ਭਾਰਤ ਅਤੇ ਅਮਰੀਕਾ ਦੀ ਫੌਜ ਵਲੋਂ ਹਰ ਸਾਲ ਕੀਤਾ ਜਾਂਦਾ ਹੈ ਜੰਗੀ ਅਭਿਆਸ
ਜੈਪੁਰ/ਬਿਊਰੋ ਨਿਊਜ਼ : ਭਾਰਤ ਅਤੇ ਅਮਰੀਕਾ ਦੀਆਂ ਫੌਜਾਂ ਦੀਆਂ ਸਾਂਝੀਆਂ ਮਸ਼ਕਾਂ ਰਾਜਸਥਾਨ ਦੀ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਸ਼ੁਰੂ ਹੋਈਆਂ। ਫੌਜ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਭਾਰਤ-ਅਮਰੀਕਾ ਦੀ 20ਵੀਂ ਸਾਂਝੀ ਮਸ਼ਕ ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਸ਼ੁਰੂ ਹੋਈ। ਇਹ ਮਸ਼ਕ 22 ਸਤੰਬਰ ਤੱਕ ਜਾਰੀ ਰਹੇਗੀ। ਭਾਰਤ ਅਤੇ ਅਮਰੀਕਾ ਦੀਆਂ ਫ਼ੌਜਾਂ ਵੱਲੋਂ 2004 ਤੋਂ ਹਰ ਸਾਲ ਜੰਗੀ ਅਭਿਆਸ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਫ਼ੌਜੀ ਸ਼ਕਤੀਆਂ ਅਤੇ ਸਾਜ਼ੋ-ਸਾਮਾਨ ਦੇ ਲਿਹਾਜ਼ ਨਾਲ ਸਾਂਝੇ ਅਭਿਆਸ ਦੇ ਦਾਇਰੇ ਅਤੇ ਸਮਰੱਥਾ ਵਿੱਚ ਮਹੱਤਵਪੂਰਨ ਵਾਧੇ ਨੂੰ ਦਰਸਾਉਂਦੀ ਹੈ।
600 ਸੈਨਿਕਾਂ ਦੀ ਭਾਰਤੀ ਫ਼ੌਜੀ ਟੁਕੜੀ ਦੀ ਨੁਮਾਇੰਦਗੀ ਰਾਜਪੂਤ ਰੈਜੀਮੈਂਟ ਦੀ ਇੱਕ ਬਟਾਲੀਅਨ ਦੇ ਨਾਲ-ਨਾਲ ਹੋਰ ਹਥਿਆਰਬੰਦ ਅਤੇ ਸੈਨਿਕ ਸੇਵਾਵਾਂ ਦੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਮਸ਼ਕ ਵਿੱਚ ਇੰਨੇ ਹੀ ਅਮਰੀਕੀ ਫ਼ੌਜੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੀ ਟੁਕੜੀ ਦੀ ਅਗਵਾਈ ਅਮਰੀਕੀ ਸੈਨਾ ਦੇ ਅਲਾਸਕਾ ਸਥਿਤ 11ਵੇਂ ਏਅਰਬੋਰਨ ਡਿਵੀਜ਼ਨ ਦੀ 1-24 ਬਟਾਲੀਅਨ ਦੇ ਫ਼ੌਜੀ ਕਰ ਰਹੇ ਹਨ। ਇਸ ਸਾਂਝੀ ਮੁਹਿੰਮ ਦਾ ਉਦੇਸ਼ ਸੰਯੁਕਤ ਰਾਸ਼ਟਰ ਦੇ ਹੁਕਮ ਦੇ ਸੱਤਵੇਂ ਅਧਿਆਏ ਤਹਿਤ ਅਤਿਵਾਦ ਵਿਰੋਧੀ ਮੁਹਿੰਮ ਚਲਾਉਣ ਲਈ ਦੋਵਾਂ ਪੱਖਾਂ ਦੀ ਸਾਂਝੀ ਫ਼ੌਜੀ ਸਮਰੱਥਾ ਨੂੰ ਵਧਾਉਣਾ ਹੈ। ਤਰਜਮਾਨ ਅਨੁਸਾਰ ਇਹ ਜੰਗੀ ਮੁਹਿੰਮ ਦੋਵਾਂ ਪੱਖਾਂ ਨੂੰ ਸਾਂਝੀ ਮੁਹਿੰਮ ਚਲਾਉਣ ਦੀਆਂ ਰਣਨੀਤੀਆਂ, ਤਕਨੀਕਾਂ ਅਤੇ ਪ੍ਰਕਿਰਿਆਵਾਂ ‘ਚ ਵਧੀਆ ਅਭਿਆਸ ਸਾਂਝੇ ਕਰਨ ਦੇ ਯੋਗ ਬਣਾਏਗਾ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …