380 ਕੇਸ ਅਜੇ ਵੀ ਕੇਂਦਰ ਸਰਕਾਰ ਕੋਲ ਪੈਂਡਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਵਿਚ 1992 ’ਚ ਪਹਿਲੀ ਅਫਗਾਨੀ ਖੱਬੇਪੱਖੀ ਸਰਕਾਰ ਦੇ ਡਿੱਗਣ ਤੋਂ ਬਾਅਦ ਭਾਰਤ ਵਿਚ ਦਾਖਲ ਹੋਣ ਵਾਲੇ 400 ਅਫਗਾਨੀ ਸਿੱਖਾਂ ਵਿਚੋਂ 20 ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਤਹਿਤ ਭਾਰਤੀ ਨਾਗਰਿਕਤਾ ਮਿਲ ਗਈ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਸਿੱਖਾਂ ਨੇ ਅੰਮਿ੍ਰਤਸਰ, ਜਲੰਧਰ ਅਤੇ ਲੁਧਿਆਣਾ ਵਿਚ ਰਿਹਾਇਸ਼ ਕੀਤੀ ਹੈ। ਹਾਲਾਂਕਿ ਅਜੇ ਵੀ ਇਸ ਸਬੰਧੀ 380 ਕੇਸ ਕੇਂਦਰ ਸਰਕਾਰ ਦੇ ਕੋਲ ਪੈਂਡਿੰਗ ਪਏ ਹੋਏ ਹਨ। ਜਿਨ੍ਹਾਂ ਅਫਗਾਨੀ ਸਿੱਖ ਪਰਿਵਾਰਾਂ ਨੂੰ ਭਾਰਤੀ ਨਾਗਰਿਕਤਾ ਮਿਲੀ ਹੈ, ਉਨ੍ਹਾਂ ਦਾ ਦੱਸਣਾ ਸੀ ਕਿ 32 ਸਾਲ ਪਹਿਲਾਂ 1992 ਵਿਚ ਅਫਗਾਨਿਸਤਾਨ ਦਾ ਮਾਹੌਲ ਖਰਾਬ ਹੋਣ ਤੋਂ ਬਾਅਦ ਕਰੀਬ 400 ਅਫਗਾਨੀ ਸਿੱਖ ਭਾਰਤ ਆ ਗਏ ਸਨ। ਇਨ੍ਹਾਂ ਵਿਚੋਂ ਕਈ ਅੰਮਿ੍ਰਤਸਰ, ਜਲੰਧਰ ਅਤੇ ਲੁਧਿਆਣਾ ਵਿਚ ਵਸ ਗਏ ਅਤੇ ਕਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੇ ਹਨ। ਧਿਆਨ ਰਹੇ ਕਿ ਭਾਰਤ ਵਿਚ ਸ਼ਰਣ ਲੈਣ ਵਾਲੇ ਇਨ੍ਹਾਂ ਸਿੱਖ ਪਰਿਵਾਰਾਂ ਨੂੰ ਰਹਿਣ ਦੇ ਲਈ ਆਪਣੇ ਵੀਜ਼ੇ ਦੀ ਮਿਆਦ ਵਧਾਉਣੀ ਪੈਂਦੀ ਹੈ।