Breaking News
Home / ਹਫ਼ਤਾਵਾਰੀ ਫੇਰੀ / ਬਰੈਂਪਟਨ ‘ਚ ‘ਆਪ’ ਦੀ ਭਰਵੀਂ ਕਨਵੈਨਸ਼ਨ, ਸੈਂਕੜਿਆਂ ਨੂੰ ਖਲੋ ਕੇ ਹੀ ਸੁਣਨਾ ਪਿਆ ਫੂਲਕਾ ਦਾ ਭਾਸ਼ਣ

ਬਰੈਂਪਟਨ ‘ਚ ‘ਆਪ’ ਦੀ ਭਰਵੀਂ ਕਨਵੈਨਸ਼ਨ, ਸੈਂਕੜਿਆਂ ਨੂੰ ਖਲੋ ਕੇ ਹੀ ਸੁਣਨਾ ਪਿਆ ਫੂਲਕਾ ਦਾ ਭਾਸ਼ਣ

Main Front Pic copy copy’84 ਦਾ ਦਰਦ ਫਿਰ ਬਣਿਆ ਮੁੱਦਾ
ਐਚ ਐਸ ਫੂਲਕਾ ਦੇ ਨਿਸ਼ਾਨੇ ‘ਤੇ ਰਹੇ ਬਾਦਲ ਅਤੇ ਅਮਰਿੰਦਰ
ਬਰੈਂਪਟਨ/ਡਾ. ਝੰਡ
ਬਰੈਂਪਟਨ ਦੇ ‘ਚਾਂਦਨੀ ਬੈਂਕੁਇਟ ਹਾਲ’ ਵਿੱਚ ਐਤਵਾਰ 6 ਮਾਰਚ ਨੂੰ ਹੋਈ ‘ਆਪ’ ਦੀ ਕਨਵੈਨਸ਼ਨ ਵਿੱਚ ਪੰਜਾਬ ਤੋਂ ਕੈਨੇਡਾ ਦੀ ਫੇਰੀ ‘ਤੇ ਆਏ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਆਪ ਦੇ ਸੀਨੀਅਰ ਨੇਤਾ ਹਰਵਿੰਦਰ ਸਿੰਘ ਫੂਲਕਾ ਨੂੰ ਸੁਣਨ ਲਈ ਲੋਕਾਂ ਦਾ ਬੇ-ਮਿਸਾਲ ਇਕੱਠ ਜੁੜਿਆ ਜਿਸ ਵਿੱਚ ਕੁਰਸੀਆਂ ‘ਤੇ ਬੈਠੇ ਹੋਇਆਂ ਨਾਲੋਂ ਖੜੋਤਿਆਂ ਦੀ ਗਿਣਤੀ ਵਧੇਰੇ ਲੱਗਦੀ ਸੀ। ਲੋਕ ਏਨੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਵਿਚਾਰ ਸੁਣਨ ਆਏ ਕਿ ਸਰੋਤਿਆਂ ਲਈ ਇਹ ਹਾਲ ਛੋਟਾ ਪੈ ਗਿਆ ਅਤੇ ਉਨ੍ਹਾਂ ਨੂੰ ਖੜ੍ਹੇ ਖਲੋਤੇ ਹੀ ਫੂਲਕਾ ਸਾਹਿਬ ਅਤੇ ਦੋ ਹੋਰ ਬੁਲਾਰਿਆਂ ਨੂੰ ਸੁਣਨਾ ਪਿਆ। ਫੂਲਕਾ ਸਾਹਿਬ ਦੇ ਆਪਣੇ ਕਹਿਣ ਅਨੁਸਾਰ ਟੋਰਾਂਟੋ ਏਰੀਏ ਵਿਚਲਾ ਇਹ ਇਕੱਠ ਉਨ੍ਹਾਂ ਵੱਲੋਂ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਸੰਬੋਧਿਤ ਇਕੱਠਾਂ ਨਾਲੋਂ ਸੱਭ ਤੋਂ ਵੱਡਾ ਸੀ। ਆਪਣੇ ਸੰਬੋਧਨ ਵਿੱਚ ਫੂਲਕਾ ਸਾਹਿਬ ਨੇ ਨਵੰਬਰ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਸਿੱਖ ਵਿਰੋਧੀ ਹੋਏ ਭੜਕੀਲੇ ਅਤੇ ਯੋਜਨਾਬੱਧ ਕਾਤਲਾਨਾ ਹਮਲਿਆਂ, ਜਿਨ੍ਹਾਂ ਵਿੱਚ ਸਰਕਾਰੀ ਅੰਕੜਿਆਂ ਮੁਤਾਬਿਕ 2,733 ਸਿੱਖ ਮਾਰੇ ਅਤੇ ਸਾੜੇ ਗਏ, ਦੇ ਪੀੜਤਾਂ ਦੇ ਕੇਸਾਂ ਤੋਂ ਆਪਣੀ ਗੱਲ ਸ਼ੁਰੂ ਕਰਕੇ ਪੰਜਾਬ ਦੇ ਅਜੋਕੇ ਹਾਲਾਤ ਅਤੇ ਦਿੱਲੀ ਵਿੱਚ ਆਪ ਦੀ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹਰਿਆਣੇ ਵਿੱਚ ‘ਜਾਟ-ਆਰਕਸ਼ਣ’ ਦੌਰਾਨ ਹੋਏ ਇਨਸਾਨੀਅਤ ਤੋਂ ਗਿਰੇ ਹੋਏ ਸ਼ਰਮਨਾਕ ਹਮਲਿਆਂ ਵਿੱਚ ਹੋਈਆਂ ਮੌਤਾਂ ਤੇ ਸਾੜ-ਫੂਕ ਅਤੇ ਇਸ ਤੋਂ ਪਹਿਲਾਂ 1992 ਵਿੱਚ ਮੁੰਬਈ ਵਿੱਚ ਸ਼ਿਵ ਸੈਨਾ ਵੱਲੋਂ ਅਤੇ 2002 ਵਿੱਚ ਗੁਜਰਾਤ ਵਿੱਚ ਹਿੰਦੂਆਂ ਵੱਲੋਂ ਮੁਸਲਿਮ ਵਿਰੋਧੀ ਕਾਤਲਾਨਾ ਹਮਲਿਆਂ ਦੀ ਕੜੀ ਨਵੰਬਰ 1984 ਵਿੱਚ ਹੋਈ ਸ਼ੁਰੂਆਤ ਨਾਲ ਹੀ ਜੁੜਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਓਦੋਂ ਨਵੰਬਰ 1984 ਵਿੱਚ ਸਥਿਤੀ ਜਿਸ ਵਿੱਚ ਦੰਗਈਆਂ ਵੱਲੋਂ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਕਾਰ ਦੇ ਸ਼ੀਸ਼ੇ ਵੀ ਤੋੜੇ ਗਏ, ਨੂੰ ਸਹੀ ਤਰੀਕੇ ਨਾਲ ਨਜਿੱਠਿਆ ਗਿਆ ਹੁੰਦਾ ਤਾਂ ਇਸ ਤੋਂ ਬਾਅਦ ਵਿੱਚ ਹੋਣ ਵਾਲੇ ਕਾਂਡ ਕਦੀ ਵੀ ਨਾ ਵਾਪਰਦੇ।
ਇਸ ਦਰਦਨਾਕ ਕਾਂਡ ਦੇ ਮੁੱਖ ਦੋਸ਼ੀਆਂ ਐੱਚ. ਕੇ ਐੱਲ. ਭਗਤ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਿਰੁੱਧ ਕੇਸਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਗਤ ਦੇ ਵਿਰੁੱਧ ਕੇਸ 12 ਸਾਲ ਬਾਅਦ ਦਰਜ ਹੋਏ ਕੇਸ ਵਿੱਚ ਮੁੱਖ-ਗਵਾਹ ਸਤਨਾਮੀ ਬਾਈ ਨੂੰ ਮੁਕਰਾਏ ਜਾਣ ਕਾਰਨ ਉਹ ਇਸ ਵਿੱਚੋਂ ਬਰੀ ਹੋ ਗਿਆ ਸੀ। ਟਾਈਟਲਰ ਵਿਰੁੱਧ ਇਹ ਕੇਸ ਦਰਜ ਹੋਣ ਵਿੱਚ 21 ਸਾਲ ਲੱਗ ਗਏ। ਇਨ੍ਹਾਂ ਵਿੱਚ ਗਵਾਹਾਂ ਨੂੰ ਮੁਕਰਾਉਣ ਅਤੇ ਹੋਰ ਕਈ ਕਿਸਮ ਦੀਆਂ ਅੜਿੱਚਣਾਂ ਪਾਈਆਂ ਗਈਆਂ। ਇਨਾਂ ਦੋਸ਼ੀਆਂ ਨੂੰ ਮੰਤਰੀਆਂ ਦੀਆਂ ਕੁਰਸੀਆਂ ਨਾਲ ਨਿਵਾਜਿਆ ਗਿਆ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭੂਤ-ਪੂਰਵ ਪ੍ਰਧਾਨ ਪ੍ਰਲਾਦ ਸਿੰਘ ਚੰਡੋਕ ਵੱਲੋਂ ਟਾਈਟਲਰ ਨੂੰ ਸਿਰੋਪਾ ਦੇ ਕੇ ਨਿਵਾਜਿਆ ਗਿਆ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਏਸੇ ਪ੍ਰਲਾਦ ਚੰਡੋਕ ਨੂੰ ਬਾਦਲ ਅਕਾਲੀ ਦਲ ਵੱਲੋਂ ਫਿਰ ਟਿਕਟ ਦਿੱਤੀ ਗਈ।
ਪੰਜਾਬ ਦੇ ਅਜੋਕੇ ਹਾਲਾਤ ਦਾ ਜ਼ਿਕਰ ਕਰਦਿਆਂ ਫੂਲਕਾ ਸਾਹਿਬ ਨੇ ਕਿਹਾ ਕਿ ਉੱਥੇ ਰਾਜਨੀਤੀ ਦਾ ਅਪਰਾਧੀਕਰਨ ਕੀਤਾ ਜਾ ਰਿਹਾ ਹੈ। ਪਹਿਲਾਂ ਸੱਚੇ-ਸੁੱਚੇ ਅਤੇ ਸਾਫ਼ ਸੁਥਰੇ ਅਕਸ ਵਾਲੇ ਇਮਾਨਦਾਰ ਨੇਤਾ ਸੇਵਾ ਭਾਵ ਨਾਲ ਰਾਜਨੀਤੀ ਵਿੱਚ ਆਉਂਦੇ ਸਨ। ਹੁਣ ਇਸ ਤੋਂ ਉਲਟ ਅਪਰਾਧੀ ਅਤੇ ਕਾਤਲਾਨਾ ਪਿਛੋਕੜ ਵਾਲੇ ਨੇਤਾ ਇਸ ਖੇਤਰ ਵਿੱਚ ਆ ਰਹੇ ਹਨ। ਨਸ਼ਿਆਂ ਦਾ ਵਿਉਪਾਰ ਦਿਨੋਂ ਦਿਨ ਵੱਧ ਰਿਹਾ ਹੈ ਅਤੇ ਵੱਡੀ ਗਣਤੀ ਵਿੱਚ ਸਾਡੇ ਨੌਜਵਾਨ ਨਸ਼ੇੜੀ ਹੁੰਦੇ ਜਾ ਰਹੇ ਹਨ। ਨਕਲੀ ਕੀੜੇਮਾਰ ਦਵਾਈਆਂ ਨਾਲ ਫਸਲਾਂ ਦੇ ਕੀੜੇ ਤਾਂ ਮਰਦੇ ਨਹੀਂ, ਉਲਟਾ ਜੱਟ-ਜ਼ਿਮੀਂਦਾਰ ਸਲਫ਼ਾਸ ਦੀਆਂ ਗੋਲੀਆਂ ਅਤੇ ਹੋਰ ਜ਼ਹਿਰਾਂ ਖਾ ਕੇ ਮਰ ਰਹੇ ਹਨ। ਇਸ ਦੇ ਲਈ ਉਨਾਂ ਨੇ ਮੌਜੂਦਾ ਬਾਦਲ ਸਰਕਾਰ ਅਤੇ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਇਨਾਂ ਨਸ਼ਿਆਂ ਅਤੇ ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾਣ ਵਾਲੀਆਂ ਖ਼ੁਦਕੁਸ਼ੀਆਂ ਦਾ ਦੌਰ ਪਿਛਲੇ ਡੇਢ ਦਹਾਕਿਆਂ ਤੋਂ ਸ਼ੁਰੂ ਹੋਇਆ ਜਦੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸੀ ਸਰਕਾਰ ਸੀ।
ਉਨ੍ਹਾਂ ਕਿਹਾ ਕਿ ਬਦਨਾਮ ਨਸ਼ਾ-ਤਸਕਰ ਜਗਦੀਸ਼ ਭੋਲਾ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਕਾਂਗਰਸ ਰਾਜ ਦੀ ਪੈਦਾਵਾਰ ਹੈ ਅਤੇ ਬਾਦਲ ਸਰਕਾਰ ਦੇ ਵੇਲੇ ਇਹ ਨਸ਼ਾ-ਤਸਕਰੀ ਹੋਰ ਵੀ ਜ਼ੋਰ ਫੜ ਗਈ ਹੈ। ਅਮਰਿੰਦਰ ਸਿੰਘ ਦੇ ਕਾਰਜਕਾਲ ਵਿੱਚ ਹੀ ‘ਸਿੰਡੀਕੇਟ’ ਨਾਮੀ ਸ਼ਰਾਬ-ਮਾਫ਼ੀਏ ਦੀ ਚੜਤ ਹੋਈ। ਅੱਜਕੱਲ ਬਾਦਲ ਸਰਕਾਰ ਦੇ ਸਮੇਂ ਇਹ ਪੂਰੇ ਜ਼ੋਰਾਂ ‘ਤੇ ਹੈ। ਸਰਕਾਰ ਦੇ ‘ਡੀ-ਅਡਿਕਸ਼ਨ ਸੈਂਟਰ’ ਲੱਗਭੱਗ ਬੰਦ ਹੀ ਪਏ ਹਨ ਅਤੇ ਜਿਹੜੇ ਥੋੜੇ ਬਹੁਤ ਚੱਲ ਰਹੇ ਹਨ, ਉੱਥੇ ਵੀ ‘ਮਰੀਜ਼ਾਂ’ ਨੂੰ ਡਰੱਗਜ਼ ਹੀ ਸਪਲਾਈ ਕੀਤੀਆਂ ਜਾ ਰਹੀਆਂ ਹਨ। ਉਨਾਂ ਹੋਰ ਕਿਹਾ ਕਿ 2017 ਵਿੱਚ ‘ਆਪ’ ਦੀ ਸਰਕਾਰ ਆਉਣ ‘ਤੇ ਨਸ਼ਿਆਂ ਦੀ ‘ਸਪਲਾਈ ਅਤੇ ਡੀਮਾਂਡ’ ਦੋਹਾਂ ਵਿੱਚ ਹੀ ਸਖ਼ਤੀ ਨਾਲ ਕਾਰਵਾਈ ਕਰਕੇ ਇਹ ਬੰਦ ਕੀਤੀ ਜਾਏਗੀ ਅਤੇ ਨੌਜਵਾਨਾਂ ਨੂੰ ਇਸ ਕੋਹੜ ਤੋਂ ਦੂਰ ਕੀਤਾ ਜਾਏਗਾ। ਲੋਕਾਂ ਨੂੰ ਪਟਵਾਰੀਆਂ ਅਤੇ ਪੁਲਿਸ ਦੇ ਚੱਕਰਾਂ ਤੋਂ ਵੀ ਛੁਟਕਾਰਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ।
ਇਸ ਮੌਕੇ ਟੋਰਾਂਟੋ ਦੀ ‘ਆਪ’ ਇਕਾਈ ਵੱਲੋਂ ਫੂਲਕਾ ਸਾਹਿਬ ਨੂੰ ਸਨਮਾਨਿਤ ਵੀ ਕੀਤਾ ਗਿਆ। ਇਹ ਸਮਾਗ਼ਮ ਇਸ ਦੀ ਟੀਮ ਦੇ ਮੈਂਬਰਾਂ ਪਾਲ ਬਡਵਾਲ, ਹਰਿੰਦਰ ਸਿੰਘ ਸੋਮਲ, ਸੁਦੀਪ ਸਿੰਗਲਾ, ਅਵਤਾਰ ਸਿੰਘ ਬਰਾੜ, ਸੁਮੇਸ਼ ਹਾਂਡਾ, ਸੱਤਿਆ ਅਗਰਵਾਲ ਕਮਲਜੀਤ ਸਿੱਧੂ, ਸੁਰਿੰਦਰ ਮਾਵੀ, ਅਕਸ਼ਥਲ ਕਾਲੀਆ ਆਦਿ ਦੇ ਸੁਹਿਰਦ ਯਤਨਾਂ ਸਦਕਾ ਸਫ਼ਲਤਾ-ਪੂਰਵਕ ਨੇਪਰੇ ਚੜਿਆ। ਇਥੇ ਵਰਨਣਯੋਗ ਹੈ ਕਿ ਫੂਲਕਾ ਸਾਹਿਬ ਦਾ ਸਮੁੱਚਾ ਭਾਸ਼ਨ ਬੜਾ ਜੋਸ਼ੀਲਾ ਅਤੇ ਸੰਵੇਦਨਾ ਭਰਪੂਰ ਸੀ ਜਿਸ ਨੂੰ ਸਰੋਤਿਆਂ ਨੇ ਸਾਹ ਸੂਤ ਕੇ ਸੁਣਿਆ, ਭਾਸ਼ਨ ਦੌਰਾਨ ਵੱਖ-ਵੱਖ ਥਾਵਾਂ ‘ਤੇ ‘ਜ਼ਿੰਦਾਬਾਦ’,’ਸ਼ੇਮ-ਸ਼ੇਮ’ ਅਤੇ ‘ਬੋਲੇ ਸੋ ਨਿਹਾਲ, ਸਤਿ ਸਿਰੀ ਅਕਾਲ’ ਦੇ ਨਾਅਰੇ ਅਤੇ ਜੈਕਾਰੇ ਵੀ ਲੱਗਦੇ ਰਹੇ। ਇਸ ਤੋਂ ਪਹਿਲਾਂ ਟੋਰਾਂਟੋ ਏਰੀਏ ਦੀ ਪੰਜਾਬੀ ਪਰੈੱਸ ਅਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨਾਂ ਪੱਤਰਕਾਰਾਂ ਵੱਲੋਂ ਉਠਾਏ ਗਏ ਵੱਖ-ਵੱਖ ਸੁਆਲਾਂ ਦੇ ਜੁਆਬ ਬੜੇ ਠਰੰਮੇ ਅਤੇ ਹੌਸਲੇ ਨਾਲ ਵਿਸਥਾਰ-ਸਹਿਤ ਦਿੱਤੇ। ਇੱਕ ਘੰਟੇ ਤੋਂ ਵੀ ਵਧੀਕ ਚੱਲੀ ਇਸ ਪਰੈੱਸ ਕਾਨਫਰੰਸ ਵਿੱਚ ਰੇਡੀਓ, ਟੀ.ਵੀ ਅਤੇ ਅਖ਼ਬਾਰਾਂ ਨਾਲ ਜੁੜਿਆ ਲੱਗਭੱਗ ਸਮੂਹ ਪੰਜਾਬੀ ਮੀਡੀਆ ਹਾਜ਼ਰ ਸੀ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …