ਪੰਜਾਬ ਦੇ ਡੀਜੀਪੀ ਰਹਿ ਚੁੱਕੇ ਹਨ ਸੁਮੇਧ ਸੈਣੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਦੀ ਗੁੰਮਸ਼ੁਦਗੀ ਤੇ ਕਤਲ ਨਾਲ ਸਬੰਧਤ 33 ਸਾਲ ਪੁਰਾਣੇ ਕੇਸ ਵਿਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ ਦਰਜ ਸੱਜਰੀ ਐੱਫਆਈਆਰ ਵਿਚ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਜਸਟਿਸ ਐੱਮਐੱਮ ਸੁੰਦਰੇਸ਼ ਤੇ ਜਸਟਿਸ ਪੰਕਜ ਮਿੱਤਲ ਦੇ ਬੈਂਚ ਨੇ ਕਿਹਾ ਕਿ ਕੇਸ ਵਿਚ ਦਰਜ ਚਾਰਜਸ਼ੀਟ ਦਾਖ਼ਲ ਹੋ ਚੁੱਕੀ ਹੈ, ਲਿਹਾਜ਼ਾ ਉਹ ਇਸ ਪੜਾਅ ‘ਤੇ ਐੱਫਆਈਆਰ ਵਿਚ ਦਖ਼ਲ ਨਹੀਂ ਦੇਣਾ ਚਾਹੇਗੀ। ਉਂਝ ਸਰਬਉੱਚ ਕੋਰਟ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 8 ਸਤੰਬਰ 2020 ਨੂੰ ਸੁਣਾਏ ਫੈਸਲੇ ਵਿਚ ਦਰਜ ਟਿੱਪਣੀਆਂ ਤੇ ਤੱਥ ਟਰਾਇਲ ਕੋਰਟ ਵਿਚ ਚੱਲ ਰਹੀ ਕਾਰਵਾਈ ‘ਚ ਅੜਿੱਕਾ ਨਹੀਂ ਬਣਨਗੀਆਂ।
ਸੁਮੇਧ ਸੈਣੀ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਸੱਜਰੀ ਐੱਫਆਈਆਰ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ ਦਲੀਲ ਦਿੱਤੀ ਕਿ ਇਸ ਕਥਿਤ ਘਟਨਾ ਦੇ ਤਿੰਨ ਦਹਾਕਿਆਂ ਮਗਰੋਂ ਸਿਆਸੀ ਕਾਰਨਾਂ ਕਰਕੇ 2020 ਵਿਚ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਕੋਰਟ ਨੇ ਪਹਿਲਾਂ ਵੀ ਸੈਣੀ ਨੂੰ ਰਾਹਤ ਦਿੱਤੀ ਹੈ ਤੇ ਇਕ ਵਾਰ ਤਾਂ ਇਸ ਕੇਸ ਵਿਚ ਸਾਬਕਾ ਡੀਜੀਪੀ ਨੂੰ ਸਖ਼ਤ ਕਾਰਵਾਈ ਤੋਂ ਵੀ ਸੁਰੱਖਿਆ ਦਿੱਤੀ ਸੀ। ਜਸਟਿਸ ਸੁੰਦਰੇਸ਼ ਨੇ ਕਿਹਾ ਕਿ ਕਿਉਂ ਜੋ ਇਸ ਕੇਸ ਵਿਚ ਚਾਰਜਸ਼ੀਟ ਦਾਖ਼ਲ ਹੋ ਚੁੱਕੀ ਹੈ, ਜਿਸ ਕਰਕੇ ਉਹ ਇਸ ਪੜਾਅ ‘ਤੇ ਐੱਫਆਈਆਰ ਰੱਦ ਕਰਨ ਵਾਲੇ ਪਾਸੇ ਨਹੀਂ ਜਾਵੇਗੀ। ਬੈਂਚ ਨੇ ਕਿਹਾ ਕਿ ਸੈਣੀ ਟਰਾਇਲ ਕੋਰਟ ਵਿਚ ਕਾਰਵਾਈ ਦਾ ਸਾਹਮਣਾ ਕਰੇ ਤੇ ਢੁੱਕਵੇਂ ਮੰਚ ‘ਤੇ ਇਸ ਨੂੰ ਚੁਣੌਤੀ ਦੇ ਸਕਦੇ ਹਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 5 ਜਨਵਰੀ 2021 ਨੂੰ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਸਨ ਕਿ ਉਹ ਇਸ ਕੇਸ ਵਿਚ ਸੈਣੀ ਖਿਲਾਫ ਦਾਇਰ ਸੱਜਰੀ ਐੱਫਆਈਆਰ ਮਾਮਲੇ ਵਿਚ ਦਰਜ ਚਾਰਜਸ਼ੀਟ ਅਦਾਲਤ ਵਿਚ ਪੇਸ਼ ਕਰੇ। ਸੁਪਰੀਮ ਕੋਰਟ ਮੁਲਤਾਨੀ ਦੀ ਗੁੰਮਸ਼ੁਦਗੀ ਤੇ ਕਤਲ ਮਾਮਲੇ ਵਿਚ ਦਰਜ ਸੱਜਰੇ ਕੇਸ ‘ਚ ਸੈਣੀ ਨੂੰ (3 ਦਸੰਬਰ 2020 ਨੂੰ) ਪਹਿਲਾਂ ਹੀ ਪੇਸ਼ਗੀ ਜ਼ਮਾਨਤ ਦੇ ਚੁੱਕੀ ਹੈ। ਸੁਪਰੀਮ ਕੋਰਟ ਨੇ ਉਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੈਣੀ ਨੂੰ ਪੇਸ਼ਗੀ ਜ਼ਮਾਨਤ ਨਾ ਦੇਣ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ ਸੀ।
ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮੌਜੂਦਾ ਕੇਸ ਵਿਚ ਐੱਫਆਈਆਰ ਦਰਜ ਕਰਨ ਵਿਚ ਕੀਤੀ ਲੰਮੀ ਦੇਰੀ ਯਕੀਨੀ ਤੌਰ ‘ਤੇ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਨ ਦਾ ਵੈਧ ਅਧਾਰ ਹੈ। ਚੇਤੇ ਰਹੇ ਕਿ ਪਲਵਿੰਦਰ ਸਿੰਘ ਮੁਲਤਾਨੀ (ਪੀੜਤ ਦੇ ਭਰਾ) ਨੇ 6 ਮਈ 2020 ਨੂੰ 29 ਸਾਲ ਪੁਰਾਣੇ ਮਾਮਲੇ ਵਿਚ ਐੱਫਆਈਆਰ ਦਰਜ ਕਰਵਾਈ ਸੀ।
ਕੀ ਹੈ 33 ਸਾਲ ਪੁਰਾਣਾ ਮਾਮਲਾ
ਬਲਵੰਤ ਸਿੰਘ ਮੁਲਤਾਨੀ ਚੰਡੀਗੜ੍ਹ ਇੰਡਸਟਰੀਅਲ ਤੇ ਟੂਰਿਜ਼ਮ ਕਾਰਪੋਰੇਸ਼ਨ (ਸਿਟਕੋ) ਵਿਚ ਜੂਨੀਅਰ ਇੰਜਨੀਅਰ ਸੀ। ਸਾਲ 1991 ਵਿਚ ਸੈਣੀ ‘ਤੇ ਦਹਿਸ਼ਤੀ ਹਮਲੇ ਤੋਂ ਬਾਅਦ ਪੁਲਿਸ ਮੁਲਤਾਨੀ, ਜੋ ਮੁਹਾਲੀ ਦਾ ਵਸਨੀਕ ਸੀ, ਨੂੰ ਪੁੱਛ ਪੜਤਾਲ ਲਈ ਨਾਲ ਲੈ ਗਈ ਸੀ। ਸੈਣੀ ਉਦੋਂ ਚੰਡੀਗੜ੍ਹ ਦਾ ਐੱਸਐੱਸਪੀ ਸੀ। ਮੁਲਤਾਨੀ ਦੇ ਭਰਾ ਪਲਵਿੰਦਰ ਦੀ ਸ਼ਿਕਾਇਤ ‘ਤੇ ਸੈਣੀ ਤੇ ਛੇ ਹੋਰਨਾਂ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਸੀ। ਮੁਹਾਲੀ ਦੇ ਮਟੌਰ ਥਾਣੇ ‘ਚ ਦਰਜ ਕੇਸ ਵਿਚ ਅਗਵਾ ਤੇ ਕਤਲ ਸਣੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਲਾਈਆਂ ਗਈਆਂ ਸਨ।
Check Also
ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ
ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …