ਗੁਰਦਾਸਪੁਰ ਦੇ ਤਿੱਬੜੀ ਕੈਂਟ ਪੁੱਜਣ ਮਗਰੋਂ ਹੜ੍ਹ ਪੀੜਤਾਂ ਨਾਲ ਕੀਤੀ ਗੱਲਬਾਤ
ਗੁਰਦਾਸਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦਾ ਦੌਰਾ ਕਰਦਿਆਂ ਸੂਬੇ ਲਈ 1600 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਮੋਦੀ ਹਿਮਾਚਲ ਮਗਰੋਂ ਪੰਜਾਬ ਦੇ ਗੁਰਦਾਸਪੁਰ ‘ਚ ਸਥਿਤ ਤਿੱਬੜੀ ਕੈਂਟ ਪੁੱਜੇ। ਉਨ੍ਹਾਂ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ, ਜੋ ਸੂਬੇ ਕੋਲ ਮੌਜੂਦ ਇਸਦੇ 12,000 ਕਰੋੜ ਰੁਪਏ ਤੋਂ ਇਲਾਵਾ ਹੋਵੇਗੀ। ਇਸ ਦੌਰਾਨ ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਦੇਣ ਤੋਂ ਇਲਾਵਾ ਗੰਭੀਰ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਉਧਰ ਵਿਰੋਧੀ ਧਿਰ ਤੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਪੈਕੇਜ ਨੂੰ ਬੇਰਹਿਮ ਮਜ਼ਾਕ ਕਰਾਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬ ਲਈ 50 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਗਈ ਸੀ ਜਦੋਂਕਿ ਕੇਂਦਰ ਸਰਕਾਰ ਨੇ ਸਿਰਫ਼ ਪੰਜਾਬ ਦੇ ਲੋਕਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਹੈ।
ਪ੍ਰਧਾਨ ਮੰਤਰੀ ਮੋਦੀ ਹਵਾਈ ਸਰਵੇਖਣ ਮਗਰੋਂ ਗੁਰਦਾਸਪੁਰ ਪੁੱਜੇ ਜਿਸ ਨੂੰ ਹੜ੍ਹਾਂ ਦੀ ਸਭ ਤੋਂ ਵੱਧ ਮਾਰ ਪਈ ਹੈ। ਉਨ੍ਹਾਂ ਇੱਥੇ ਹੜ੍ਹ ਪ੍ਰਭਾਵਿਤ ਲੋਕਾਂ ਤੋਂ ਇਲਾਵਾ ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਗੁਰਦਾਸਪੁਰ ਵਿੱਚ ਅਧਿਕਾਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਅਤੇ ਰਾਹਤ ਤੇ ਪੁਨਰਵਸੇਬੇ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਇਲਾਵਾ ਨੁਕਸਾਨ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਮੀਟਿੰਗ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕੇਂਦਰੀ ਮੰਤਰੀ ਰਵਨੀਤ ਬਿੱਟੂ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਤਰੁਣ ਚੁੱਘ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪੰਜਾਬ ਨੂੰ ਮਿਲਣ ਵਾਲੀ ਇਹ ਸਹਾਇਤਾ ਰਾਸ਼ੀ ਐੱਸ ਡੀ ਆਰ ਐੱਫ (ਸੂਬਾ ਆਫ਼ਤ ਪ੍ਰਬੰਧਨ ਫੰਡ) ਅਤੇ ਪੀ ਐੱਮ ਕਿਸਾਨ ਸਨਮਾਨ ਨਿਧੀ ਦੀ ਦੂਜੀ ਕਿਸ਼ਤ ਦਾ ਅਗਾਊਂ ਭੁਗਤਾਨ ਹੋਵੇਗੀ। ਦੱਸਣਯੋਗ ਹੈ ਕਿ ਪੰਜਾਬ ਸੰਨ 1988 ਮਗਰੋਂ ਆਏ ਹੁਣ ਤੱਕ ਦੇ ਸਭ ਤੋਂ ਵੱਧ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਇਹ ਹੜ੍ਹ ਸਤਲੁਜ, ਬਿਆਸ ਅਤੇ ਰਾਵੀ ਨਦੀਆਂ ਤੇ ਇਨ੍ਹਾਂ ਦੀਆਂ ਸਹਾਇਕ ਨਦੀਆਂ ‘ਚ ਪਹਾੜੀ ਇਲਾਕਿਆਂ ‘ਚੋਂ ਆਏ ਬਰਸਾਤੀ ਪਾਣੀ ਕਾਰਨ ਪਾਣੀ ਦਾ ਪੱਧਰ ਵਧਣ ਕਾਰਨ ਆਏ ਹਨ ਜਦਕਿ ਪੰਜਾਬ ਵਿੱਚ ਪਿਛਲੇ ਦਿਨਾਂ ‘ਚ ਪਏ ਭਾਰੀ ਮੀਂਹ ਨੇ ਵੀ ਸਥਿਤੀ ਗੰਭੀਰ ਕਰ ਦਿੱਤੀ। ਪੰਜਾਬ ‘ਚ ਇਸ ਸਮੇਂ ਹੜ੍ਹਾਂ ਕਾਰਨ ਜਿੱਥੇ 51 ਜਣੇ ਮਾਰੇ ਗਏ ਹਨ, ਉੱਥੇ 1.84 ਲੱਖ ਹੈਕਟੇਅਰ ‘ਚ ਬੀਜੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ।
ਹਿਮਾਚਲ ਪ੍ਰਦੇਸ਼ ਲਈ 1500 ਕਰੋੜ ਦਾ ਪੈਕੇਜ
ਸ਼ਿਮਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਂਹ ਤੇ ਹੜ੍ਹਾਂ ਦੀ ਮਾਰ ਝੱਲ ਰਹੇ ਹਿਮਾਚਲ ਪ੍ਰਦੇਸ਼ ਨੂੰ 1500 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਸੂਬੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਮੌਕੇ ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਸਭ ਤੋਂ ਪਹਿਲਾਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ, ਜਿਸ ਮਗਰੋਂ ਉਨ੍ਹਾਂ ਰਾਹਤ ਤੇ ਮੁੜ ਵਸੇਬੇ ਲਈ ਜਾਰੀ ਕੰਮਾਂ ਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਾਂਗੜਾ ‘ਚ ਮੀਟਿੰਗ ਕੀਤੀ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ, ਭਾਜਪਾ ਆਗੂ, ਪ੍ਰਭਾਵਿਤ ਪਰਿਵਾਰਾਂ ਤੇ ਕਾਂਗੜਾ ਵਿੱਚ ਬਚਾਅ ਕਾਰਜਾਂ ਵਿੱਚ ਜੁਟੇ ਲੋਕਾਂ ਨਾਲ ਕੀਤੀ ਗਈ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਰਾਹਤ ਕਾਰਜਾਂ ਤੇ ਪ੍ਰਭਾਵਿਤ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਜਾਣਕਾਰੀ ਮੁਤਾਬਕ ਕੁੱਲ 1500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਐੱਸਡੀਆਰਐੱਫ ਤੇ ਪੀਐੱਮ ਕਿਸਾਨ ਸਨਮਾਨ ਨਿਧੀ ਦੀ ਦੂਜੀ ਕਿਸ਼ਤ ਦਾ ਅਗਾਊਂ ਭੁਗਤਾਨ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਇਸ ਸੰਕਟ ਕਾਰਨ ਪ੍ਰਭਾਵਿਤ ਪਰਿਵਾਰਾਂ ਨੂੰ ਵੀ ਮਿਲੇ। ਇਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ 11 ਮਹੀਨਿਆਂ ਦੀ ਨੀਤਿਕਾ ਨਾਮੀਂ ਬੱਚੀ ਨੂੰ ਚੁੱਕਣ ਦੀ ਤਸਵੀਰ ਵੀ ਇੰਟਰਨੈੱਟ ‘ਤੇ ਵਾਇਰਲ ਹੋਈ, ਜਿਸਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਬਚਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਲਈ 1600 ਕਰੋੜ ਦਾ ਰਾਹਤ ਪੈਕੇਜ ਐਲਾਨਿਆ
RELATED ARTICLES

