇਹ ਯਕੀਨੀ ਬਣਾਏਗਾ ਕਿ ਰੂਸ ਦੇ ਜੰਗੀ ਅਪਰਾਧਾਂ ਦੀ ਸਚਾਈ ਸਾਹਮਣੇ ਆਏ। ਅਸੀਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਹਮਲੇ ਦਾ ਪਰਦਾਫਾਸ਼ ਕਰਾਂਗੇ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਉਹ ਬੁਚਾ ‘ਚ ਹੋਈਆਂ ਹੱਤਿਆਵਾਂ ਦੀਆਂ ਤਸਵੀਰਾਂ ਦੇਖ ਕੇ ਸੁੰਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੀ ਆਜ਼ਾਦਾਨਾ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜਵਾਬਦੇਹੀ ਤੈਅ ਹੋ ਸਕੇ। ਇਸੇ ਵਿਚਾਲੇ ਯੂਕਰੇਨੀ ਸੈਨਾ ਨੇ ਕਿਹਾ ਕਿ ਰੂਸੀ ਫੌਜਾਂ ਮੁੜ ਯੂਕਰੇਨ ਦੇ ਦੱਖਣ-ਪੂਰਬੀ ਹਿੱਸੇ ‘ਤੇ ਹਮਲੇ ਦੀ ਤਿਆਰੀ ਕਰ ਰਹੀਆਂ ਹਨ।