ਸਰਕਾਰੀ ਕੋਠੀ ’ਚ ਸ਼ਿਫਟ ਹੋਣ ਦੀ ਚਰਚਾ
ਜਲੰਧਰ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਜਲੰਧਰ ਸਥਿਤ ਰਿਹਾਇਸ਼ ਬਦਲਣ ਸਬੰਧੀ ਚਰਚਾ ਚੱਲ ਰਹੀ ਹੈ। ਮੁੱਖ ਮੰਤਰੀ ਹੁਣ ਜਲੰਧਰ ਸ਼ਹਿਰ ਵਿਚ ਸਥਿਤ ਪੁਰਾਣੀ ਬਾਰਾਦਰੀ ਇਲਾਕੇ ਵਿਚ ਸ਼ਿਫਟ ਹੋਣ ਲਈ ਤਿਆਰੀ ਕਰ ਰਹੇ ਹਨ। ਜਿਸ ਸਰਕਾਰੀ ਕੋਠੀ ਵਿਚ ਸੀਐਮ ਸ਼ਿਫਟ ਹੋ ਰਹੇ ਹਨ, ਉਹ ਕੋਠੀ ਡਿਵੀਜ਼ਨਲ ਕਮਿਸ਼ਨਰ ਦੀ ਹੈ, ਜਿਨ੍ਹਾਂ ਦਾ ਹਾਲ ਹੀ ਵਿਚ ਤਬਾਦਲਾ ਹੋ ਗਿਆ ਹੈ। ਹੁਣ ਇਹ ਆਲੀਸ਼ਾਨ ਕੋਠੀ ਸੀਐਮ ਭਗਵੰਤ ਮਾਨ ਲਈ ਤਿਆਰ ਹੋ ਰਹੀ ਹੈ। ਧਿਆਨ ਰਹੇ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਸੀਐਮ ਮਾਨ ਨੇ ਸ਼ਹਿਰ ਵਿਚ ਇਕ ਕੋਠੀ ਕਿਰਾਏ ’ਤੇ ਲਈ ਸੀ। ਚੋਣ ਪ੍ਰਚਾਰ ਦੇ ਦੌਰਾਨ ਉਨ੍ਹਾਂ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਚੋਣਾਂ ਤੋਂ ਬਾਅਦ ਵੀ ਜਲੰਧਰ ਵਿਚ ਹੀ ਰਹਿਣਗੇ ਅਤੇ ਹਰ ਹਫਤੇ ਇੱਥੇ ਆ ਕੇ ਲੋਕਾਂ ਦੇ ਕੰਮ ਕਰਵਾਉਣਗੇ। ਉਨ੍ਹਾਂ ਕਿਹਾ ਸੀ ਕਿ ਮਾਝਾ ਅਤੇ ਦੋਆਬਾ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਉਨ੍ਹਾਂ ਦੇ ਕੰਮ ਜਲੰਧਰ ਵਿਚ ਹੀ ਹੋ ਜਾਇਆ ਕਰਨਗੇ।