Breaking News
Home / ਪੰਜਾਬ / ਬੱਸਾਂ ਰਾਹੀਂ ਪਰਵਾਸੀ ਮਜ਼ਦੂਰਾਂ ਦੀ ਪੰਜਾਬ ‘ਚ ਹੋਣ ਲੱਗੀ ਵਾਪਸੀ

ਬੱਸਾਂ ਰਾਹੀਂ ਪਰਵਾਸੀ ਮਜ਼ਦੂਰਾਂ ਦੀ ਪੰਜਾਬ ‘ਚ ਹੋਣ ਲੱਗੀ ਵਾਪਸੀ

ਚੰਡੀਗੜ੍ਹ : ਹੋਲੀ ਦਾ ਤਿਉਹਾਰ ਮਨਾਉਣ ਆਪਣੇ ਪਿੱਤਰੀ ਸੂਬਿਆਂ ਨੂੰ ਗਏ ਪਰਵਾਸੀ ਮਜ਼ਦੂਰ ਤਾਲਾਬੰਦੀ ਦੇ ਚਲਦੇ ਹੋਏ ਬੇਸਬਰੀ ਨਾਲ ਪੰਜਾਬ ਵਾਪਸੀ ਦੇ ਇੰਤਜ਼ਾਰ ਵਿਚ ਸਨ, ਜਿਨ੍ਹਾਂ ਵਲੋਂ ਹੁਣ ਬੱਸਾਂ ਰਾਹੀਂ ਪੰਜਾਬ ਵਾਪਸੀ ਕੀਤੀ ਜਾ ਰਹੀ ਹੈ। ਇਕੱਲੇ ਗੜ੍ਹਸ਼ੰਕਰ ਦੇ ਪਿੰਡਾਂ ਵਿਚ ਹੀ 200 ਤੋਂ ਵਧੇਰੇ ਬਿਹਾਰ ਨਾਲ ਸਬੰਧਿਤ ਪਰਵਾਸੀ ਮਜ਼ਦੂਰਾਂ ਨੇ ਵਾਪਸੀ ਕੀਤੀ ਹੈ।ਆਮ ਤੌਰ ‘ਤੇ ਜਿੱਥੇ 300 ਤੋਂ 500 ਰੁਪਏ ਰੇਲ ਕਿਰਾਇਆ ਖ਼ਰਚਿਆ ਜਾਂਦਾ ਹੈ, ਉੱਥੇ ਇਸ ਵਾਰ ਪਰਵਾਸੀ ਮਜ਼ਦੂਰਾਂ ਵਲੋਂ 2500 ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਬੱਸ ਕਿਰਾਇਆ ਖ਼ਰਚਿਆ ਗਿਆ। ਤਾਲਾਬੰਦੀ ਦੇ ਚਲਦੇ ਆਪਣੇ ਖ਼ਰਚ ‘ਤੇ ਆਪਣੇ ਪਿੱਤਰੀ ਰਾਜਾਂ ਨੂੰ ਜਾਣ ਦੇ ਇੱਛੁਕ ਜਿਨ੍ਹਾਂ ਲੋਕਾਂ ਨੂੰ ਪ੍ਰਾਈਵੇਟ ਬੱਸਾਂ ਰਾਹੀਂ ਯੂ.ਪੀ., ਬਿਹਾਰ ਆਦਿ ਸੂਬਿਆਂ ਨੂੰੰ ਭੇਜਿਆ ਗਿਆ ਸੀ, ਉਨ੍ਹਾਂ ਬੱਸਾਂ ਦੇ ਮਾਲਕਾਂ ਵਲੋਂ ਝੋਨੇ ਦੀ ਲੁਆਈ ਲਈ ਆਉਣ ਵਾਲੀ ਲੇਬਰ ਨੂੰ ਲੈ ਕੇ ਪੰਜਾਬ ਵਾਪਸੀ ਕੀਤੀ ਗਈ ਹੈ।
ਕਈ ਪ੍ਰਾਈਵੇਟ ਬੱਸਾਂ ਵਾਲਿਆਂ ਵਲੋਂ ਪਰਵਾਸੀ ਲੋਕਾਂ ਨੂੰ ਛੱਡਣ ਅਤੇ ਵਾਪਸ ਲਿਆਉਣ ਜ਼ਰੀਏ ਇਕ ਗੇੜੇ ਦਾ 80 ਹਜ਼ਾਰ ਤੋਂ ਇਕ ਲੱਖ ਰੁਪਏ ਦਾ ਭਾੜਾ ਬਚਾਇਆ ਗਿਆ ਹੈ। ਉਧਰ ਕਈ ਕਿਸਾਨਾਂ ਵਲੋਂ ਪਰਵਾਸੀ ਮਜ਼ਦੂਰਾਂ ਦੀਆਂ ਰੇਲ ਟਿਕਟਾਂ ਵੀ ਬੁੱਕ ਕਰਵਾਈਆਂ ਜਾ ਚੁੱਕੀਆਂ ਹਨ ਤੇ ਆਉਣ ਵਾਲੇ 5-7 ਦਿਨਾਂ ਵਿਚ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਪਰਵਾਸੀ ਮਜ਼ਦੂਰਾਂ ਦੀ ਭਰਵੀਂ ਆਮਦ ਦੇਖਣ ਨੂੰ ਮਿਲੇਗੀ।
ਮੋਟਰਾਂ ਦੇ ਟਿਕਾਣਿਆਂ ‘ਤੇ ਕੀਤਾ ਜਾ ਰਿਹੈ ਇਕਾਂਤਵਾਸઠ
ਪੰਜਾਬ ਪਰਤੇ ਪਰਵਾਸੀ ਮਜ਼ਦੂਰ ਨੂੰ ਪੰਜਾਬ ਲਿਆਉਣ ਸਮੇਂ ਜਿੱਥੇ ਬੱਸਾਂ ਤੇ ਹੋਰ ਸਾਧਨਾਂ ਵਿਚ ਸਮਾਜਿਕ ਦੂਰੀ ਦੀਆਂ ਧੱਜੀਆਂ ਉੱਡੀਆਂ, ਉਥੇ ਹੁਣ ਸਿਹਤ ਵਿਭਾਗ ਵੀ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਖੇਤਾਂ ਵਿਚਲੇ ਟਿਕਾਣਿਆਂ ‘ਤੇ ਇਕਾਂਤਵਾਸ ਕਰਨ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਬਹੁਤੇ ਖੇਤਰਾਂ ਵਿਚ ਤਾਂ ਪਰਵਾਸੀ ਮਜ਼ਦੂਰਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਵੀ ਲਏ ਜਾ ਚੁੱਕੇ ਹਨ। ਐੱਸ.ਡੀ.ਐੱਮ. ਗੜ੍ਹਸ਼ੰਕਰ ਹਰਬੰਸ ਸਿੰਘ ਨੇ ਦੱਸਿਆ ਕਿ ਪਰਵਾਸੀ ਮਜ਼ਦੂਰਾਂ ਨੂੰ ਪਿੰਡਾਂ ਤੋਂ ਬਾਹਰ ਟਿਕਾਣਿਆਂ ‘ਤੇ ਇਕਾਂਤਵਾਸ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਪਿੰਡ ਵਿਚ ਦਾਖਲ ਹੋਣ ‘ਤੇ ਮਨਾਹੀ ਰੱਖੀ ਗਈ ਹੈ।
ਮੂੰਹ ਦਿਖਾਈ ਦੇਣ ਤੋਂ ਬਾਅਦ ਹੀ ਮਿਲਦੀ ਹੈ ਪੰਜਾਬ ਵਿਚ ਐਂਟਰੀઠ
ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿਚ ਐਂਟਰੀ ਸੁਖਾਲੀ ਨਹੀਂ ਹੋਈ। ਹਜ਼ਾਰਾਂ ਰੁਪਏ ਕਿਰਾਇਆ ਲੈਣ ਵਾਲੇ ਬੱਸ ਤੇ ਹੋਰ ਸਾਧਨਾਂ ਦੇ ਮਾਲਕਾਂ ਨੂੰ ਪੰਜਾਬ ਵਿਚ ਐਂਟਰੀ ਸਮੇਂ ਪੰਜਾਬ ਪੁਲਿਸ ਨੂੰ ਚੈਕਿੰਗ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਮੂੰਹ ਦਿਖਾਈ ਦੇਣੀ ਪਈ। ਖਾਸ ਤੌਰ ‘ਤੇ ਬੱਸਾਂ ਦੇ ਮਾਲਕਾਂ ਵਲੋਂ ਨਾਕੇ ‘ਤੇ 5 ਹਜ਼ਾਰ ਤੋਂ ਲੈ ਕੇ 15 ਹਜ਼ਾਰ ਤੱਕ ਦੀ ਮੂੰਹ ਦਿਖਾਈ ਦੇਣੀ ਪਈ। ਕਈ ਬੱਸਾਂ ਵਿਚ ਸਵਾਰ ਮਜ਼ਦੂਰਾਂ ਤੋਂ ਪੈਸੇ ਲੈਣ ਲਈ ਸਿਹਤ ਜਾਂਚ ਵਰਗੇ ਢੰਗ ਤਰੀਕੇ ਵਰਤੇ ਜਾਣ ਦੀ ਚਰਚਾ ਵੀ ਸਾਹਮਣੇ ਆਈ ਹੈ। ਹਦਾਇਤਾਂ ਦੇ ਉਲਟ ਗਿਣਤੀ ਤੋਂ ਜ਼ਿਆਦਾ ਸਵਾਰੀਆਂ ਬਿਠਾ ਕੇ ਲਿਆਉਣ ਵਾਲੇ ਬੱਸ ਚਾਲਕਾਂ ਨੇ ਨਾਕਿਆਂ ‘ਤੇ ਮਾਮਲਾ ਸੈੱਟ ਕਰਕੇ ਹੀ ਮਜ਼ਦੂਰਾਂ ਨੂੰ ਪੰਜਾਬ ਲਿਆਉਣ ਦਾ ਸਿਲਸਿਲਾ ਚਲਾਈ ਰੱਖਿਆ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …