ਕੇਜਰੀਵਾਲ ਦੇ ਸੁਝਾਅ ਨੂੰ ਕਰ ਦਿੱਤਾ ਗਿਆ ਖਾਰਜ
ਨਵੀਂ ਦਿੱਲੀ/ਬਿਊਰੋ ਨਿਊਜ਼
15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਥਾਂ ਮੰਤਰੀ ਆਤਿਸ਼ੀ ਹੁਣ ਤਿਰੰਗਾ ਨਹੀਂ ਲਹਿਰਾ ਸਕੇਗੀ। ਅਰਵਿੰਦ ਕੇਜਰੀਵਾਲ ਨੇ ਜੇਲ੍ਹ ਵਿਚ ਹੋਣ ਕਾਰਨ ਇਹ ਇੱਛਾ ਜਤਾਈ ਸੀ ਕਿ 15 ਅਗਸਤ ਨੂੰ ਉਨ੍ਹਾਂ ਦੀ ਜਗ੍ਹਾ ਆਤਿਸ਼ੀ ਤਿਰੰਗਾ ਲਹਿਰਾਏਗੀ। ਦਿੱਲੀ ਸਰਕਾਰ ਦੇ ਜਨਰਲ ਐਡਮਨਿਸਟਰੇਸ਼ਨ ਡਿਪਾਰਟਮੈਂਟ ਨੇ ਕੇਜਰੀਵਾਲ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਹੈ। ਕੇਜਰੀਵਾਲ ਦੀ ਦਲੀਲ ਨੂੰ ਖਾਰਜ ਕਰਦੇ ਸਮੇਂ ਨਿਯਮਾਂ ਦਾ ਹਵਾਲਾ ਦਿੱਤਾ ਗਿਆ ਹੈ। ਧਿਆਨ ਰਹੇ ਕਿ ਜੇਲ੍ਹ ਵਿਚ ਬੰਦ ਕੇਜਰੀਵਾਲ ਦੇ ਨਿਰਦੇਸ਼ ’ਤੇ ‘ਆਪ’ ਆਗੂ ਗੋਪਾਲ ਰਾਏ ਨੇ 15 ਨੂੰ ਝੰਡਾ ਲਹਿਰਾਉਣ ਦੇ ਸਬੰਧ ਵਿਚ ਵਿਭਾਗ ਨੂੰ ਚਿੱਠੀ ਲਿਖੀ ਸੀ। ਚਿੱਠੀ ਵਿਚ ਦੱਸਿਆ ਸੀ ਕਿ ਦਿੱਲੀ ਵਿਚ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਮੰਤਰੀ ਆਤਿਸ਼ੀ ਝੰਡਾ ਲਹਿਰਾਏਗੀ। ਇਸ ਚਿੱਠੀ ਦਾ ਜਵਾਬ ਦਿੱਲੀ ਸਰਕਾਰ ਦੇ ਜਨਰਲ ਐਡਮਨਿਸਟ੍ਰੇਸ਼ਨ ਵਿਭਾਗ ਵਲੋਂ ਦੇ ਦਿੱਤਾ ਗਿਆ ਹੈ, ਜਿਸ ਵਿਚ ਕਿਹਾ ਹੈ ਕਿ ਅਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਝੰਡਾ ਲਹਿਰਾ ਸਕਦੇ ਹਨ। ਜ਼ਿਕਰਯੋਗ ਹੈ ਕਿ ਆਜ਼ਾਦੀ ਦਿਵਸ ਮੌਕੇ ਦਿੱਲੀ ਸਰਕਾਰ ਹਰ ਸਾਲ ਛਤਰਸਾਲ ਸਟੇਡੀਅਮ ਵਿਚ ਸਮਾਗਮ ਦਾ ਆਯੋਜਨ ਕਰਦੀ ਹੈ, ਜਿਸ ਵਿਚ ਮੁੱਖ ਮੰਤਰੀ ਝੰਡਾ ਲਹਿਰਾਉਂਦੇ ਹਨ, ਪਰ ਇਸ ਵਾਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੇਲ੍ਹ ਵਿਚ ਹਨ। ਇਸ ਲਈ ਉਨ੍ਹਾਂ ਨੇ ਕੈਬਨਿਟ ਮੰਤਰੀ ਆਤਿਸ਼ੀ ਨੂੰ ਝੰਡਾ ਲਹਿਰਾਉਣ ਲਈ ਅਧਿਕਾਰ ਦਿੱਤਾ ਸੀ।