ਪ੍ਰਿੰਸੀਪਲ ਤਰਸੇਮ ਬਾਹੀਆ ਨਹੀਂ ਰਹੇ
ਚੰਡੀਗੜ੍ਹ : ਪੰਜਾਬ ਦੀਆਂ ਲੋਕ ਲਹਿਰਾਂ ਦੇ ਹਰਿਆਵਲ ਦਸਤੇ ਵਿੱਚ ਮੋਹਰੀ ਰਹਿਣ ਵਾਲੇ ਪ੍ਰਿੰਸੀਪਲ ਤਰਸੇਮ ਬਾਹੀਆ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਆਖਰੀ ਸਾਹ ਲਏ। 50ਵਿਆਂ ਦੇ ਦੌਰ ਵਿੱਚ ਉਹ ਵਿਦਿਆਰਥੀ ਲਹਿਰ ਵਿਚ ਸੁਚੇਤ ਵਿਚਾਰਧਾਰਕ ਕਾਰਕੁਨ ਵਜੋਂ ਸਰਗਰਮ ਹੋਏ ਸਨ। ਮਾਲਵੇ ਦੀ ਮਿੱਟੀ ਦਾ ਜਾਇਆ ਤਰਸੇਮ ਬਾਹੀਆ ਵਿਦਿਆਰਥੀ ਸੰਘਰਸ਼ਾਂ ਵਿਚੋਂ ਕੁੰਦਨ ਵਾਂਗ ਤਪ ਕੇ ਲੋਕ ਲਹਿਰਾਂ ਨੂੰ ਸਮਰਪਿਤ ਹੋ ਗਿਆ। ਪੰਜਾਬ ਦੀ ਅਧਿਆਪਕ ਲਹਿਰ ਤੇ ਖਾਸ ਕਰਕੇ ਪੰਜਾਬ ਪ੍ਰਾਈਵੇਟ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਉਹ ਤਿੰਨ ਦਹਾਕੇ ਨਿਰਵਿਵਾਦਤ ਆਗੂ ਰਹੇ। ਉਹ ਸਮਰਪਿਤ ਸਿੱਖਿਆ ਸ਼ਾਸਤਰੀ, ਹਰਮਨ-ਪਿਆਰੇ ਅਧਿਆਪਕ, ਸਜੱਗ ਜਥੇਬੰਦਕ ਆਗੂ ਅਤੇ ਸੰਵੇਦਨਸ਼ੀਲ ਲੇਖਕ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਮੈਂਬਰ ਵਜੋਂ ਲੰਮਾ ਸਮਾਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਗਿੱਲ ਤੇ ਹੋਰਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਲੇਖਿਕਾ ਤਾਰਨ ਗੁਜਰਾਲ ਦਾ ਦਿਹਾਂਤ
ਮੁਹਾਲੀ : ਪੰਜਾਬੀ ਦੀ ਨਾਮਵਰ ਲੇਖਿਕਾ ਤਾਰਨ ਗੁਜਰਾਲ (90) ਦਾ ਦਿਹਾਂਤ ਹੋ ਗਿਆ। ਉਨ੍ਹਾਂ ਮੁਹਾਲੀ ਦੇ ਆਈਵੀ ਹਸਪਤਾਲ ਵਿੱਚ ਆਖਰੀ ਸਾਹ ਲਏ, ਜਿੱਥੇ ਉਹ ਲੰਘੀ 10 ਮਾਰਚ ਤੋਂ ਜ਼ੇਰੇ ਇਲਾਜ ਸਨ। ਤਾਰਨ ਗੁਜਰਾਲ, ਜਿਨ੍ਹਾਂ ਦਾ ਜਨਮ 22 ਫਰਵਰੀ 1931 ਨੂੰ ਨਨਕਾਣਾ ਸਾਹਿਬ (ਪਾਕਿਸਤਾਨ) ਵਿੱਚ ਪਿਤਾ ਈਸ਼ਰ ਸਿੰਘ ਚੋਪੜਾ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ, ਇੱਕ ਪ੍ਰਗਤੀਸ਼ੀਲ ਲੇਖਿਕਾ ਸਨ। ਉਹ ਅਮਨ ਲਹਿਰ ਵਿੱਚ ਵੀ ਸਰਗਰਮ ਰਹੇ। ਉਹ 1995-96 ਵਿੱਚ ਕਾਨਪੁਰ ਤੋਂ ਚੰਡੀਗੜ੍ਹ ਆਏ ਅਤੇ ਚੰਡੀਗੜ੍ਹ ਦੇ ਸੈਕਟਰ-50 ‘ਚ ਪੈਂਦੀ ਵਿਕਟੋਰੀਆ ਐਨਕਲੇਵ ‘ਚ ਰਹਿ ਰਹੇ ਸਨ। ਉਨ੍ਹਾਂ ਦੇ ਦੋਵੇਂ ਪੁੱਤਰ ਪ੍ਰਿਤਪਾਲ ਸਿੰਘ ਅਤੇ ਬ੍ਰਿਜਇੰਦਰ ਸਿੰਘ ਇੰਗਲੈਂਡ ਰਹਿੰਦੇ ਹਨ। ਤਾਰਨ ਗੁਜਰਾਲ ਨੇ ਬਾਲ ਸਾਹਿਤ, ਕਾਵਿ ਸਾਹਿਤ ਅਤੇ ਕਹਾਣੀਆਂ ਦੀਆਂ ਕਈ ਪੁਸਤਕਾਂ ਲਿਖੀਆਂ। ਉਨ੍ਹਾਂ ਨੇ ਹਿੰਦੀ, ਮਰਾਠੀ, ਉਰਦੂ ਆਦਿ ਤੋਂ ਦਰਜਨਾਂ ਕਹਾਣੀਆਂ ਦਾ ਵੀ ਪੰਜਾਬੀ ‘ਚ ਅਨੁਵਾਦ ਕੀਤਾ। ਸਾਹਿਤਕ ਸੰਸਥਾਵਾਂ ਤੇ ਸਾਹਿਤਕਾਰਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ
ਪ੍ਰਸਿੱਧ ਲੋਕ ਕਵੀ ਤੇ ਖੋਜੀ ਲੇਖਕ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਨਹੀਂ ਰਹੇ
ਪਟਿਆਲਾ : ਪ੍ਰਸਿੱਧ ਲੋਕ ਕਵੀ, ਖੋਜੀ ਲੇਖਕ ਤੇ ਸ਼੍ਰੋਮਣੀ ਕਵੀ ਪ੍ਰੋਫੈਸਰ ਡਾ. ਕੁਲਵੰਤ ਸਿੰਘ ਗਰੇਵਾਲ (76) ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਮੁਹਾਲੀ ਦੇ ਹਸਪਤਾਲ ਵਿਚ ਆਖਰੀ ਸਾਹ ਲਏ। ਪ੍ਰੋ. ਗਰੇਵਾਲ ਨੇ ਪੰਜਾਬੀ ਲੋਕ ਕਾਵਿ ਤੇ ਖੋਜ ਖੇਤਰ ਵਿੱਚ ਨਿੱਠਕੇ ਕੰਮ ਕੀਤਾ।
ਡਾ. ਕੁਲਵੰਤ ਸਿੰਘ ਗਰੇਵਾਲ ਨੇ ਪੰਜਾਬੀ ਸਾਹਿਤ ਦੀ ਝੋਲੀ ਅਨੇਕਾਂ ਪੁਸਤਕਾਂ ਪਾਈਆਂ ਪਰ ‘ਤੇਰਾ ਅੰਬਰਾਂ ‘ਚ ਨਾਂ ਲਿਖਿਆ’ ਤੇ ‘ਅਸੀਂ ਪੁੱਤ ਦਰਿਆਵਾਂ ਦੇ’ ਕਾਵਿ ਸੰਗ੍ਰਹਿ ਬੜੇ ਮਕਬੂਲ ਰਹੇ। ਉਹ ਬੰਗਾਲੀ ਭਾਸ਼ਾ ਦੇ ਵੀ ਗਿਆਤਾ ਸਨ।
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਰਹਿਣ ਤੋਂ ਇਲਾਵਾ ਉਹ ਕੁਝ ਚਿਰ ਭਾਸ਼ਾ ਵਿਭਾਗ ਪੰਜਾਬ ਵਿਚ ਖੋਜ ਸਹਾਇਕ ਵਜੋਂ ਤਾਇਨਾਤ ਰਹੇ ਸਨ। ਉਨ੍ਹਾਂ ਦੇ ਦਿਹਾਂਤ ‘ਤੇ ਸਾਹਿਤ ਪ੍ਰੇਮੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।