-9.4 C
Toronto
Wednesday, January 28, 2026
spot_img
Homeਹਫ਼ਤਾਵਾਰੀ ਫੇਰੀ8 ਨਵੰਬਰ ਨੂੰ ਖੁੱਲ੍ਹੇਗਾ ਕਰਤਾਰਪੁਰ ਲਾਂਘੇ ਦਾ ਬੂਹਾ

8 ਨਵੰਬਰ ਨੂੰ ਖੁੱਲ੍ਹੇਗਾ ਕਰਤਾਰਪੁਰ ਲਾਂਘੇ ਦਾ ਬੂਹਾ

ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ8 ਨਵੰਬਰ ਨੂੰ ਕਰਨਗੇ ਉਦਘਾਟਨ
ਲਾਂਘਾ ਖੁੱਲ੍ਹਣ ‘ਤੇ 9 ਨਵੰਬਰ ਨੂੰ ਜਾਏਗਾ ਭਾਰਤ ਤੋਂ ਪਹਿਲਾ ਜੱਥਾ
ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿ ਗੱਲਬਾਤ 14 ਜੁਲਾਈ ਨੂੰ ਹੋਵੇਗੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੇ ਡੇਰਾ ਬਾਬਾ ਨਾਨਕ ਨੂੰ ਜੋੜਨ ਲਈ ਉਸਾਰੇ ਜਾ ਰਹੇ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 8 ਨਵੰਬਰ ਨੂੰ ਕਰਨਗੇ ਤੇ 9 ਨਵੰਬਰ ਨੂੰ ਭਾਰਤ ਵਲੋਂ ਲਾਂਘੇ ਰਾਹੀਂ ਪਹਿਲਾ ਜਥਾ ਪਾਕਿਸਤਾਨ ਪੁੱਜੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ 10 ਤੋਂ 12 ਨਵੰਬਰ ਤੱਕ ਰੱਖਿਆ ਜਾਵੇਗਾ, ਜਿਸ ਵਿਚ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਲਗਪਗ ਇਕ ਲੱਖ ਨਾਨਕ ਨਾਮਲੇਵਾ ਸ਼ਰਧਾਲੂ ਸ਼ਾਮਿਲ ਹੋਣਗੇ। ਇਸ ਦੇ ਬਾਅਦ ਇਕ ਦਿਨ ਲਈ ਯਾਤਰੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਠਹਿਰਾਇਆ ਜਾਵੇਗਾ।
ਤਾਰਾ ਸਿੰਘ ਅਨੁਸਾਰ ਭਾਰਤ ਤੋਂ ਲਾਂਘੇ ਦੀ ਮਾਰਫ਼ਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਬਗੈਰ ਵੀਜ਼ਾ ਦੇ ਦਰਸ਼ਨਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਅਤੇ ਪੀ. ਐਸ. ਜੀ. ਪੀ. ਸੀ. ਵਲੋਂ ਇਹ ਵੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਲਾਂਘਾ ਖੁੱਲ੍ਹਣ ਉਪਰੰਤ ਇਸ ਲਾਂਘੇ ਦੇ ਨਾਲ ਹੀ ਸ੍ਰੀ ਨਨਕਾਣਾ ਸਾਹਿਬ ਨੂੰ ਵੀ ਜੋੜਿਆ ਜਾਵੇ, ਤਾਂ ਕਿ ਭਾਰਤ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਅਗਲੇ ਦਿਨ ਬਿਨਾ ਵੀਜ਼ਾ ਦੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਕਰ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਬਾਰੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਪਾਸੋਂ ਮੰਗ ਕੀਤੀ ਜਾ ਚੁੱਕੀ ਹੈ ਅਤੇ ਇਸ ਦੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਵੀ ਸਲਾਹ-ਮਸ਼ਵਰਾ ਲਿਆ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਦੇ ਤਜਰਬਿਆਂ ਅਤੇ ਸਾਥ ਨਾਲ ਇਸ ਮੌਕੇ ਹੋਣ ਵਾਲੇ ਸਮਾਗਮਾਂ ਨੂੰ ਹੋਰ ਬਿਹਤਰ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ।
ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿ ਗੱਲਬਾਤ 14 ਜੁਲਾਈ ਨੂੰ ਹੋਵੇਗੀ : ਪਾਕਿਸਤਾਨ ਨੇ ਕਰਤਾਰਪੁਰ ਕੌਰੀਡੋਰ ਸਬੰਧੀ ਦੂਜੀ ਬੈਠਕ ਕਰਨ ਲਈ 14 ਜੁਲਾਈ ਦੀ ਤਰੀਕ ਦਿੱਤੀ ਹੈ। ਭਾਰਤ ਨੇ ਪਾਕਿਸਤਾਨ ਨੂੰ 11 ਤੋਂ 14 ਜੁਲਾਈ ਦੇ ਵਿਚਕਾਰ ਇਹ ਬੈਠਕ ਕਰਨ ਲਈ ਮਤਾ ਭੇਜਿਆ ਸੀ। ਪਾਕਿ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਆਪਣਾ ਜਵਾਬ ਭੇਜ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਰਤਾਰਪੁਰ ਕੌਰੀਡੋਰ ਨੂੰ ਖੋਲ੍ਹਣ ਦੀਆਂ ਸ਼ਰਤਾਂ, ਰੂਪ ਰੇਖਾ ਅਤੇ ਤਕਨੀਕੀ ਪੱਖਾਂ ਦੇ ਸਬੰਧਾਂ ਵਿਚ ਦੋਪੱਖੀ ਸਮਝੌਤੇ ਦੇ ਮਸੌਦੇ ‘ਤੇ ਗੱਲਬਾਤ ਲਈ ਦੂਜੀ ਬੈਠਕ 14 ਜੁਲਾਈ ਨੂੰ ਵਾਘਾ-ਅਟਾਰੀ ਕੰਪਲੈਕਸ ਵਿਚ ਹੋਵੇਗੀ। ਪਾਕਿਸਤਾਨ ਨੇ ਕਿਹਾ ਕਿ ਪਾਕਿ ਸਰਕਾਰ ਕੌਰੀਡੋਰ ਨੂੰ ਨਵੰਬਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਮੁਕੰਮਲ ਕਰਨ ਦੀ ਪ੍ਰਕਿਰਿਆ ਤੇਜ਼ ਕਰਨਾ ਚਾਹੁੰਦੀ ਹੈ।
ਪਾਕਿ ‘ਚ ਖੁੱਲ੍ਹਿਆ 500 ਸਾਲ ਪੁਰਾਤਨ ਗੁਰੂਘਰ ਦਾ ਦਰ
ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪੈਂਦੇ ਸਿਆਲਕੋਟ ਸਥਿਤ 500 ਸਾਲ ਪੁਰਾਣੇ ਗੁਰਦੁਆਰਾ ਬਾਬੇ-ਦੀ-ਬੇਰ ਸਾਹਿਬ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਆਪਣੇ ਦਰ ਖੋਲ੍ਹ ਦਿੱਤੇ ਹਨ। ਜਾਣਕਾਰੀ ਮੁਤਾਬਕ ਪਹਿਲਾਂ ਭਾਰਤੀਆਂ ਨੂੰ ਇਸ ਗੁਰਦੁਆਰੇ ਦੇ ਦਰਸ਼ਨ ਦੀਦਾਰੇ ਕਰਨ ਦੀ ਇਜਾਜ਼ਤ ਨਹੀਂ ਸੀ। ਉਂਜ ਪਾਕਿਸਤਾਨ, ਯੂਰੋਪ, ਕੈਨੇਡਾ ਅਤੇ ਅਮਰੀਕਾ ਦੇ ਸਿੱਖਾਂ ਨੂੰ ਗੁਰਦੁਆਰੇ ਵਿਚ ਮੱਥਾ ਟੇਕਣ ਦੀ ਮਨਜ਼ੂਰੀ ਮਿਲੀ ਹੋਈ ਸੀ। ਹੁਣ ਪੰਜਾਬ ਦੇ ਰਾਜਪਾਲ ਮੁਹੰਮਦ ਸਰਵਰ ਨੇ ਸੂਬੇ ਦੇ ਔਕਾਫ਼ ਮਹਿਕਮੇ ਨੂੰ ਸੂਚੀ ਵਿਚ ਭਾਰਤੀਆਂ ਨੂੰ ਵੀ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਉਹ ਵੀ ਸਿਆਲਕੋਟ ਦੇ ਗੁਰਦੁਆਰੇ ਦੇ ਦਰਸ਼ਨ ਕਰ ਸਕਣ। ਜ਼ਿਕਰਯੋਗ ਹੈ ਕਿ ਹਜ਼ਾਰਾਂ ਭਾਰਤੀ ਸਿੱਖ ਸ਼ਰਧਾਲੂ ਜਥਿਆਂ ਦੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ, ਵਿਸਾਖੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਇਥੋਂ ਦੇ ਗੁਰਦੁਆਰਿਆਂ ਵਿਚ ਹਰ ਸਾਲ ਆਉਂਦੇ ਹਨ। ਸਿੱਖ ਇਤਿਹਾਸ ਮੁਤਾਬਕ ਜਦੋਂ ਗੁਰੂ ਨਾਨਕ ਦੇਵ ਜੀ 16ਵੀਂ ਸਦੀ ਵਿਚ ਕਸ਼ਮੀਰ ਤੋਂ ਸਿਆਲਕੋਟ ਪੁੱਜੇ ਸਨ ਤਾਂ ਉਹ ਬੇਰੀ ਹੇਠਾਂ ਰੁਕੇ ਸਨ। ਸਰਦਾਰ ਨੱਥਾ ਸਿੰਘ ਨੇ ਯਾਦਗਾਰ ਵਜੋਂ ਇਸੇ ਥਾਂ ‘ਤੇ ਗੁਰਦੁਆਰਾ ਬਣਾਇਆ ਸੀ। ਪਿਛਲੇ ਸਾਲ ਨਵੰਬਰ ਵਿਚ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਲਾਂਘਾ ਖੋਲ੍ਹਣ ਦੇ ਫ਼ੈਸਲੇ ਮਗਰੋਂ ਸਿੱਖਾਂ ਲਈ ਹੋਰ ਧਾਰਮਿਕ ਅਸਥਾਨਾਂ ਦੇ ਦੁਆਰ ਖੋਲ੍ਹੇ ਜਾ ਰਹੇ ਹਨ।

RELATED ARTICLES
POPULAR POSTS