Breaking News
Home / ਪੰਜਾਬ / ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲਾਂ ਦੀ ਹਾਰ ਦਾ ਸਭ ਤੋਂ ਵੱਧ ਦੁੱਖ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲਾਂ ਦੀ ਹਾਰ ਦਾ ਸਭ ਤੋਂ ਵੱਧ ਦੁੱਖ

ਕਿਹਾ : ਅਕਾਲੀ ਦਲ ਦਾ ਖਾਤਮਾ ਦੇਸ਼ ਤੇ ਸਿੱਖਾਂ ਲਈ ਘਾਤਕ ਹੋਵੇਗਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਈ ਵੱਡੀ ਹਾਰ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਦੁੱਖ ਹੋਇਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਅਤੇ ਸਿੱਖਾਂ ਦੋਵਾਂ ਲਈ ਘਾਤਕ ਹੋਵੇਗਾ। ਉਨ੍ਹਾਂ ਅੰਮ੍ਰਿਤਸਰ ‘ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖ ਚਿੰਤਤ ਹਨ। ਇਹ ਚਿੰਤਾ ਉਨ੍ਹਾਂ ਸਿੱਖ ਆਗੂਆਂ ਨੇ ਵੀ ਪ੍ਰਗਟਾਈ ਹੈ ਜੋ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨਾਲ ਸਹਿਮਤ ਨਹੀਂ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਇੱਕ ਸਿਆਸੀ ਪਾਰਟੀ ਨਹੀਂ ਹੈ ਸਗੋਂ ਇੱਕ ਸੋਚ ਹੈ। ਇਹ ਸੋਚ ਸਿੱਖਾਂ ਦੀ ਚੜ੍ਹਦੀ ਕਲਾ ਅਤੇ ਖਾਲਸੇ ਨਾਲ ਜੁੜੀ ਹੋਈ ਹੈ। ਇਸ ਸੋਚ ਨੂੰ ਕਾਇਮ ਰੱਖਣ ਅਤੇ ਉਭਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸੇ ਸੋਚ ਨੂੰ ਲੈ ਕੇ ਹੀ ਅਕਾਲ ਤਖਤ ਸਾਹਿਬ ਤੋਂ ਸਿੱਖਾਂ ਦੀ ਇਸ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਸੀ। ਇਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਸੰਘਰਸ਼ ‘ਚ ਵੀ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਮੁੱਚੇ ਅਕਾਲੀ ਦਲ ਆਪੋ ਆਪਣੀ ਹਉਮੈ ਨੂੰ ਤਿਆਗ ਕੇ ਅਕਾਲ ਤਖ਼ਤ ਸਾਹਿਬ ‘ਤੇ ਬੈਠ ਕੇ ਇਸ ਨੂੰ ਵਿਚਾਰਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕੱਠੇ ਹੋਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਟੀਚਿਆਂ ਨੂੰ ਲੈ ਕੇ ਪੈਦਾ ਹੋਇਆ ਸੀ, ਉਨ੍ਹਾਂ ਦੀ ਪੂਰਤੀ ਲਈ ਮੁੜ ਯਤਨ ਕਰਨ ਦੀ ਲੋੜ ਹੈ।
ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਸ਼ਬਦਾਵਲੀ, ਬੋਲਬਾਣੀ ਆਦਿ ਨੂੰ ਲੈ ਕੇ ਵੱਡਾ ਨਿਘਾਰ ਆ ਰਿਹਾ ਹੈ ਜਿਸ ਨੂੰ ਠੀਕ ਕਰਨ ਦੀ ਲੋੜ ਹੈ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਪੰਜ ਪਿਆਰਿਆਂ ਵਿਚੋਂ ਭਾਈ ਸੁਖਵਿੰਦਰ ਸਿੰਘ ਤੇ ਭਾਈ ਬਲਜਿੰਦਰ ਸਿੰਘ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਢਾਹ ਲੱਗੀ ਸੀ ਅਤੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦੀਆਂ ਸੀਟਾਂ ਦੀ ਗਿਣਤੀ ਨਾ ਮਾਤਰ ਰਹਿ ਗਈ ਹੈ।
ਬਾਦਲਾਂ ਦੀ ਚਿੰਤਾ ਛੱਡਣ ਜਥੇਦਾਰ : ਰੰਧਾਵਾ
ਅੰਮ੍ਰਿਤਸਰ : ਸਾਬਕਾ ਉੱਪ ਮੁੱਖ ਮੰਤਰੀ ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਬਾਦਲ ਦਲ ਦੀ ਚਿੰਤਾ ਛੱਡ ਕੇ ਸਮੁੱਚੀ ਕੌਮ ਦੀ ਅਗਵਾਈ ਕਰਨ। ਇਹ ਪੱਤਰ ਉਨ੍ਹਾਂ ਹਾਲ ਹੀ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਖ਼ਤਮ ਹੋ ਰਹੀ ਹੋਂਦ ‘ਤੇ ਪ੍ਰਗਟਾਈ ਚਿੰਤਾ ਦੇ ਪ੍ਰਤੀਕਰਮ ਵਜੋਂ ਭੇਜਿਆ ਹੈ। ਦੋ ਸਫਿਆਂ ਦੇ ਇਸ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਚੋਣਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਅਕਾਲ ਤਖਤ ਵੱਲੋਂ ਚਿੰਤਾ ਪ੍ਰਗਟਾਈ ਗਈ ਹੈ। ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੰਥ ਨੂੰ ਸਿਰਫ ਬਾਦਲਾਂ ਤਕ ਹੀ ਸੀਮਤ ਨਾ ਕਰਨ।

 

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …