ਪਟਿਆਲਾ : ਪੰਜਾਬ ਦੇ ਸ਼ਾਹੀ ਘਰਾਣੇ ਨੂੰ ਇਸ ਵਾਰ ‘ਆਮ ਆਦਮੀ’ ਦੀ ਤਾਕਤ ਦਾ ਅਹਿਸਾਸ ਹੋਣ ਲੱਗਾ ਹੈ। ਰਿਆਸਤੀ ਸ਼ਹਿਰ ਦੀ ਰਾਜਸੀ ਫ਼ਿਜ਼ਾ ਇਸ ਵਾਰ ਕੁੱਝ ਬਦਲੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਰਾਜਸੀ ਸਫ਼ਰ ਦੀ ਐਲਾਨੀ ਆਖਰੀ ਪਾਰੀ ਦੌਰਾਨ ਪਹਿਲਾਂ ਵਾਲੀ ਚੜ੍ਹਤ ਬਰਕਰਾਰ ਰੱਖਣ ਲਈ ਸ਼ਾਹੀ ਪਰਿਵਾਰ ਦਮੋਂ ਉੱਖੜਿਆ ਲੱਗ ਰਿਹਾ ਹੈ। ਪੰਜਾਬ ਵਿਚ ਜਦੋਂ ਵੀ ਚੁਣਾਵੀਂ ਬਿਗੁਲ ਵਜਦਾ ਹੈ ਤਾਂ ਲੋਕਾਂ ਵੱਲੋਂ ਪਟਿਆਲਾ ਦੀ ਸੀਟ ਸ਼ਾਹੀ ਪਰਿਵਾਰ ਦੀ ਝੋਲੀ ਪਾ ਦਿੱਤੀ ਜਾਂਦੀ ਹੈ। ਪੰਜਾਬ ਤੇ ਪਟਿਆਲਾ ਦੀ ਬਹੁਗਿਣਤੀ ਅੱਜ ਵੀ ਇਸ ਮਿੱਥ ਨੂੰ ਮੰਨੀ ਬੈਠੀ ਹੈ। ਸ਼ਹਿਰ ਵਾਸੀਆਂ ਨਾਲ ਗੱਲਬਾਤ ਬਾਅਦ ਸਪੱਸ਼ਟ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ‘ਆਪ’ ਦੀਆਂ ਸਰਗਰਮੀਆਂ ਅੱਖੋਂ ਪਰੋਖੇ ਨਹੀਂ ਕੀਤੀਆਂ ਜਾ ਸਕਦੀਆਂ।
ਕੈਪਟਨ ਅਮਰਿੰਦਰ ਸਿੰਘ ਦਾ ਮੁਕਾਬਲਾ ਇਸ ਵਾਰ ‘ਆਪ’ ਦੇ ਡਾ.ਬਲਬੀਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ (ਸੇਵਾਮੁਕਤ) ਜੇ. ਜੇ. ਸਿੰਘ ਨਾਲ ਹੈ। 2014 ਦੀਆਂ ਲੋਕ ਸਭਾ ਚੋਣਾਂ ਨੇ ਸ਼ਾਹੀ ਪਰਿਵਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਸਨ ਜਦੋਂ ਪਟਿਆਲਾ ਸੰਸਦੀ ਸੀਟ ਤੋਂ ਸ੍ਰੀਮਤੀ ਪ੍ਰਨੀਤ ਕੌਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਅਤੇ ਪਟਿਆਲਾ (ਸ਼ਹਿਰ) ਵਿਧਾਨ ਸਭਾ ਹਲਕੇ ਤੋਂ ਵੋਟਾਂ ਦਾ ਅੰਤਰ ਬਹੁਤ ਘੱਟ ਗਿਆ ਸੀ। ਉਸ ਬਾਅਦ ਇਸ ਵਿਧਾਨ ਸਭਾ ਹਲਕੇ ਦੀ ਉਪ ਚੋਣ ਜਿੱਤ ਕੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਖੁੱਸਿਆ ਵੱਕਾਰ ਬਹਾਲ ਕਰਨ ਦਾ ਯਤਨ ਕੀਤਾ ਪਰ ਲੋਕਾਂ ਦੇ ‘ਝਾੜੂ’ ਵੱਲ ਝੁਕਾਅ ਨੂੰ ਮੋੜ ਨਹੀਂ ਸਕੇ। ਕੈਪਟਨ ਅਮਰਿੰਦਰ ਸਿੰਘ, ਜੋ ਪੰਜਾਬ ਵਿਚ ਕਾਂਗਰਸੀ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਹਨ, ਦੀ ਗੈਰਮੌਜੂਦਗੀ ਵਿੱਚ ਪ੍ਰਨੀਤ ਕੌਰ, ਉਨ੍ਹਾਂ ਦੀ ਧੀ ਜੈਇੰਦਰ ਕੌਰ, ਚਚੇਰਾ ਭਰਾ ਰਾਜਾ ਰਣਧੀਰ ਸਿੰਘ, ਪੋਤਰੀ ਸਹਿਰਇੰਦਰ ਕੌਰ ਅਤੇ ਹੋਰ ਸਕੇ ਸਬੰਧੀ ਵੋਟਾਂ ਮੰਗਣ ਲਈ ਰੋਜ਼ਾਨਾ ਲੋਕਾਂ ਦੀ ਕਚਹਿਰੀ ਵਿਚ ਜਾਂਦੇ ਹਨ। ਸ਼ਾਹੀ ਪਰਿਵਾਰ ਵੱਲੋਂ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਬਣਾਉਣ ਅਤੇ ਸ਼ਹਿਰ ਦਾ ਵਿਕਾਸ ਕਰਾਉਣ ਦੇ ਨਾਂ ‘ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਸ਼ਹਿਰ ਦੇ ਭੀੜ ਭੜੱਕੇ ਵਾਲੇ ਖੇਤਰ ਧਰਮਪੁਰਾ ਬਾਜ਼ਾਰ ਵਿਚੋਂ ਦੀ ਲੰਘਦਿਆਂ ਜਦੋਂ ਦੁਕਾਨਦਾਰਾਂ ਤੇ ਰਾਹਗੀਰਾਂ ਨਾਲ ਗੱਲਬਾਤ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਸ਼ਹਿਰ ਦੇ ਵੋਟਰਾਂ ਦਾ ਵੱਡਾ ਹਿੱਸਾ ਜੋ ਕਦੇ ਸ਼ਾਹੀ ਪਰਿਵਾਰ ਦਾ ਵੱਡਾ ਹਮਾਇਤੀ ਸੀ ਇਸ ਵਾਰ ਮਨ ਬਦਲ ਚੁੱਕਾ ਹੈ। ਬਿਜਲਈ ਸਾਮਾਨ ਵਾਲੀ ਦੁਕਾਨ ਦੇ ਮਾਲਕ ਸੁਰਜੀਤ ਸਿੰਘ ਤੇ ਇੱਕ ਗਾਹਕ ਮਨਦੀਪ ਸਿੰਘ ਦਾਅਵਾ ਕਰਦੇ ਹਨ ਕਿ ਇਸ ਵਾਰ ਲੋਕ ਜਾਗਰੂਕ ਹੋ ਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨਗੇ। ਡਾ. ਬਲਬੀਰ ਸਿੰਘ ਦੇ ਪੱਖ ਵਿਚ ਇੱਕੋ ਗੱਲ ਜਾਂਦੀ ਹੈ ਕਿ ਉਹ ਘਰੋ ਘਰੀ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਹਾਲਾਂਕਿ ਜਿੱਤ ਤਕ ਪਹੁੰਚਣ ਲਈ ਉਨ੍ਹਾਂ ਨੂੰ ਬੜੀ ਮੁਸ਼ੱਕਤ ਕਰਨੀ ਪੈਣੀ ਹੈ ਕਿਉਂਕਿ ਸ਼ਾਹੀ ਪਰਿਵਾਰ ਦੀ ਮੁਕੰਮਲ ਜਕੜ ਤੋੜਨੀ ਮੁਸ਼ਕਿਲ ਹੈ। ਜੇ.ਜੇ. ਸਿੰਘ ਨੂੰ ਅੰਦਰੂਨੀ ਤੌਰ ‘ਤੇ ਆਪਣਿਆਂ ਤੋਂ ਵੀ ਵੱਡਾ ਖ਼ਤਰਾ ਬਣਿਆ ਹੋਇਆ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …