ਇਟਲੀ ਦੀ ਸੁਪਰੀਮ ਕੋਰਟ ਵੱਲੋਂ ਸ੍ਰੀ ਸਾਹਿਬ ਪਹਿਨਣ ‘ਤੇ ਪਾਬੰਦੀ ਲਾਉਣ ‘ਤੇ ਸਿੱਖ ਭਾਈਚਾਰੇ ‘ਚ ਫੈਲਿਆ ਰੋਹ
ਆਪਸੀ ਰੰਜਿਸ਼ ਦਾ ਖਮਿਆਜ਼ਾ ਭੁਗਤਣਗੀਆਂ ਸਿੱਖ ਸੰਗਤਾਂ
ਝੜਪਾਂ ਦੌਰਾਨ ਵਰਤੀਆਂ ਸ੍ਰੀ ਸਾਹਿਬ ਨੂੰ ਬਣਾਇਆ ਆਧਾਰ
ਰੋਮ/ਬਿਊਰੋ ਨਿਊਜ਼ : ਇਟਲੀ ਦੀ ਸੁਪਰੀਮ ਕੋਰਟ ਨੇ ਸਿੱਖ ਧਰਮ ਦੇ ਇਕ ਕਕਾਰ ਸ੍ਰੀ ਸਾਹਿਬ ਨੂੰ ਜਨਤਕ ਤੌਰ ‘ਤੇ ਪਹਿਨਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਕਰਨ ਵਾਲੇ ਕੋਈ ਗੈਰ ਨਹੀਂ ਸਗੋਂ ਇਟਲੀ ਦੇ ਸਿੱਖ ਆਗੂ ਹੀ ਹਨ। ਸੁਪਰੀਮ ਕੋਰਟ ਅਨੁਸਾਰ ਜਿਹੜੇ ਪਰਵਾਸੀਆਂ ਨੇ ਪੱਛਮੀ ਸਮਾਜ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਅਤੇ ਵਸਣ ਲਈ ਚੁਣਿਆ ਹੈ, ਉਨ੍ਹਾਂ ਨੂੰ ਇੱਥੇ ਦੇ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਸਮਝਦੇ ਹੋਏ ਵਿਚਰਨਾ ਚਾਹੀਦਾ ਹੈ ਤਾਂ ਕਿ ਉਹ ਉਸ ਸਮਾਜ ਨੂੰ ਨਾ ਅਲੱਗ ਸਮਝਣ ਅਤੇ ਖੁਦ ਵੀ ਉਨ੍ਹਾਂ ਤੋਂ ਅਲੱਗ ਨਜ਼ਰ ਨਾ ਆਉਣ ਅਤੇ ਇੱਥੋਂ ਦੇ ਕਾਨੂੰਨ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਟਲੀ ਦੀ ਸੁਪਰੀਮ ਕੋਰਟ ਨੇ ਇਟਲੀ ‘ਚ ਰਹਿਣ ਵਾਲੇ ਸਿੱਖ ਭਾਈਚਾਰੇ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਹਨ ਕਿ ਸਿੱਖ ਭਾਈਚਾਰਾ ਜਿਹੜਾ ਕਿ ਆਪਣੇ ਧਰਮ ਦੇ ਪ੍ਰਤੀਰੂਪ ਦੇ ਪੰਜ ਕਰਾਰ ਧਾਰਨ ਕਰਦਾ ਹੈ ਵਿਚੋਂ ਇਕ ਕਕਾਰ ਸ੍ਰੀ ਸਾਹਿਬ ਬਾਰੇ ਸੁਪਰੀਮ ਕੋਰਟ ਨੇ ਫੈਸਲਾ ਦਿੰਦੇ ਹੋਏ ਕਿਹਾ ਕਿ ਇਕ ਸਿੱਖ ਜੋ ਕਿ ਧਾਰਮਿਕ ਚਿੰਨ੍ਹ ਕਿਰਪਾਨ ਪਾ ਕੇ ਬਾਹਰ ਜਨਤਕ ਸਥਾਨਾਂ ‘ਤੇ ਜਾਣਾ ਚਾਹੁੰਦਾ ਸੀ, ਉਸ ਦੀ ਮੰਗ ਨੂੰ ਖਾਰਜ ਕਰਦੇ ਹੋਏ ਕਸੂਰਵਾਰ ਮੰਨਦੇ ਹੋਏ ਫੈਸਲਾ ਸੁਣਾਇਆ ਕਿ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਵਿਦੇਸ਼ੀਆਂ ਨੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਇਹ ਕਾਬਿਲੇ ਬਰਦਾਸ਼ਤ ਨਹੀਂ ਹੈ ਕਿ ਤੁਹਾਡੇ ਧਰਮ ਅਨੁਸਾਰ ਜੇਕਰ ਤੁਹਾਡੇ ਦੇਸ਼ ਵਿਚ ਇਸ ਨੂੰ ਪਹਿਨਣ ਦੀ ਇਜਾਜ਼ਤ ਹੈ ਪ੍ਰੰਤੂ ਤੁਸੀਂ ਜਿਸ ਦੇਸ਼ ਵਿਚ ਆਪਣੀ ਮਰਜ਼ੀ ਨਾਲ ਆਏ ਹੋ, ਉਸ ਦੇਸ਼ ਨੂੰ ਬਿਨਾ ਵਜ੍ਹਾ ਕਿਸੇ ਖਤਰੇ ਦਾ ਸਾਹਮਣਾ ਕਰਨਾ ਪਵੇ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੁਪਰੀਮ ਕੋਰਟ ਦੇ ਫੈਸਲੇ ਦਾ ਜੇ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸਹਿਜੇ ਸਮਝ ਆਵੇਗਾ ਕਿ ਸਰਕਾਰੀ ਧਿਰ ਦੇ ਵਕੀਲ ਨੇ ਲੰਘੇ ਸਮੇਂ ਦੌਰਾਨ ਇਟਲੀ ‘ਚ ਵੱਖ-ਵੱਖ ਥਾਵਾਂ ‘ਤੇ ਸਿੱਖਾਂ ਵਲੋਂ ਹੋਈਆਂ ਆਪਸੀ ਝੜਪਾਂ ਅਤੇ ਵੱਡੇ ਪੱਧਰ ‘ਤੇ ਜ਼ਬਤ ਕੀਤੀਆਂ ਸ੍ਰੀ ਸਾਹਿਬ ਨੂੰ ਅਧਾਰ ਬਣਾਇਆ ਹੈ ਕਿਉਂਕਿ ਕਿਸੇ ਵੀ ਦੇਸ਼ ਦੀ ਸਰਕਾਰ ਦੇਸ਼ ਵਿਚ ਸਮੂਹ ਧਰਮਾਂ ਦਾ ਸਤਿਕਾਰ ਕਰ ਸਕਦੀ ਹੈ। ਸੁਪਰੀਮ ਕੋਰਟ ਦਾ ਫੈਸਲਾ ਦੇਣ ਤੋਂ ਪਹਿਲਾਂ ਉਸ ਮੌਕੇ ਸਿੱਖ ਨੌਜਵਾਨ ਵਲੋਂ ਅਦਾਲਤ ਨੂੰ ਅਪੀਲ ਕੀਤੀ ਗਈ ਸੀ ਕਿ ਉਸ ਵਲੋਂ ਪਹਿਨੀ ਹੋਈ ਸ੍ਰੀ ਸਾਹਿਬ ਉਸ ਦਾ ਧਾਰਮਿਕ ਚਿੰਨ੍ਹ ਹੈ ਅਤੇ ਉਹ ਆਪਣੀ ਇਸ ਗਲਤੀ ਨੂੰ ਮੰਨਦਾ ਹੈ ਕਿ ਉਸ ਨੇ ਇਟਲੀ ਦੇ ਕਾਨੂੰਨ ਦੀ ਉਲੰਘਣਾ ਕੀਤੀ। ਉਸ ਨੇ ਅਪੀਲ ਕੀਤੀ ਕਿ ਮੇਰਾ ਜੁਰਮਾਨਾ ਖਤਮ ਕੀਤਾ ਜਾਵੇ ਅਤੇ ਮੈਨੂੰ ਅੱਗੇ ਅਪੀਲ ਕਰਨ ‘ਤੇ ਰੋਕ ਨਾ ਲਗਾਈ ਜਾਵੇ, ਮੈਂ ਆਪਣੀ ਗਲਤੀ ਮੰਨਦਿਆਂ ਸ੍ਰੀ ਸਾਹਿਬ ਧਾਰਨ ਲਹੀਂ ਕਰਾਂਗਾ।
ਸਿੱਖ ਮੁੱਦੇ ਲੈ ਕੇ ਬਡੂੰਗਰ ਮਿਲੇ ਰਾਸ਼ਟਰਪਤੀ ਨੂੰ
ਕਿਰਪਾਲ ਸਿੰਘ ਬਡੂੰਗਰ ਇਕ ਵਫ਼ਦ ਦੇ ਨਾਲ ਸਿੱਖ ਮੁੱਦਿਆਂ ਦੇ ਹੱਲ ਲਈ ਰਾਸ਼ਟਰਪਤੀ ਨੂੰ ਮਿਲੇ। ਪ੍ਰੋ. ਬਡੂੰਗਰ ਨੇ ਰਾਸ਼ਟਰਪਤੀ ਕੋਲੋਂ ਸਿੱਖ ਕੈਦੀਆਂ ਦੀ ਰਿਹਾਈ, ਕਾਲੀ ਸੂਚੀ ਖਤਮ ਕਰਨ, ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਤੀ, ਸਿੱਖ ਰੈਫਰੈਂਸ ਲਾਇਬਰੇਰੀ ਦਾ ਸਮਾਨ ਵਾਪਸ ਕਰਨ ਤੇ ਸਿਕਲੀਗਰ ਸਿੱਖਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਵਿਸ਼ਵ ਭਰ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਐਸਜੀਪੀਸੀ ਕੌਮਾਂਤਰੀ ਨਿਆਂ ਅਦਾਲਤ ਵਿੱਚ ਅਪੀਲ ਕਰੇਗੀ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਇਟਲੀ ਵਿਚ ਸਿੱਖਾਂ ਵਿਰੁੱਧ ਹੋਏ ਐਲਾਨ ਸਬੰਧੀ ਐਸਜੀਪੀਸੀ ਵੱਲੋਂ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰਾਲੇ ਨੂੰ ਸੂਚਿਤ ਕਰਕੇ ਇਟਲੀ ਦੀ ਸਰਕਾਰ ਕੋਲ ਇਹ ਮੁੱਦਾ ਚੁੱਕਣ ਦੀ ਅਪੀਲ ਵੀ ਕੀਤੀ ਗਈ ਹੈ। ਹੁਣ ਕਮੇਟੀ ਵੱਲੋਂ ਕੌਮਾਂਤਰੀ ਨਿਆਂ ਅਦਾਲਤ ਵਿੱਚ ਅਪੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਗੁਰੂਘਰ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪੇ ਹੀ ਇਕ-ਦੂਜੇ ਦੀਆਂ ਉਛਾਲਦੇ ਰਹੇ ਪੱਗਾਂ
ੲ ਭਾਈ ਪੰਥਪ੍ਰੀਤ ਸਿੰਘ ਦਾ ਵਿਰੋਧ ਕਰਦਿਆਂ ਦੋ ਸਿੱਖ ਧੜਿਆਂ ‘ਚ ਹੋਇਆ ਟਕਰਾਅ
ੲ ਬੂਟਾਂ ਸਣੇ ਪੁਲਿਸ ਨੇ ਗੁਰਦੁਆਰੇ ‘ਚ ਦਾਖਲ ਹੋ ਸਿੱਖ ਨੌਜਵਾਨ ਲਏ ਹਿਰਾਸਤ ‘ਚ
ਫਰੈਂਕਫਰਟ : ਜਰਮਨੀ ਦੇ ਫਰੈਂਕਫਰਟ ਸਥਿਤ ਗੁਰਦੁਆਰਾ ਸਿੱਖ ਸੈਂਟਰ ਵਿਚ ਸਿੱਖਾਂ ਦੇ ਦੋ ਧੜਿਆਂ ਵਿਚ ਝੜਪ ਹੋ ਗਈ, ਜਿਸ ਦੇ ਵਜੋਂ ਕੁਝ ਵਿਅਕਤੀ ਜ਼ਖ਼ਮੀ ਹੋ ਗਏ। ਇਕ ਦੂਜੇ ਨਾਲ ਹੋਈ ਲੜਾਈ ਵਿਚ ਹਫੜਾ-ਦਫੜੀ ਮਚ ਗਈ। ਰੌਲੇ-ਰੱਪੇ ਵਿਚ ਕੁਝ ਸਿੱਖਾਂ ਦੀਆਂ ਦਸਤਾਰਾਂ ਦੀ ਲਹਿ ਗਈਆਂ। ਪੁਲਿਸ ਨੇ ਅੱਧੀ ਦਰਜਨ ਦੇ ਕਰੀਬ ਸਿੱਖਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਇਸ ਟਕਰਾਅ ਨੂੰ ਟਾਲਣ ਲਈ ਜਰਮਨੀ ਦੀ ਫਰੈਂਕਫਰਟ ਸਿਟੀ ਪੁਲਿਸ ਵਰਦੀਆਂ ਪਾਈ ਬੂਟਾਂ ਤੇ ਹਥਿਆਰਾਂ ਸਮੇਤ ਗੁਰਦੁਆਰੇ ਵਿਚ ਦਾਖਲ ਹੋ ਗਈ। ਇਹ ਝਗੜਾ ਭਾਈ ਪੰਥਪ੍ਰੀਤ ਸਿੰਘ ਦੀ ਇਸ ਗੁਰਦੁਆਰੇ ਵਿਚ ਕਰਵਾਈ ਜਾ ਰਹੀ ਕਥਾ ਤੋਂ ਸ਼ੁਰੂ ਹੋਇਆ। ਇਸ ਕਥਾ ਦਾ ਜਰਮਨੀ ਤੇ ਯੂਰਪ ਵਿਚਲਾ ਇਕ ਹੋਰ ਸਿੱਖ ਧੜਾ ਵਿਰੋਧ ਕਰ ਰਿਹਾ ਸੀ। ਵਿਰੋਧ ਕਰਨ ਵਾਲਿਆਂ ਵਿਚ ਅਕਾਲੀ ਦਲ (ਮਾਨ) ਦੇ ਆਗੂ ਅਤੇ ਸ਼ੇਰੇ ਪੰਜਾਬ ਸੰਸਥਾ ਦੇ ਮੋਹਰੀ ਵੀ ਸ਼ਾਮਲ ਸਨ। ਪੰਥਪ੍ਰੀਤ ਸਿੰਘ ਦੀ ਕਥਾ ਕਰਵਾਉਣ ਵਾਲੀ ਸਿੰਘ ਸਭਾ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਦੂਜੇ ਧੜੇ ਨੇ ਖਲਲ ਪਾਉਣ ਲਈ ਹੋਰਨਾਂ ਦੇਸ਼ਾਂ ਤੋਂ ਵੀ ਬੰਦੇ ਬੁਲਾਏ ਹੋਏ ਸਨ। ਸਿੰਘ ਸਭਾ ਵਲੋਂ ਭਾਈ ਦਿੱਤ ਸਿੰਘ ਦੇ ਪੰਥ ਨੂੰ ਦਿੱਤੇ ਯੋਗਦਾਨ ਸਬੰਧੀ ਇਕ ਗੁਰਮਤਿ ਸਮਾਗਮ ਰੱਖਿਆ ਗਿਆ ਸੀ, ਜਿਸ ਵਿਚ ਭਾਈ ਪ੍ਰੰਥਪ੍ਰੀਤ ਸਿੰਘ ਨੂੰ ਬੁਲਾਇਆ ਗਿਆ ਸੀ। ਇਕ ਚਸ਼ਮਦੀਦ ਅਨੁਸਾਰ ਜਿਉਂ ਹੀ ਦੋ ਵਜੇ ਦੇ ਕਰੀਬ ਭਾਈ ਪੰਥਪ੍ਰੀਤ ਸਿੰਘ ਇਕ ਕਾਰ ਰਾਹੀਂ ਗੁਰਦੁਆਰਾ ਸਿੱਖ ਸੈਂਟਰ ਪੁੱਜੇ, ਉਦੋਂ ਹੀ ਸਿੱਖਾਂ ਦੇ ਇਕ ਧੜੇ ਨੇ ਜੈਕਾਰਿਆਂ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਉਹਨਾਂ ਨੂੰ ਘੇਰ ਕੇ ਹਮਲਾ ਕਰਨ ਦਾ ਯਤਨ ਕੀਤਾ, ਪਰ ਉਥੇ ਮੌਜੂਦ ਦੂਜੇ ਧੜੇ ਦੇ ਨੌਜਵਾਨਾਂ ਨੇ ਭਾਈ ਪੰਥਪ੍ਰੀਤ ਸਿੰਘ ਨੂੰ ਆਪਣੇ ਘਰੇ ਵਿਚ ਲੈ ਲਿਆ ਅਤੇ ਗੁਰਦੁਆਰੇ ਦੇ ਅੰਦਰ ਲੈ ਕੇ ਗਏ। ਇਸੇ ਦੌਰਾਨ ਦੋਵਾਂ ਧੜਿਆਂ ਦਾ ਟਕਰਾਅ ਹੋਇਆ, ਪਰ ਉਥੇ ਪਹਿਲਾਂ ਹੀ ਮੌਜੂਦ ਪੁਲਿਸ ਨੇ ਦਖਲ ਦੇ ਕੇ ਇਹ ਲੜਾਈ ਰੋਕੀ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ ‘ਤੇ ਭਾਈ ਪੰਥਪ੍ਰੀਤ ਸਿੰਘ ਨੇ ਆਪਣੀ ਕਥਾ ਅਤੇ ਕੀਰਤਨ ਸ਼ੁਰੂ ਕਰ ਦਿੱਤਾ, ਜਿੱਥੇ ਕਿ ਕਾਫੀ ਸੰਗਤ ਮੌਜੂਦ ਸੀ। ਕਥਾ ਦੌਰਾਨ ਵੀ ਦੋ ਸਿੱਖ ਨੌਜਵਾਨਾਂ ਨੇ ਵਿਘਨ ਪਾਉਣ ਅਤੇ ਭਾਈ ਪੰਥਪ੍ਰੀਤ ‘ਤੇ ਹਮਲਾ ਕਰਨ ਦਾ ਯਤਨ ਕੀਤਾ, ਪਰ ਉਹ ਸਫਲ ਨਹੀਂ ਹੋਏ। ਇਸ ਮੌਕੇ ਪੁਲਿਸ ਵਾਲੇ ਬੂਟਾਂ ਅਤੇ ਹਥਿਆਰਾਂ ਸਮੇਤ ਪਹਿਲੀ ਮੰਜ਼ਿਲ ‘ਤੇ ਵੀ ਚੜ੍ਹ ਗਏ ਅਤੇ ਉਨ੍ਹਾਂ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ।ਇਸ ਤੋਂ ਬਾਅਦ ਇਸ ਤਣਾਅ ਭਰੇ ਮਾਹੌਲ ਅਤੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਭਾਈ ਪੰਥਪ੍ਰੀਤ ਸਿੰਘ ਦੀ ਕਥਾ ਅਤੇ ਕੀਰਤਨ ਘੰਟੇ ਤੋਂ ਘੱਟ ਸਮਾਂ ਜਾਰੀ ਰਿਹਾ।
ਦੋਵਾਂ ਧਿਰਾਂ ਨੂੰ ਕੀਤਾ ਜਾਵੇਗਾ ਅਕਾਲ ਤਖ਼ਤ ਸਾਹਿਬ ‘ਤੇ ਤਲਬ
ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਅਤੇ ਦੋਵਾਂ ਧਿਰਾਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦਾ ਫ਼ੈਸਲਾ ਕੀਤਾ ਹੈ। ਜਥੇਦਾਰ ਨੇ ਗੁਰਦੁਆਰੇ ਵਿੱਚ ਸਿੱਖਾਂ ਦੇ ਆਪਸੀ ਟਕਰਾਅ ਦੀ ਘਟਨਾ ਨੂੰ ਨਿੰਦਣਯੋਗ ਅਤੇ ਮੰਦਭਾਗੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਯੂਰਪ ਵਿੱਚ ਜਿੱਥੇ ਸਿੱਖ ਪਹਿਲਾਂ ਹੀ ਦਸਤਾਰ ਦੇ ਮੁੱਦੇ ‘ਤੇ ਕਾਨੂੰਨੀ ਲੜਾਈ ਲੜ ਰਹੇ ਹਨ, ਉਥੇ ਦਸਤਾਰ ਦੀ ਬੇਅਦਬੀ ਕਰਨਾ ਅਤਿ ਮੰਦਭਾਗਾ ਹੈ।
Check Also
ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ
ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …