ਖੁਫੀਆ ਪੱਤਰ ਮਾਮਲੇ ’ਚ ਰਾਵਲਪਿੰਡੀ ਦੀ ਅਦਾਲਤ ਨੇ ਸੁਣਾਇਆ ਫੈਸਲਾ
ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ (ਪੀਟੀਆਈ) ਦੇ ਆਗੂ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸਾਇਫਰ ਮਾਮਲੇ ’ਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਰਾਵਲਪਿੰਡੀ ਦੀ ਸਪੈਸ਼ਲ ਕੋਰਟ ਵੱਲੋਂ ਇਮਰਾਨ ਖਾਨ ਅਤੇ ਮਹਿਮੂਦ ਕੁਰੈਸ਼ੀ ਦੀ ਮੌਜੂਦਗੀ ’ਚ ਜੱਜ ਅਬੁਲ ਹਸਨਤ ਵੱਲੋਂ ਇਹ ਫੈਸਲ ਸੁਣਾਇਆ ਗਿਆ। ਸੁਣਵਾਈ ਦੌਰਾਨ ਜੱਜ ਨੇ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਆਗੂਆਂ ਨੂੰ ਕਿਹਾ ਕਿ ਉਨ੍ਹਾਂ ਦੇ ਵਕੀਲ ਅਦਾਲਤ ਵਿਚ ਪੇਸ਼ ਨਹੀਂ ਅਤੇ ਦੋਵੇਂ ਆਗੂਆਂ ਨੂੰ ਸਰਕਾਰੀ ਵਕੀਲ ਦਿੱਤੇ ਗਏ। ਅਦਾਲਤ ਨੇ ਇਹ ਵੀ ਕਿਹਾ ਕਿ ਇਮਰਾਨ ਖਾਨ ਅਤੇ ਮਹਿਮੂਦ ਕੁਰੈਸ਼ੀ ਕੋਲੋਂ ਧਾਰਾ 342 ਦੇ ਤਹਿਤ ਸਵਾਲ ਪੁੱਛੇ ਗਏ ਜਦਕਿ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਵਕੀਲ ਅਦਾਲਤ ’ਚ ਮੌਜੂਦ ਨਹੀਂ ਜਿਸ ਦੇ ਚਲਦਿਆਂ ਉਹ ਆਪਣਾ ਬਿਆਨ ਦਰਜ ਨਹੀਂ ਕਰਵਾ ਸਕਦੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਇਮਰਾਨ ਖਾਨ ਨੂੰ 5 ਅਗਸਤ 2023 ਨੂੰ ਤੋਸ਼ਾਖਾਨਾ ਮਾਮਲੇ ’ਚ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸਲਾਮਾਬਾਦ ਦੀ ਟ੍ਰਾਇਲ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਇਮਰਾਨ ਖਾਨ ਦੇ 5 ਸਾਲ ਤੱਕ ਚੋਣ ਲੜਨ ’ਤੇ ਪਾਬੰਦੀ ਵੀ ਲਗਾ ਦਿੱਤੀ ਸੀ ਅਤੇ ਇਸ ਤੋਂ ਬਾਅਦ ਲਾਹੌਰ ਪੁਲਿਸ ਨੇ ਇਮਰਾਨ ਖਾਨ ਨੂੰ ਗਿ੍ਰਫ਼ਤਾਰ ਕਰ ਲਿਆ ਸੀ।