ਸਰਵੇ ਤੋਂ ਬਾਅਦ ਕਾਂਗਰਸ ਨਾਲ ਗੱਠਜੋੜ ਸਬੰਧੀ ਕੀਤਾ ਜਾਵੇਗਾ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ ਨੇ ਸਰਵੇ ਸ਼ੁਰੂ ਕਰ ਦਿੱਤਾ ਹੈ। ਇਸ ਸਰਵੇ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਪੰਜਾਬ ’ਚ ਕਾਂਗਰਸ ਪਾਰਟੀ ਨਾਲ ਗੱਠਜੋੜ ਸਬੰਧੀ ਫੈਸਲਾ ਕਰੇਗੀ। ਧਿਆਨ ਰਹੇ ਕਿ ਇੰਡੀਆ ਗੱਠਜੋੜ ਨੂੰ ਲੈ ਕੇ ਹਾਂਈ ਕਮਾਂਡ ਅਤੇ ਸੂਬਾ ਇਕਾਈਆਂ ’ਚ ਕਾਫ਼ੀ ਮਤਭੇਦ ਚੱਲ ਰਿਹਾ ਹੈ। ਦੋਵੇਂ ਪਾਰਟੀਆਂ ਦੀ ਹਾਈ ਕਮਾਂਡ ਲੋਕ ਸਭਾ ਚੋਣਾਂ ਦੇ ਲਈ ‘ਇੰਡੀਆ’ ਗੱਠਜੋੜ ’ਤੇ ਜ਼ੋਰ ਲਗਾ ਰਹੀਆਂ ਹਨ ਜਦਕਿ ਦੋਵੇਂ ਪਾਰਟੀਆਂ ਦੀਆਂ ਪੰਜਾਬ ਇਕਾਈਆਂ ‘ਇੰਡੀਆ’ ਗੱਠਜੋੜ ਲਈ ਤਿਆਰ ਨਹੀਂਂ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ’ਚ 3-4 ਅਧਿਕਾਰੀਆਂ ਦੀ ਡਿਊਟੀ ਲਗਾਈ ਹੈ,ਜਿਨ੍ਹਾਂ ਵੱਲੋਂ ਲੋਕਾਂ ਦੀ ਰਾਏ ਲਈ ਜਾਵੇਗੀ। ਬੂਥ ਪੱਧਰ ਦੇ ਆਗੂਆਂ ਨੂੰ ਵੀ ਇਸ ਸਰਵੇ ਵਿਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਸਹੀ ਜਾਣਕਾਰੀ ਹਾਈ ਕਮਾਂਡ ਤੱਕ ਪਹੰੁਚ ਸਕੇ। ਇਹ ਸਾਰੀ ਜਾਣਕਾਰੀ ਇਕ ਹਫ਼ਤੇ ਦੇ ਅੰਦਰ-ਅੰਦਰ ਹਾਈ ਕਮਾਂਡ ਤੱਕ ਪੁੱਜਦੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ‘ਇੰਡੀਆ’ ਗੱਠਜੋੜ ਸਬੰਧੀ ਫੈਸਲਾ ਲਿਆ ਜਾਵੇਗਾ।