
ਬਰਫਬਾਰੀ ਕਾਰਨ ਵਾਪਰਿਆ ਹਾਦਸਾ
ਦੇਹਰਾਦੂਨ/ਬਿਊਰੋ ਨਿਊਜ਼
ਉਤਰਾਖੰਡ ਵਿਚ ਬਦਰੀਨਾਥ ਲਾਗਲੇ ਪਿੰਡ ਮਾਣਾ ਵਿਚ ਬਰਫ ਦੇ ਤੋਦੇ ਖਿਸਕਣ ਕਾਰਨ ਬਾਰਡਰ ਰੋਡ ਆਰਗੇਨਾਈਜੇਸ਼ਨ ਦੇ 57 ਮਜ਼ਦੂਰ ਬਰਫ ਹੇਠਾਂ ਦਬ ਗਏ। ਜ਼ਿਕਰਯੋਗ ਹੈ ਕਿ ਮਾਣਾ ਪਿੰਡ ਚੀਨ ਵਾਲੇ ਪਾਸੇ ਭਾਰਤ ਦਾ ਆਖਰੀ ਪਿੰਡ ਹੈ। ਇਸ ਇਲਾਕੇ ਵਿਚ ਹੋ ਰਹੀ ਬਰਫਬਾਰੀ ਦੌਰਾਨ ਇਹ ਘਟਨਾ ਵਾਪਰੀ ਹੈ। ਆਈ.ਜੀ. ਗੜ੍ਹਵਾਲ ਰਾਜੀਵ ਸਵਰੂਪ ਨੇ ਕਿਹਾ ਕਿ ਕੁਝ ਮਜ਼ਦੂਰਾਂ ਨੂੰ ਬਾਹਰ ਵੀ ਕੱਢਿਆ ਗਿਆ ਹੈ ਅਤੇ ਹੋਰਾਂ ਦੀ ਭਾਲ ਜਾਰੀ ਹੈ। ਐਨ.ਡੀ.ਆਰ.ਐਫ਼, ਐਸ.ਡੀ.ਆਰ.ਐਫ਼., ਆਈ.ਟੀ.ਬੀ.ਪੀ. ਅਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ। ਉਧਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿਚ ਹੋਈ ਬਰਫਬਾਰੀ ਤੇ ਮੀਂਹ ਨਾਲ ਪਹਾੜੀ ਇਲਾਕਿਆਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿਚ ਵੀ ਠੰਡ ਨੇ ਮੁੜ ਜ਼ੋਰ ਫੜ ਲਿਆ ਹੈ। ਸੱਜਰੀ ਬਰਫਬਾਰੀ ਤੇ ਮੀਂਹ ਕਰਕੇ ਹਿਮਾਚਲ ਵਿਚ 200 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ ਤੇ ਬਿਜਲੀ ਪਾਣੀ ਜਿਹੀਆਂ ਜ਼ਰੂਰੀ ਸੇਵਾਵਾਂ ਅਸਰਅੰਦਾਜ਼ ਹੋਈਆਂ ਹਨ। ਇਸੇ ਦੌਰਾਨ ਪੰਜਾਬ ਅਤੇ ਨੇੜਲੇ ਇਲਾਕਿਆਂ ਵਿਚ ਵੀ ਰੁਕ-ਰੁਕ ਕੇ ਮੀਂਹ ਪਿਆ ਹੈ, ਜਿਸ ਕਾਰਨ ਠੰਡ ਮੁੜ ਵਧ ਗਈ ਹੈ।