ਯੂਕਰੇਨ ’ਚ ਫਸੇ ਪੰਜਾਬੀ ਵਿਦਿਆਰਥੀਆਂ ਦੀ ਵਾਪਸੀ ਸਬੰਧੀ ਕੀਤੀ ਗੱਲਬਾਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਸਾਹਮਣੇ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਸੀ ਦਾ ਮਾਮਲਾ ਚੁੱਕਿਆ। ਇਸ ਸਬੰਧੀ ਸੰਸਦ ਮੈਂਬਰਾਂ ਨੇ ਵਿਦੇਸ਼ ਰਾਜ ਮੰਤਰੀ ਨਾਲ ਮੁਲਾਕਾਤ ਕੀਤੀ। ਸੰਸਦ ਮੈਂਬਰ ਗੁਰਜੀਤ ਔਜਲਾ, ਜਸਬੀਰ ਸਿੰਘ ਡਿੰਪਾ, ਮਨੀਸ਼ ਤਿਵਾੜੀ, ਅਮਰ ਸਿੰਘ, ਰਵਨੀਤ ਬਿੱਟੂ ਅਤੇ ਸੰਤੋਖ ਚੌਧਰੀ ਨੇ ਵਿਦੇਸ਼ ਰਾਜ ਮੰਤਰੀ ਨੂੰ ਭਾਰਤੀ ਵਿਦਿਆਰਥੀ ਨੂੰ ਜਲਦੀ ਵਾਪਸ ਲਿਆਉਣ ਲਈ ਅਪੀਲ ਕੀਤੀ। ਸੰਸਦ ਮੈਂਬਰਾਂ ਨੇ ਕਿਹਾ ਕਿ ਯੂਕਰੇਨ ’ਚ ਫਸੇ ਸਾਰੇ ਵਿਦਿਆਰਥੀ ਨੂੰ ਵਾਪਸ ਲਿਆਉਣਾ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੇ ਨਾਲ-ਨਾਲ ਪੰਜਾਬ ਦੇ ਸਾਰੇ ਵਿਦਿਆਰਥੀਆਂ ਨੂੰ ਵੀ ਯੂਕਰੇਨ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਕਿਉਂਕਿ ਉਥੇ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ। ਮਨੀਸ਼ ਤਿਵਾੜੀ ਨੇ ਕਿਹਾ ਕਿ ਸਾਡੀ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਭਾਰਤ ਸਰਕਾਰ ਵਿਦਿਆਰਥੀ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕਰਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਾਰਤੀ ਵਿਦਿਆਰਥੀ ਨੂੰ ਛੇਤੀ ਵਾਪਸ ਲਿਆਉਣ। ਪੰਜਾਬ ਦੇ ਸੰਸਦ ਮੈਂਬਰਾਂ ਨੇ ਕੇਂਦਰ ਸਰਕਾਰ ’ਤੇ ਯੂਕਰੇਨ ਤੋਂ ਵਿਦਿਆਰਥੀ ਨੂੰ ਵਾਪਸ ਲਿਆਉਣ ’ਤੇ ਲੇਟ-ਲਤੀਫ਼ਾ ਦਾ ਆਰੋਪ ਵੀ ਲਗਾਇਆ।