Breaking News
Home / Special Story / ਪੰਜਾਬੀਆਂ ਦਾ ਗੌਰਵਮਈ ਇਤਿਹਾਸਕ ਦਿਹਾੜਾ ਵਿਸਾਖੀ

ਪੰਜਾਬੀਆਂ ਦਾ ਗੌਰਵਮਈ ਇਤਿਹਾਸਕ ਦਿਹਾੜਾ ਵਿਸਾਖੀ

ਡਾ. ਸੁਖਦੇਵ ਸਿੰਘ ਝੰਡ
(1-647-567-9128)
ਵਿਸਾਖੀ ਪੰਜਾਬੀਆਂ ਦਾ ਮਹਾਨ ਗੌਰਵਮਈ ਇਤਿਹਾਸਕ ਤੇ ਧਾਰਮਿਕ-ਦਿਹਾੜਾ ਹੈ। ਹੋਵੇ ਵੀ ਕਿਉਂ ਨਾ। ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 (30 ਮਾਰਚ 1699 ਈਸਵੀ) ਵਾਲੇ ਦਿਨ ਖਾਲਸੇ ਦੀ ਸਿਰਜਣਾ ਕਰਕੇ ਦੁਨੀਆਂ ਵਿਚ ਸਿੱਖ ਕੌਮ ਦੀ ਇਕ ਵੱਖਰੀ ਪਹਿਚਾਣ ਬਣਾਈ। ਉਹ ਇਸ ਦਿਨ ਵੱਖ-ਵੱਖ ਗੁਰਦੁਆਰਿਆਂ ਵਿਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤ-ਮਸਤਕ ਹੁੰਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਹੋਏ ਉਪਕਾਰਾਂ ਨੂੰ ਯਾਦ ਕਰਦੇ ਹਨ। ਇਸ ਮੌਕੇ ਭਰੇ ਦੀਵਾਨਾਂ ਵਿਚ ਰਾਗੀ ਸਿੰਘ, ਢਾਡੀ ਤੇ ਕਵੀਸ਼ਰੀ ਜੱਥੇ ਇਸ ਦਿਨ ਦੀ ਮਹਾਨਤਾ ਆਪੋ-ਆਪਣੇ ਅੰਦਾਜ਼ ਵਿਚ ਬਿਆਨ ਕਰਦੇ ਹਨ ਜਿਨ੍ਹਾਂ ਨੂੰ ਸੁਣ ਕੇ ਸੰਗਤ ਨਿਹਾਲੋ-ਨਿਹਾਲ ਹੁੰਦੀ ਹੈ।
ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਏਸੇ ਤਰ੍ਹਾਂ ਦੇ ਹੀ ਇਕ ਭਰੇ ਹੋਏ ਦੀਵਾਨ ਜਿਸ ਦੀ ਇਕੱਤਰਤਾ ਦੀ ਗਿਣਤੀ ਇਤਿਹਾਸਕਾਰਾਂ ਵੱਲੋਂ 80,000 ਦੇ ਲੱਗਭਗ ਦੱਸੀ ਜਾਂਦੀ ਹੈ, ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਿਸਾਖ ਸੰਮਤ 1756 ਨੂੰ ਇਕ-ਇਕ ਕਰਕੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤੇ ਹਰ ਵਾਰ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਗੁਰੂ ਨਾਨਕ ਨਾਮ-ਲੇਵਾ ਪੰਜ ਸਿੱਖਾਂ ਦਇਆ ਰਾਮ, ਧਰਮ ਦਾਸ, ਹਿੰਮਤ ਰਾਇ, ਮੋਹਕਮ ਚੰਦ ਤੇ ਸਾਹਿਬ ਚੰਦ ਨੇ ਆਪਣੇ ਸਿਰ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਕੀਤੇ ਤੇ ਉਨ੍ਹਾਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇੱਕੇ ‘ਸਰਬ-ਲੋਹ ਬਾਟੇ’ ਵਿਚ ‘ਸਰਬ-ਲੋਹ ਖੰਡੇ’ ਨਾਲ ਬਾਣੀਆਂ ਦੇ ਉਚਾਰਨ ਦੌਰਾਨ ਤਿਆਰ ਕੀਤਾ ਗਿਆ ‘ਅੰਮ੍ਰਿਤ’ ਇਨ੍ਹਾਂ ਪੰਜਾਂ ਨੂੰ ਛਕਾਇਆ ਗਿਆ। ਅੰਮ੍ਰਿਤ ਛਕਣ ਉਪਰੰਤ ਉਨ੍ਹਾਂ ਦਾ ਨਾਮਕਰਣ ਵੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਕੀਤਾ ਗਿਆ। ਵੱਖ-ਵੱਖ ਜ਼ਾਤਾਂ ਤੇ ਧਰਮਾਂ ਤੋਂ ਆਏ ਇਨ੍ਹਾਂ ਪੰਜਾਂ ਦੀ ਜ਼ਾਤ-ਪਾਤ ਖਤਮ ਕਰਕੇ ਇਨ੍ਹਾਂ ਨੂੰ ‘ਸਿੰਘ’ (ਸ਼ੇਰ) ਦਾ ਦਰਜਾ ਅਤੇ ‘ਪੰਜਾਂ-ਪਿਆਰਿਆਂ’ ਦੀ ਉਪਾਧੀ ਦਿੱਤੀ ਗਈ। ਨਿਰਾ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਹੀ ਨਹੀਂ, ਸਗੋਂ ਉਨ੍ਹਾਂ ਕੋਲੋਂ ਖ਼ੁਦ ਅੰਮ੍ਰਿਤ ਛਕ ਕੇ ‘ਆਪੇ ਗੁਰ ਚੇਲਾ’ ਦੀ ਮਿਸਾਲ ਕਾਇਮ ਕੀਤੀ ਜਿਸ ਦੀ ਉਦਾਹਰਣ ਦੁਨੀਆਂ ਵਿਚ ਕਿਧਰੇ ਹੋਰ ਨਹੀਂ ਮਿਲਦੀ।
ਉਂਜ ਵੇਖਿਆ ਜਾਏ ਤਾਂ ਇਹ ਪੰਜੇ ਵਿਅੱਕਤੀ ਉਸ ਸਮੇਂ ਦੀਆਂ ਦੱਬੀਆਂ-ਕੁਚਲੀਆਂ ਤੇ ਪਛੜੀਆਂ ਜਾਤਾਂ ਵਿਚੋਂ ਆਏ ‘ਆਮ ਆਦਮੀ’ ਹੀ ਸਨ ਜਿਨ੍ਹਾਂ ਨੂੰ ਗੁਰੂ ਜੀ ਨੇ ਅੰਮ੍ਰਿਤ ਪਾਨ ਕਰਵਾ ਕੇ ਆਪਣੇ ‘ਖਾਸ ਆਦਮੀ’ (‘ਪੰਜ ਪਿਆਰੇ’) ਬਣਾ ਲਿਆ। ਇਹ ਮਹਾਨ ਗੁਰ-ਵਾਕਾਂ ‘ਸਭੈ ਸਾਂਝੀਵਾਲ ਸਦਾਇਨ’ ਅਤੇ ‘ਨੀਚਹੁ ਊਚ ਕਰੇ ਮੇਰਾ ਗੋਬਿੰਦ’ ਵਾਲੀ ਗੱਲ ਹੈ। ਪਰ ਬੜੇ ਅਫ਼ਸੋਸ ਵਾਲੀ ਗੱਲ ਹੈ ਕਿ ਅਸੀਂ ਅੱਜ ਵੀ ਜ਼ਾਤ-ਪਾਤ ਦੇ ਬਖੇੜੇ ਵਿਚ ਪਏ ਹੋਏ ਹਾਂ ਤੇ ਇਸ ਤੋਂ ਬਾਹਰ ਨਹੀਂ ਨਿਕਲ ਰਹੇ।
1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ-ਸੰਚਾਰ ਦਾ ਇਹ ਧਾਰਮਿਕ ਤੇ ਇਤਿਹਾਸਕ ਪੱਖ ਹੈ ਜਿਸ ਨਾਲ ਸਿੱਖਾਂ ਦੀ ਮਾਨਸਿਕਤਾ ਤੇ ਧਾਰਮਿਕ-ਆਸਥਾ ਜੁੜੀ ਹੋਈ ਹੈ। ਉਹ ਇਸ ਸ਼ੁਭ ਦਿਨ ਨੂੰ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕਰਦੇ ਹਨ ਤੇ ਖੁਸ਼ੀ ਖੁਸ਼ੀ ਮਨਾਉਂਦੇ ਹਨ। ਵੱਖ-ਵੱਖ ਗੁਰਦੁਆਰਿਆਂ ਵਿਚ ਦੀਵਾਨ ਸੱਜਦੇ ਹਨ। ਰਾਗੀ, ਢਾਡੀ ਤੇ ਕਵੀਸ਼ਰ ਜਥੇ ਇਸ ਦਿਨ ਦੀ ਮਹਾਨਤਾ ਨੂੰ ਆਪੋ-ਆਪਣੇ ਅੰਦਾਜ਼ ਵਿਚ ਬਿਆਨ ਕਰਦੇ ਹਨ। ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ (‘ਗੁਰੂ ਕੀ ਕਾਂਸ਼ੀ’) ਵਿਚ ਵਿਸਾਖੀ ਦਾ ਪੁਰਬ ਬਹੁਤ ਹੀ ਜੋਸ਼-ਓ-ਖ਼ਰੋਸ਼ ਨਾਲ ਮਨਾਇਆ ਜਾਂਦਾ ਹੈ। ਉਥੇ ਇਸ ਮੌਕੇ ਸੰਗਤਾਂ ਦੀ ਰੌਣਕ ਵੇਖਣ ਹੀ ਵਾਲੀ ਹੁੰਦੀ ਹੈ। ਲੋਕ ਦੂਰੋਂ ਦੂਰੋਂ ਚੱਲ ਕੇ ਇਨ੍ਹਾਂ ਧਾਰਮਿਕ ਅਸਥਾਨਾਂ ‘ਤੇ ਪਹੁੰਚਦੇ ਹਨ ਤੇ ਆਪਣੀ ਸ਼ਰਧਾ ਦਾ ਇਜ਼ਹਾਰ ਕਰਦੇ ਹਨ। ਇਨ੍ਹਾਂ ਮੌਕਿਆਂ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ-ਕਾਨਫਰੰਸਾਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ। ਨੇਤਾ ਲੋਕ ਆਪਣੀਆਂ ਪਾਰਟੀਆਂ ਦੀਆਂ ਨੀਤੀਆਂ ਦਾ ਜਿੱਥੇ ਵਿਖਿਆਨ ਕਰਦੇ ਹਨ, ਉੱਥੇ ਦੂਸਰੀਆਂ ਪਾਰਟੀਆਂ ‘ਤੇ ਚਿੱਕੜ ਵੀ ਖੂਬ ਸੁੱਟਦੇ ਹਨ। ਇਸ ਤਰ੍ਹਾਂ ਇਸ ਤਿਉਹਾਰ ਦਾ ਇਹ ਸਿਆਸੀ-ਪੱਖ ਵੀ ਮਹੱਤਵਪੂਰਨ ਹੈ।
ਇਸ ਦੇ ਨਾਲ ਹੀ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਚ ઑਜੱਲ੍ਹਿਆਂ ਵਾਲੇ ਬਾਗ਼਼ ਵਿਚ ਵਾਪਰੇ ਖੂਨੀ ਸਾਕੇ ਦੀ ਵੀ ਆਪਣੀ ਹੀ ਇਤਿਹਾਸਕ ਮਹੱਤਤਾ ਹੈ ਜਿੱਥੇ ਅੰਗਰੇਜ਼ੀ ਹਕੂਮਤ ਦੇ ਜਨਰਲ ਡਾਇਰ ਦੇ ਹੁਕਮ ਨਾਲ ਚੱਲੀਆਂ ਗੋਲੀਆਂ ਨਾਲ ਹਿੰਦੂ, ਸਿੱਖ ਤੇ ਮੁਸਲਮਾਨਾਂ ਦਾ ਸਾਂਝਾ ਖੂਨ ਡੁੱਲ੍ਹਿਆ ਅਤੇ ਇਹ ‘ਖ਼ੂਨੀ ਸਾਕਾ’ ਭਾਰਤ ਦੀ ਆਜ਼ਾਦੀ ਲਈ ਲੜੀ ਗਈ ਲੜਾਈ ਦਾ ਅਹਿਮ ਹਿੱਸਾ ਬਣਿਆ। ਸੈਂਕੜੇ ਲੋਕ ਮਾਰੇ ਗਏ ਤੇ ਹਜ਼ਾਰਾਂ ਜ਼ਖ਼ਮੀ ਹੋਏ। ਬਹੁਤ ਸਾਰਿਆਂ ਨੇ ਉਸ ਥਾਂ ‘ਤੇ ਬਣੇ ਇਕ ਖੂਹ ਵਿਚ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ। ਇਸ ਦਿਨ ਅਸੀ ਇਨ੍ਹਾਂ ਸ਼ਹੀਦਾਂ ਸੂਰਬੀਰਾਂ ਨੂੰ ਵੀ ਪੂਰੇ ਸਤਿਕਾਰ ਨਾਲ ਯਾਦ ਕਰਦੇ ਹਾਂ ਤੇ ਉਨ੍ਹਾਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਂਦੇ ਹਾਂ।
ਇਹ ਤਾਂ ਹੈ, ਵਿਸਾਖੀ ਦਾ ਇਤਿਹਾਸਕ ਤੇ ਧਾਰਮਿਕ ਪੱਖ। ਇਸ ਦੇ ਨਾਲ ਹੀ ਇਸ ਦੀ ਸਮਾਜਿਕ ਤੇ ਸਭਿਆਚਾਰਕ ਮਹੱਤਤਾ ਵੀ ਓਨੀ ਹੀ ਹੈ। ਖੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ਵਿਸਾਖੀ ਪਿੰਡਾਂ ਤੇ ਸ਼ਹਿਰਾਂ ਵਿਚ ਵਿਸਾਖੀ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਹੋਰ ਕਈ ਤਿਉਹਾਰਾਂ ਵਾਂਗ ਵਿਸਾਖੀ ਵੀ ਇਕ ਮੌਸਮੀ ਤਿੳਹਾਰ ਹੈ। ਸਰਦੀ ਦਾ ਮੌਸਮ ਖਤਮ ਹੋ ਜਾਣ ‘ਤੇ ਗਰਮੀ ਦੀ ਸ਼ੁਰੂਆਤ ਹੁੰਦੀ ਹੈ ਤੇ ਹਾੜ੍ਹੀ ਦੀਆਂ ਫਸਲਾਂ ਪੱਕਣ ਲੱਗਦੀਆਂ ਹਨ। ਆਮ ਤੌਰ ‘ਤੇ ਵਿਸਾਖੀ ਦਾ ਮੇਲਾ ਦਰਿਆਵਾਂ, ਝੀਲਾਂ ਜਾਂ ਸਰੋਵਰਾਂ ਦੇ ਕੰਢਿਆਂ ‘ਤੇ ਲੱਗਦਾ ਹੈ। ਇਸ ਸ਼ੁਭ-ਮੌਕੇ ‘ਤੇ ਲੋਕ ਇਨ੍ਹਾਂ ਵਿਚ ਇਸ਼ਨਾਨ ਕਰਨਾ ਪਵਿੱਤਰ ਸਮਝਦੇ ਹਨ। ਇਹ ਉਨ੍ਹਾਂ ਦਾ ਵਿਸ਼ਵਾਸ ਹੈ ਜਿਸ ਦੇ ਨਾਲ ਸ਼ਾਇਦ ਸੁੱਚਤਾ ਦਾ ਇਹਸਾਸ ਜੁੜਿਆ ਹੋਇਆ ਹੈ। ਹਿਮਾਚਲ-ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ‘ਰਵਾਲਸਰ’ ਕਸਬੇ ਵਿਚ ਬਣੇ ਇਕ ਤਲਾਅ ਵਿਚ ਰੋਗੀਆਂ ਨੂੰ ਇਸ਼ਨਾਨ ਕਰਾਉਣ ਦੀ ਪਰੰਪਰਾ ਚਲੀ ਆਉਂਦੀ ਹੈ। ਪਤਾ ਨਹੀਂ ਇਸ ਇਸ਼ਨਾਨ ਨਾਲ ਕਿੰਨੇ ਕੁ ਰੋਗੀ ਰਾਜ਼ੀ ਹੁੰਦੇ ਹੋਣਗੇ। ਕੀ ਇਸ ਦਾ ਕੋਈ ਵਿਗਿਆਨਕ-ਆਧਾਰ ਹੋਵੇਗਾ ਜਾਂ ਨਹੀਂ, ਪਰ ਗੱਲ ਇਥੇ ਫੇਰ ਲੋਕ-ਵਿਸ਼ਵਾਸ ਦੀ ਹੈ ਤੇ ઑਲੋਕ-ਧਾਰਾ਼ ਵਿਚ ઑਲੋਕ-ਵਿਸ਼ਵਾਸ਼ ਦਾ ਆਪਣਾ ਹੀ ਵਿਸ਼ੇਸ਼ ਅਸਥਾਨ ਹੈ। ਇੰਜ ਹੀ, ਕਈ ਲੋਕ ਇਸ ਦਿਨ ਦਰਿਆ ਗੰਗਾ ਦੇ ਕੰਢੇ ਹਰਿਦੁਆਰ ਜਾਂ ਕਈ ਹੋਰ ਦਰਿਆਵਾਂ ਵਿਚ ਇਸ਼ਨਾਨ ਕਰਨਾ ਸ਼ੁਭ ਸਮਝਦੇ ਹਨ। ਹਰੇਕ ਵਿਅੱਕਤੀ ਦਾ ਆਪਣਾ ਆਪਣਾ ਅਕੀਦਾ ਹੈ ਤੇ ਇਸ ‘ਤੇ ਕਿੰਤੂ-ਪ੍ਰੰਤੂ ਕਰਨਾ ਫਜ਼ੂਲ ਹੈ।
ਉੱਤਰੀ ਭਾਰਤ, ਖਾਸ ਤੌਰ ‘ਤੇ ਪੰਜਾਬ ਵਿਚ ਵਿਸਾਖੀ ਮੁੱਖ ਤੌਰ ‘ਤੇ ਕਿਸਾਨਾਂ ਦਾ ਤਿਉਹਾਰ ਹੈ। ਇਸ ਖਿੱਤੇ ਦੀ ਮੁੱਖ ਫਸਲ ਕਣਕ ਇਨ੍ਹੀਂ ਦਿਨੀਂ ਪੱਕ ਕੇ ਤਿਆਰ ਹੋ ਜਾਂਦੀ ਹੈ ਜਿਸ ਨੂੰ ਵੇਖ ਕੇ ਕਿਸਾਨ ਝੂਮ ਉੱਠਦਾ ਹੈ ਕਿਉਂਕਿ ਉਸਦੀ ਆਰਥਿਕਤਾ ਇਸ ਦੇ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ। ਬੇਸ਼ਕ, ਹੁਣ ਪੰਜਾਬ ਵਿਚ ਕਈ ਥਾਈਂ ਸਾਲ ਵਿਚ ਤਿੰਨ-ਤਿੰਨ ਫਸਲਾਂ ਵੀ ਲਈਆਂ ਜਾਂਦੀਆਂ ਹਨ ਪਰ ਅਜੇ ਵੀ ਬਹੁਤੇ ਇਲਾਕਿਆਂ ਵਿਚ ਕਣਕ ਹੀ ਹਾੜ੍ਹੀ ਦੀ ਮੁੱਖ ਫਸਲ ਹੈ। ਜੱਟ-ਜ਼ਿਮੀਂਦਾਰ ਪਹਿਲਾਂ ਆਪਣੀਆਂ ਬੈਲ-ਗੱਡੀਆਂ ਵਿਚ ਪਰਿਵਾਰਾਂ ਸਮੇਤ ਬੈਠ ਕੇ ਇਨ੍ਹਾਂ ਮੇਲਿਆਂ ਵਿਚ ਜਾਇਆ ਕਰਦੇ ਸਨ, ਭਾਵੇਂ ਹੁਣ ਇਨ੍ਹਾਂ ਬੈਲ-ਗੱਡੀਆਂ ਦੀ ਥਾਂ ਟ੍ਰੈਕਟਰਾਂ-ਟਰਾਲੀਆਂ, ਸਕੂਟਰਾਂ, ਮੋਟਰ-ਸਾਈਕਲਾਂ ਤੇ ਕਾਰਾਂ ਨੇ ਲੈ ਲਈ ਹੈ। ਮੇਲਿਆਂ ਵਿਚ ਕਵੀਸ਼ਰਾਂ, ਗਵੱਈਆਂ, ਨਚਾਰਾਂ, ਨਕਲਾਂ ਤੇ ਤਮਾਸ਼ੇ ਕਰਨ ਵਾਲਿਆਂ ਨੇ ਆਪੋ ਆਪਣੇ ਅਖਾੜੇ ਸਜਾਏ ਹੁੰਦੇ ਸਨ ਤੇ ਇਹ ઑਲੋਕ-ਕਲਾਕਾਰ਼ ਆਏ ਹੋਏ ਲੋਕਾਂ ਦਾ ਭਰਪੂਰ ਮਨੋਰੰਜਨ ਕਰਿਆ ਕਰਦੇ ਸਨ। ਇਥੇ ਰੱਸਾਕਸ਼ੀ, ਗੱਤਕਾ, ਨੇਜ਼ਾਬਾਜ਼ੀ, ਮੂੰਗਲੀਆਂ ਫੇਰਨ, ਮੁਗਦਰ ਚੁੱਕਣ, ਵੀਣੀ ਫੜ੍ਹਨ ਆਦਿ ਦੇ ਮੁਕਾਬਲੇ ਹੁੰਦੇ ਸਨ। ਪਹਿਲਵਾਨਾਂ ਦੇ ਘੋਲ ਤੇ ਕਬੱਡੀ ਦੇ ਮੈਚ ਵੀ ਹੁੰਦੇ ਸਨ। ਹੁਣ ਵੀ ਕਈ ਥਾਈਂ ਇਹ ਨਜ਼ਾਰੇ ਵੇਖਣ ਨੂੰ ਮਿਲਦੇ ਹਨ ਜਿਨ੍ਹਾਂ ਵਿਚ ਪੰਜਾਬ ਦੇ ਅਮੀਰ-ਸੱਭਿਆਚਾਰ ਦੀ ਵਧੀਆ ਝਲਕ ਪੈਂਦੀ ਹੈ। ਗੱਭਰੂ ਢੋਲ ਦੀ ਤਾਲ ‘ਤੇ ”ਜੱਟਾ ਆਈ ਵਿਸਾਖੀ, ਕਣਕਾਂ ਦੀ ਮੁੱਕ ਗਈ ਰਾਖੀ” ਦੀ ਬੋਲੀ ਤੇ ਹੋਰ ਬੋਲੀਆਂ ਪਾ ਕੇ ਪੰਜਾਬ ਦਾ ਮਸ਼ਹੂਰ ਲੋਕ-ਨਾਚ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਵਿਸਾਖੀ ਦੇ ਇਨ੍ਹਾਂ ਮੇਲਿਆਂ ਨੂੰ ਤੱਕ ਕੇ ਹੀ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਇਹ ਬੋਲ ਉਚਾਰੇ ਹਨ ਜੋ ਅੱਜ ਵੀ ਹਰੇਕ ਪੰਜਾਬੀ ਦੀ ਜ਼ਬਾਨ ‘ਤੇ ਹਨ:
”ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਹਾਂ ਦੀ ਉਡੀਕ ‘ਚ ਸਿਆੜ ਕੱਢ ਕੇ,
(ਕਾਮੇ) ਨੂੰ ਘਰ-ਬਾਹਰ ਦੀ ਰਾਖੀ ਛੱਡ ਕੇ।
ਪੱਗ, ਝੱਗਾ, ਚਾਦਰ ਨਵੀਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।”
ਮੇਰੇ ਖਿਆਲ ਵਿਚ ਜਦੋਂ ਚਾਤ੍ਰਿਕ ਜੀ ਨੇ ਇਹ ਗੀਤ ਲਿਖਿਆ ਹੈ, ਉਦੋਂ ਕਣਕ ਦੀ ਫਸਲ ਅੱਜ ਨਾਲੋਂ ਬਹੁਤ ਪਹਿਲਾਂ ਪੱਕ ਜਾਂਦੀ ਹੋਵੇਗੀ ਤੇ ਇਸ ਦੀ ਵਾਢੀ ਵਿਸਾਖੀ ਤੋਂ ਪਹਿਲਾਂ ਚੇਤਰ ਮਹੀਨੇ ਵਿਚ ਹੀ ਹਰ ਹਾਲਤ ਵਿਚ ਹੋ ਜਾਂਦੀ ਹੋਵੇਗੀ। ਤਾਂ ਹੀ ਜੱਟ ઑਹਾੜ੍ਹੀ ਵੇਚ-ਵੱਟਣ਼ ਅਤੇ ઑਲੰਬੜਾਂ-ਸ਼ਾਹਾਂ ਦਾ ਹਿਸਾਬ-ਕਿਤਾਬ ਚੁਕਾਉਣ਼ ਉਪਰੰਤ ਵਿਹਲਾ ਹੋ ਕੇ ਵਿਸਾਖੀ ਦੇ ਮੇਲੇ ‘ਤੇ ਆਉਂਦਾ ਹੋਵੇਗਾ। ਹੁਣ ਸਾਲੋ-ਸਾਲ ਬਦਲ ਰਹੇ ਮੌਸਮ ਕਾਰਨ ਪੰਜਾਬ ਵਿਚ ਕਣਕ ਦੇਰ ਨਾਲ ਪੱਕਣ ਕਰਕੇ ਇਸ ਦੀ ਵਾਢੀ ਕਾਫੀ ਲੇਟ ਹੋ ਜਾਂਦੀ ਹੈ ਤੇ ਇਹ ਆਮ ਤੌਰ ‘ਤੇ ਵਿਸਾਖੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਪਰ ਇਹ ਗੀਤ ਜੋ ਇਕ ઑਲੋਕ-ਗੀਤ਼ ਦਾ ਦਰਜਾ ਅਖ਼ਤਿਆਰ ਕਰ ਚੁੱਕਾ ਹੈ ਅਤੇ ਹਰੇਕ ਮੇਲੇ ਤੇ ਭੰਗੜਾ-ਮੁਕਾਬਲਿਆਂ ਦਾ ਸ਼ਿੰਗਾਰ ਹੁੰਦਾ ਹੈ, ਦੀ ਆਪਣੀ ਹੀ ਇਤਿਹਾਸਕ ਤੇ ਸਭਿਆਚਾਰਕ-ਮਹੱਤਤਾ ਹੈ ਤੇ ਇਹ ਅੱਜ ਦੇ ਸੰਦਰਭ ਵਿਚ ਵੀ ਓਨਾ ਹੀ ਪ੍ਰਸੰਗਕ ਹੈ।
ਇੰਜ, ਸਾਡੇ ਭਾਰਤ ਦੇ ਉੱਤਰੀ-ਖਿੱਤੇ ਵਿਚ ਵਿਸਾਖੀ ਦੇ ਇਸ ਦਿਹਾੜੇ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਦੇ ਨਾਲ-ਨਾਲ ਸਮਾਜਿਕ ਤੇ ਸਭਿਆਚਾਰਕ ਤਿਓਹਾਰ ਹੋਣ ਕਰਕੇ ਓਨੀ ਹੀ ਮਹਾਨਤਾ ਹੈ। ਇੱਥੇ ਕੈਨੇਡਾ ਵਿਚ ਵੀ ਵਿਸਾਖੀ ਦਾ ਦਿਹਾੜਾ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਕ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਜਾ ਕੇ ਨਤ-ਮਸਤਕ ਹੁੰਦੇ ਹਨ ਅਤੇ ਰਾਗੀਆਂ, ਢਾਡੀਆਂ ਅਤੇ ਕਥਾਕਾਰਾਂ ਕੋਲੋਂ ਇਸ ਦਿਨ ਦੀ ਮਹੱਤਤਾ ਬਾਰੇ ਵਿਖਿਆਨ ਸੁਣਦੇ ਹਨ। ਹੁਣ ਤਾਂ ਇਹ ਧਾਰਮਿਕ ਅਤੇ ਸਭਿਆਚਾਰਕ ਤਿਓਹਾਰ ਕੈਨੇਡਾ ਦੀ ਪਾਰਲੀਮੈਂਟ ਵਿਚ ਵੀ ਜਾ ਪਹੁੰਚਾ ਹੈ ਜਿੱਥੇ ਇਸ ਪਵਿੱਤਰ ਦਿਹਾੜੇ ਤੋਂ ਦੋ ਦਿਨ ਪਹਿਲਾਂ ਗੁਰਬਾਣੀ ਦਾ ਅਖੰਡ ਪਾਠ ਆਰੰਭ ਕੀਤਾ ਜਾਂਦਾ ਹੈ ਅਤੇ ਇਸ ਦਾ ਭੋਗ ਵਿਸਾਖੀ ਵਾਲੇ ਦਿਨ ਪਾਇਆ ਜਾਂਦਾ ਹੈ। ਉਪਰੰਤ, ਗੁਰਬਾਣੀ ਦਾ ਕੀਰਤਨ, ਕਥਾ ਅਤੇ ਗੁਰਬਾਣੀ ਵਿਚਾਰ ਸਾਂਝੇ ਕੀਤੇ ਜਾਂਦੇ ਹਨ। ਉਪਰੰਤ, ‘ਗੁਰੂ ਕਾ ਲੰਗਰ’ ਅਟੁੱਟ ਵਰਤਾਇਆ ਜਾਂਦਾ ਹੈ।
ਵਿਸਾਖੀ ਦਾ ਇਹ ਤਿਉਹਾਰ ਸਾਡੇ ਸਾਂਝੇ-ਸਭਿਆਚਾਰ ਦਾ ਪ੍ਰਤੀਕ ਹੈ ਅਤੇ ਇਹ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਅਜਿਹੇ ਤਿਓਹਾਰ ਸਾਨੂੰ ਸਾਰਿਆਂ ਮਿਲ ਕੇ ਸੁਚੱਜੀ ਤੇ ਪਵਿੱਤਰ ਭਾਵਨਾ ਨਾਲ ਮਨਾਉਣੇ ਚਾਹੀਦੇ ਹਨ। ਇਸ ਦਿਨ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਨਹੀਂ ਹੋਣਾ ਚਾਹੀਦਾ, ਸਗੋਂ ਪਰਿਵਾਰ ਨਾਲ ਮਿਲ ਕੇ ਇਸ ਨੂੰ ਹੱਸ-ਖੇਡ ਕੇ ਖੁਸ਼ੀਆਂ ਨਾਲ ਮਨਾਇਆ ਜਾਣਾ ਚਾਹੀਦਾ ਹੈ।

Check Also

ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਜਾਰੀ

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਡਟੇ ਕਿਸਾਨ ਪਟਿਆਲਾ : ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ …