ਨਵੀਂ ਦਿੱਲੀ : ਹੁਣ ਈਪੀਐਫ ‘ਚੋਂ ਪੈਸਾ ਕਢਵਾਉਣ ‘ਤੇ ਟੈਕਸ ਨਹੀਂ ਲੱਗੇਗਾ। ਕੇਂਦਰ ਸਰਕਾਰ ਨੇ ਟੈਕਸ ਲਗਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਵਿੱਤ ਮੰਤਰੀ ਨੇ ਸਰਕਾਰ ਦੇ ਬਦਲੇ ਫੈਸਲੇ ਦਾ ਲੋਕ ਸਭਾ ਵਿਚ ਐਲਾਨ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਬਜਟ ਸ਼ੈਸ਼ਨ ਵਿਚ ਈਪੀਐਫ ਕਢਵਾਉਣ ‘ਤੇ ਟੈਕਸ ਲਗਾਉਣ ਦੇ ਫੈਸਲੇ ਕਾਰਨ ਸਰਕਾਰ ਮਿਡਲ ਕਲਾਸ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਸੀ। ਮੁਲਾਜ਼ਮ ਵਰਗ ਸਰਕਾਰ ਦੇ ਇਸ ਫੈਸਲੇ ਕਾਰਨ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਸੀ। ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਇਸ ਮਾਮਲੇ ‘ਤੇ ਘੇਰਦਿਆਂ ਫੈਸਲਾ ਵਾਪਸ ਲੈਣ ਲਈ ਦਬਾਅ ਬਣਾ ਰਹੀ ਸੀ। ਲਗਾਤਾਰ ਹੋ ਰਹੇ ਵਿਰੋਧ ਤੋਂ ਬਾਅਦ ਆਖਰ ਮੋਦੀ ਸਰਕਾਰ ਨੂੰ ਝੁਕਣਾ ਪਿਆ ਹੈ। ਦੂਜੇ ਪਾਸੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਨੂੰ ਸਰਕਾਰ ‘ਤੇ ਉਨ੍ਹਾਂ ਵਲੋਂ ਬਣਾਏ ਗਏ ਦਬਾਅ ਦਾ ਨਤੀਜਾ ਦੱਸਿਆ ਹੈ।

