80 ਫੀਸਦੀ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਹੋਏ ਰੱਦ!
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਲਈ ਨਵੇਂ ਸਖਤ ਨਿਯਮ ਲਾਗੂ ਕੀਤੇ ਹਨ, ਜਿਸ ਕਾਰਨ 2025 ਵਿਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰੀ ਡਾਟਾ ਮੁਤਾਬਕ ਇਸ ਸਾਲ ਕਰੀਬ 62 ਫੀਸਦੀ ਵੀਜ਼ਾ ਅਰਜ਼ੀਆਂ ਰੱਦ ਹੋਈਆਂ, ਜਦੋਂ ਕਿ ਭਾਰਤੀ ਵਿਦਿਆਰਥੀਆਂ ਲਈ ਇਹ ਅੰਕੜਾ ਹੋਰ ਵੀ ਚਿੰਤਾਜਨਕ ਹੈ, ਉਨ੍ਹਾਂ ‘ਚੋਂ ਕਰੀਬ 80 ਫੀਸਦੀ ਅਰਜ਼ੀਆਂ ਭਾਰਤੀਆਂ ਦੀਆਂ ਖਾਰਜ ਕਰ ਦਿੱਤੀਆਂ ਗਈਆਂ ਹਨ। ਨਵੀਆਂ ਸ਼ਰਤਾਂ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਆਪਣੀ ਆਰਥਿਕ ਸਥਿਤੀ ਸਾਬਤ ਕਰਨ ਲਈ ਘੱਟੋ-ਘੱਟ 20,635 ਕੈਨੇਡੀਅਨ ਡਾਲਰ ਦਿਖਾਉਣੇ ਪੈਂਦੇ ਹਨ। ਨਾਲ ਹੀ ਪੜ੍ਹਾਈ ਦੀ ਸਪੱਸ਼ਟ ਯੋਜਨਾ ਅਤੇ ਸਾਰੇ ਕਾਗਜ਼ਾਤ ਬਿਨਾ ਗਲਤੀ ਦੇ ਪੇਸ਼ ਕਰਨੇ ਲਾਜ਼ਮੀ ਹੋ ਗਏ ਹਨ। ਪਹਿਲਾਂ ਮੌਜੂਦਾ ‘ਸਟੂਡੈਂਟ ਡਾਇਰੈਕਟ ਸਟ੍ਰੀਮ’ ਵਰਗੀ ਤੇਜ਼ ਪ੍ਰਕਿਰਿਆ ਵੀ ਹੁਣ ਬੰਦ ਕਰ ਦਿੱਤੀ ਗਈ ਹੈ, ਜਿਸ ਨਾਲ ਅਰਜ਼ੀਆਂ ਦੇ ਨਤੀਜੇ ਆਉਣ ‘ਚ ਹੋਰ ਸਮਾਂ ਲੱਗਣ ਲੱਗਾ ਹੈ। ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ 2025 ਲਈ ਵੀਜ਼ਿਆਂ ਦੀ ਗਿਣਤੀ ਵੀ ਘਟਾ ਦਿੱਤੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਰੀਬ 10 ਫੀਸਦੀ ਘੱਟ, ਯਾਨੀ 4.37 ਲੱਖ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ। ਨਾਲ ਹੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿਲਣ ਵਾਲੇ ਵਰਕ ਪਰਮਿਟ ਲਈ ਭਾਸ਼ਾ ਦੀ ਯੋਗਤਾ ਨੂੰ ਵੀ ਕਾਫੀ ਸਖਤ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਹੁਣ ਬੀ2 ਲੈਵਲ ਅਤੇ ਕਾਲਜ ਵਿਦਿਆਰਥੀਆਂ ਲਈ ਘੱਟੋ-ਘੱਟ ਬੀ1 ਲੈਵਲ ਲਾਜ਼ਮੀ ਕੀਤਾ ਗਿਆ ਹੈ। ਇਹ ਨਵੀਆਂ ਪਾਬੰਦੀਆਂ ਭਾਰਤੀ ਵਿਦਿਆਰਥੀਆਂ ਅਤੇ ਕੈਨੇਡਾ ਦੀਆਂ ਸਿੱਖਿਆ ਸੰਸਥਾਵਾਂ ਦੋਵਾਂ ਲਈ ਚੁਣੌਤੀ ਬਣ ਰਹੀਆਂ ਹਨ। ਪਿਛਲੇ ਸਾਲ ਕੈਨੇਡਾ ਵਿਚ ਇਕ ਮਿਲੀਅਨ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਹਿੱਸਾ ਭਾਰਤ ਤੋਂ ਸੀ। ਹੁਣ ਵੀਜ਼ਾ ਰੱਦ ਹੋਣ ਨਾਲ ਕਈ ਪਰਿਵਾਰਾਂ ਦੇ ਸੁਪਨੇ ਟੁੱਟ ਰਹੇ ਹਨ ਅਤੇ ਯੂਨੀਵਰਸਿਟੀਆਂ ਨੂੰ ਵੀ ਆਪਣੇ ਦਾਖਲਿਆਂ ‘ਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਲਈ ਨਵੇਂ ਸਖਤ ਨਿਯਮ ਕੀਤੇ ਲਾਗੂ
RELATED ARTICLES

