Breaking News
Home / ਭਾਰਤ / ਜਾਨ ਬਚੀ, ਡਿਗਰੀ ਦੀ ਚਿੰਤਾ ਵੀ ਹੋਵੇਗੀ ਖਤਮ

ਜਾਨ ਬਚੀ, ਡਿਗਰੀ ਦੀ ਚਿੰਤਾ ਵੀ ਹੋਵੇਗੀ ਖਤਮ

ਯੂਕਰੇਨ ਤੋਂ ਪਰਤ ਰਹੇ ਵਿਦਿਆਰਥੀਆਂ ਨੂੰ ਭਾਰਤੀ ਮੈਡੀਕਲ ਕਾਲਜਾਂ ’ਚ ਦਾਖਲਾ ਦੇਣ ਦੀ ਤਿਆਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਤੋਂ ਪਰਤ ਰਹੇ ਭਾਰਤ ਦੇ ਲਗਭਗ 16 ਹਜ਼ਾਰ ਮੈਡੀਕਲ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੀ ਚਿੰਤਾ ਸਤਾ ਰਹੀ ਹੈ। ਪ੍ਰੰਤੂ ਹੁਣ ਇਨ੍ਹਾਂ ਵਤਨ ਪਰਤੇ ਵਿਦਿਆਰਥੀਆਂ ਲਈ ਇਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਇਨ੍ਹਾਂ ਦੀ ਪੜ੍ਹਾਈ ’ਤੇ ਅਸਰ ਨਾ ਪਵੇ, ਇਸ ਲਈ ਵਤਨ ਪਰਤਣ ਵਾਲੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਭਾਰਤੀ ਕਾਲਜਾਂ ’ਚ ਦਾਖਲਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ, ਇਸ ਦੇ ਲਈ ਕੇਂਦਰ ਸਰਕਾਰ ਫੌਰਨ ਮੈਡੀਕਲ ਗ੍ਰੈਜੂਏਟ ਲਾਇਸੈਂਸਿੰਗ ਰੈਗੁਲੇਸ਼ਨ ਐਕਟ ’ਚ ਬਦਲਾਅ ਕਰਨ ’ਤੇ ਵਿਚਾਰ ਕਰ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਇਸ ਮੁੱਦੇ ’ਤੇ ਅਹਿਮ ਮੀਟਿੰਗ ਹੋ ਸਕਦੀ ਹੈ। ਸਿਹਤ ਮੰਤਰਾਲੇ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਇਕ ਚਿੱਠੀ ਲਿਖੀ ਜਾ ਰਹੀ ਹੈ, ਜਿਸ ’ਚ ਕਿਹਾ ਜਾਵੇਗਾ ਕਿ ਐਫ ਐਮ ਜੀ ਐਲ ਰੈਗੂਲੇਸ਼ਨ ਐਕਟ 2021 ’ਚ ਬਦਲਾਅ ਕੀਤਾ ਜਾਵੇਗਾ, ਤਾਂ ਜੋ ਯੂਕਰੇਨ ਤੋਂ ਪਰਤਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾ ਸਕੇ। ਹੁਣ ਫੌਰਨ ਮੈਡੀਕਲ ਕਾਲਜ ਤੋਂ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੇ ਸਮੇਂ ਤੋਂ ਇਲਾਵਾ ਟ੍ਰੇਨਿੰਗ ਅਤੇ ਇੰਟਰਨਸ਼ਿਪ ਵੀ ਭਾਰਤ ਤੋਂ ਬਾਹਰ ਹੀ ਕਰਨੀ ਹੁੰਦੀ ਹੈ। ਯੂਕਰੇਨ ’ਚ 6 ਸਾਲ ਵਿਚ ਐਮਬੀਬੀਐਸ ਹੁੰਦੀ ਹੈ, ਫਿਰ 2 ਸਾਲ ਦੀ ਇੰਟਰਨਸ਼ਿਪ ਹੁੰਦੀ ਹੈ, ਅਜਿਹੇ ’ਚ ਜੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਤਾਂ ਹਜ਼ਾਰਾਂ ਬੱਚਿਆਂ ਦਾ ਭਵਿੱਖ ਸੰਕਟ ’ਚ ਪੈ ਜਾਵੇਗਾ। ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੇ ਕਿਸੇ ਵੀ ਮੈਡੀਕਲ ਕਾਲਜ ’ਚ ਦਾਖਲਾ ਲੈਣ ਲਈ ਨੀਟ ਦੀ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ, ਜਦਕਿ ਭਾਰਤ ਤੋਂ ਬਾਹਰ ਮੈਡੀਕਲ ਕਾਲਜ ’ਚ ਨੀਟ ਪਾਸ ਕਰਨ ਦੇ ਤਿੰਨ ਸਾਲ ਦੇ ਅੰਦਰ ਅੰਦਰ ਕਦੇ ਵੀ ਦਾਖਲਾ ਲਿਆ ਜਾ ਸਕਦਾ ਹੈ। ਯੂਕਰੇਨ ਤੋਂ ਜਿੰਨੇ ਵੀ ਮੈਡੀਕਲ ਦੇ ਵਿਦਿਆਰਥੀ ਭਾਰਤ ਪਰਤ ਰਹੇ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਐਮ ਬੀ ਬੀ ਐਸ ਦੇ ਹੀ ਹਨ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …