Breaking News
Home / ਹਫ਼ਤਾਵਾਰੀ ਫੇਰੀ / ਜਸਟਿਨ ਟਰੂਡੋ ਨੇ ਨਵੀਂ ਕੈਬਨਿਟਦਾ ਕੀਤਾ ਐਲਾਨ

ਜਸਟਿਨ ਟਰੂਡੋ ਨੇ ਨਵੀਂ ਕੈਬਨਿਟਦਾ ਕੀਤਾ ਐਲਾਨ

ਅਨੀਤਾ ਅਨੰਦ ਬਣੀ ਕੈਨੇਡਾ ਦੀ ਡਿਫੈਂਸ ਮਨਿਸਟਰ
ਹਰਜੀਤ ਸਿੰਘ ਸੱਜਣ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ ਅਤੇ ਕਮਲ ਖਹਿਰਾ ਨੂੰ ਬਜ਼ੁਰਗਾਂ ਦੇ ਮਾਮਲਿਆਂ ਦੀ ਮੰਤਰੀ ਬਣਾਇਆ
38 ਮੰਤਰੀਆਂ ‘ਚ 19 ਪੁਰਸ਼ ਅਤੇ 19 ਮਹਿਲਾਵਾਂ ਸ਼ਾਮਲ
ਟੋਰਾਂਟੋ/ਸਤਪਾਲ ਸਿੰਘ ਜੌਹਲ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਾਵਾ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਦੀ ਦੇਖ-ਰੇਖ ਹੇਠ ਸਹੁੰ ਚੁੱਕ ਸਮਾਗਮ ਰੀਡੋ ਹਾਲ ਦੇ ਬਾਲ ਰੂਮ ‘ਚ ਹੋਇਆ। ਕੈਨੇਡਾ ਦੇ 29ਵੇਂ ਮੰਤਰੀ ਮੰਡਲ ਵਿਚ ਪ੍ਰਧਾਨ ਮੰਤਰੀ ਟਰੂਡੋ ਤੋਂ ਇਲਾਵਾ 38 ਮੰਤਰੀ (19 ਆਦਮੀ ਤੇ 19 ਮਹਿਲਾਵਾਂ) ਹਨ, ਜਿਨ੍ਹਾਂ ਵਿਚ ਭਾਰਤੀ ਮੂਲ ਦੇ 3 ਸੰਸਦ ਮੈਂਬਰ (ਅਨੀਤਾ ਅਨੰਦ, ਹਰਜੀਤ ਸਿੰਘ ਸੱਜਣ ਅਤੇ ਕਮਲ ਖਹਿਰਾ) ਕੈਬਨਿਟ ਮੰਤਰੀ ਬਣੇ। ਟਰੂਡੋ ਕੈਬਨਿਟ ‘ਚ ਹਰਜੀਤ ਸਿੰਘ ਸੱਜਣ ਦੀ ਥਾਂ ਅਨੀਤਾ ਆਨੰਦ ਨੂੰ ਦੇਸ਼ ਦੀ ਰੱਖਿਆ ਮੰਤਰੀ ਬਣਾਇਆ ਗਿਆ ਹੈ।
ਸ. ਸੱਜਣ ਨਵੀਂ ਕੈਬਨਿਟ ‘ਚ ਅੰਤਰਰਾਸ਼ਟਰੀ ਵਿਕਾਸ ਮੰਤਰੀ ਬਣੇ ਹਨ। ਇਹ ਵੀ ਕਿ ਇਸ ਕੈਬਨਿਟ ਫੇਰਬਦਲ ‘ਚ 7 ਨਵੇਂ ਮੰਤਰੀ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ‘ਚ ਬਰੈਂਪਟਨ-ਪੱਛਮੀ ਹਲਕੇ ਤੋਂ ਕਮਲ ਖਹਿਰਾ ਪਹਿਲੀ ਵਾਰੀ ਮੰਤਰੀ ਬਣੀ ਹੈ ਜਿਸ ਨੂੰ ਬਜ਼ੁਰਗਾਂ (ਦੇ ਮਾਮਲਿਆਂ) ਦੀ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ 2015 ਤੋਂ ਟਰੂਡੋ ਦੇ ਮੰਤਰੀ ਮੰਡਲ ‘ਚ ਸ਼ਾਮਿਲ ਰਹੀ ਵਾਟਰਲੂ ਹਲਕੇ ਤੋਂ ਸੰਸਦ ਮੈਂਬਰ ਬਰਦੀਸ਼ ਚੱਗਰ ਨੂੰ ਇਸ ਵਾਰੀ ਕੈਬਨਿਟ ‘ਚ ਨਹੀਂ ਲਿਆ ਗਿਆ। ਮਾਰਕ ਗਾਰਨੋ ਤੇ ਜਿਮ ਕਾਰ ਵੀ ਇਸ ਵਾਰੀ ਕੈਬਨਿਟ ਮੰਤਰੀ ਨਹੀਂ ਬਣਾਏ ਗਏ।
ਕ੍ਰਿਸਟੀਆ ਫਰੀਲੈਂਡ ਉਪ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਵਿੱਤ ਮੰਤਰੀ ਬਣੇ ਰਹਿਣਗੇ। ਸੀਨ ਫਰੇਜ਼ਰ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ, ਮੇਲਾਨੀ ਜੌਲੀ ਵਿਦੇਸ਼ ਮੰਤਰੀ, ਜੀਨ ਇਵੇਸ ਡੁਕਲੋਸ ਸਿਹਤ ਮੰਤਰੀ, ਓਮਾਰ ਅਲਘਾਬਰਾ ਆਵਾਜਾਈ ਮੰਤਰੀ, ਕਾਰੋਲਿਨ ਬੈਨੇਟ ਮਾਨਸਿਕ ਸਿਹਤ, ਅਮਲ ਅਤੇ ਸਹਾਇਕ ਸਿਹਤ ਮੰਤਰੀ, ਮੈਰੀ ਕਲਾਊਡ ਬੀਬਯੂ ਖੇਤੀਬਾੜੀ ਤੇ ਖੇਤੀ-ਖਾਧ ਪਦਾਰਥ ਮੰਤਰੀ, ਬਿੱਲ ਬਲੇਅਰ ਪ੍ਰਿਵੀ ਕੌਂਸਲ ਦੇ ਪ੍ਰਧਾਨ, ਰੈਂਡੀ ਬੋਇਸਨਾਲਟ ਸੈਰ-ਸਪਾਟਾ ਅਤੇ ਸਹਾਇਕ ਵਿੱਤ ਮੰਤਰੀ, ਮੋਨਾ ਫੋਰਟੀਏ ਖਜ਼ਾਨਾ ਬੋਰਡ ਦੇ ਪ੍ਰਧਾਨ, ਕਾਰੀਨਾ ਗੋਲਡ ਪਰਿਵਾਰ, ਬੱਚਿਆਂ ਅਤੇ ਸਮਾਜਿਕ ਵਿਕਾਸ ਮੰਤਰੀ, ਸਟੀਵਨ ਗਿੱਲਬੋਲਟ ਵਾਤਾਵਰਨ ਮੰਤਰੀ, ਪੈਟੀ ਹਾਜਡੂ ਆਦੀਵਾਸੀ ਮਾਮਲੇ ਅਤੇ ਮਾਰਕ ਹਾਲੈਂਡ ਸਦਨ (ਲੋਕ ਸਭਾ) ਵਿਚ ਸਰਕਾਰ ਦੇ ਆਗੂ ਬਣੇ ਹਨ। ਅਹਿਮਦ ਹਸਨ ਨੂੰ ਮਕਾਨ, ਵਿਭਿੰਨਤਾ ਅਤੇ (ਸਾਰੇ ਭਾਈਚਾਰਿਆਂ ਦੀ ਬਰਾਬਰ) ਸ਼ਮੂਲੀਅਤ ਦਾ ਮੰਤਰਾਲਾ ਦਿੱਤਾ ਗਿਆ ਹੈ। ਗੁਡੀ ਹੱਚੀਇੰਗਜ਼ ਪੇਂਡੂ ਵਿਕਾਸ ਮੰਤਰੀ, ਮਾਰਸੀ ਈਏਨ ਔਰਤਾਂ, ਲਿੰਗਕ ਸਮਾਨਤਾ ਤੇ ਯੂਥ ਮਾਮਲੇ, ਹੈਲੇਨਾ ਜੇਕਜੇਕ ਦੱਖਣੀ ਉਨਟਾਰੀਓ ਲਈ ਫੈਡਰਲ ਆਰਥਿਕ ਵਿਕਾਸ ਏਜੰਸੀ ਦੇ ਮੰਤਰੀ, ਡੇਵਿਡ ਲਾਮੇਟੀ ਨਿਆਂ ਅਤੇ ਕਾਨੂੰਨ ਮੰਤਰੀ, ਡੋਮਿਨਿਕ ਲੇਬਲਾਂਕ ਅੰਦਰੂਨੀ ਸਰਕਾਰੀ ਮਾਮਲੇ, ਡਿਆਨ ਲੀਬੋਥੀਲੀਏ ਮਾਲ (ਰੈਵੇਨਿਊ) ਮੰਤਰੀ, ਲਾਰੇਂਸ ਮਕੋਲੇ ਸਾਬਕਾ ਫੌਜੀਆਂ ਅਤੇ ਸਹਾਇਕ ਰੱਖਿਆ ਮੰਤਰੀ, ਮਾਰਕੋ ਮੈਂਡੀਚੀਨੋ ਜਨਤਕ ਸੁਰੱਖਿਆ ਮੰਤਰੀ, ਮਾਰਕ ਮਿੱਲਰ ਸਰਕਾਰ-ਆਦੀਵਾਸੀ ਸਬੰਧੀ ਮੰਤਰੀ, ਜੋਇਸ ਮੂਰੇ ਮੱਛੀ, ਸਾਗਰ ਅਤੇ ਤੱਟੀ ਮਾਮਲੇ ਮੰਤਰੀ, ਮੈਰੀ ਐਨਜੀ ਅੰਤਰਰਾਸ਼ਟਰੀ ਵਪਾਰ, ਨਿਰਯਾਤ ਅਤੇ ਛੋਟੇ ਕਾਰੋਬਾਰ ਅਤੇ ਆਰਥਿਕ ਵਿਕਾਸ ਮੰਤਰੀ, ਸੀਮਸ ਓਰੇਗਨ ਕਿਰਤ ਮੰਤਰੀ, ਜੀਨੇਟ ਪੈਟੀਪਾਸ ਟੇਲਰ ਭਾਸ਼ਾ ਮੰਤਰੀ, ਕਾਰਲਾ ਕੁਅਤਰੋ ਰੋਜ਼ਗਾਰ ਮੰਤਰੀ, ਪਾਬਲੋ ਰੋਡਰੀਗੁਏਜ਼ ਵਿਰਾਸਤ ਮੰਤਰੀ, ਪਾਸਕਾਲ ਸਟ-ਓਜ ਖੇਡ ਮੰਤਰੀ, ਫਿਲੋਮਿਨਾ ਟਾਸੀ ਪਬਲਿਕ ਸਰਵਿਸ ਤੇ ਖਰੀਦਦਾਰੀ ਮੰਤਰੀ, ਡੈਨ ਵਾਂਡਲ ਉੱਤਰੀ (ਖਿੱਤੇ) ਦੇ ਮਾਮਲਿਆਂ ਦੇ ਮੰਤਰੀ ਅਤੇ ਜੋਨਾਥਨ ਵਿਲਕਨਸਨ ਕੁਦਰਤੀ ਸਾਧਨਾਂ ਦੇ ਮੰਤਰੀ ਬਣਾਏ ਗਏ ਹਨ। 2015 ਅਤੇ 2019 ਦੀ ਟਰੂਡੋ ਸਰਕਾਰ ‘ਚ ਪ੍ਰਭਾਵਸ਼ਾਲੀ ਮੰਤਰੀ ਰਹਿ ਚੁੱਕੇ ਨਵਦੀਪ ਸਿੰਘ ਬੈਂਸ ਲਿਬਰਲ ਪਾਰਟੀ ਦੇ ਨੈਸ਼ਨਲ ਕੋ-ਚੇਅਰ ਵਜੋਂ ਇਸ ਸਹੁੰ ਚੁੱਕ ਸਮਾਗਮ ‘ਚ ਸ਼ਾਮਿਲ ਹੋਏ। ਇਸ ਸਹੁੰ ਚੁੱਕ ਸਮਾਗਮ ਦੀ (ਇਤਿਹਾਸ ‘ਚ ਪਹਿਲੀ ਵਾਰ) ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਗਵਰਨਰ ਜਨਰਲ, ਪ੍ਰਧਾਨ ਮੰਤਰੀ, ਸਮੇਤ ਸਮਾਗਮ ‘ਚ ਸ਼ਾਮਿਲ ਸਾਰੇ ਵਿਅਕਤੀਆਂ ਨੇ ਰਸਮ ਦੌਰਾਨ ਮਾਸਕ ਪਾ ਕੇ ਰੱਖੇ।
ਮਿਲਟਰੀ ਦੇ ਅੰਦਰੂਨੀ ਸੰਕਟ ਨੂੰ ਹੱਲ ਕਰਕੇ ਹੀ ਸਾਹ ਲਵਾਂਗੀ : ਅਨੰਦ
ਓਟਾਵਾ : ਕੌਮੀ ਰੱਖਿਆ ਮੰਤਰੀ ਅਨੀਤਾ ਅਨੰਦ ਦਾ ਕਹਿਣਾ ਹੈ ਕਿ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਜਿਨਸੀ ਸੋਸ਼ਣ ਖਿਲਾਫ ਛਿੜੀ ਜੰਗ ਵਿੱਚ ਉਹ ਇਹ ਯਕੀਨੀ ਬਣਾਉਣਗੇ ਕਿ ਸਾਰਿਆਂ ਨੂੰ ਇਨਸਾਫ ਮਿਲੇ। ਇਹ ਅਹੁਦਾ ਸਾਂਭਦੇ ਸਾਰ ਹੀ ਅਨੰਦ ਨੇ ਆਖਿਆ ਕਿ ਉਹ ਮਿਲਟਰੀ ਵਿਚਲੇ ਕਲਚਰ ਨੂੰ ਬਦਲਣਗੇ ਤਾਂ ਕਿ ਯੂਨੀਫੌਰਮ ਵਿਚਲੇ ਲੋਕ ਸੁਰੱਖਿਅਤ ਰਹਿ ਸਕਣ। ਉਨ੍ਹਾਂ ਆਖਿਆ ਕਿ ਉਹ ਮਿਲਟਰੀ ਵਿੱਚ ਕੈਨੇਡੀਅਨਜ਼ ਦੇ ਵਿਸ਼ਵਾਸ ਨੂੰ ਵੀ ਬਹਾਲ ਕਰਨਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਉਹ ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਫੌਜ ਦੇ ਉੱਚ ਰੈਂਕ ਵਾਲੇ ਅਧਿਕਾਰੀਆਂ ਖਿਲਾਫ ਜਿਨਸੀ ਸੋਸ਼ਣ ਦੇ ਦੋਸ਼ਾਂ ਦੇ ਸਬੰਧ ਵਿੱਚ ਕੋਈ ਠੋਸ ਕਾਰਵਾਈ ਨਾ ਕਰ ਸਕਣ ਲਈ ਸੱਜਣ ਨੂੰ ਚੁਫੇਰਿਓਂ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

 

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …