ਜ਼ਾਓ ਵੈ ‘ਤੇ ਸਿਆਸੀ ਦਖਲਅੰਦਾਜ਼ੀ ਕਰਨ ਦਾ ਦੋਸ਼
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੇ ਟੋਰਾਂਟੋ ਸਥਿਤ ਚੀਨ ਦੇ ਸਫਾਰਤਖਾਨੇ ਦੇ ਉੱਚ ਅਫਸਰ ਜ਼ਾਓ ਵੈ ਨੂੰ ਕੈਨੇਡਾ ਦੀ ਸਿਆਸਤ ਵਿੱਚ ਦਖਲਅੰਦਾਜ਼ੀ ਦੇ ਦੋਸ਼ ਹੇਠ ਦੇਸ਼ ‘ਚੋਂ ਨਿਕਲਣ ਦਾ ਹੁਕਮ ਦਿੱਤਾ ਹੈ। ਉਸ ‘ਤੇ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦੇ ਐੱਮਪੀ ਮਾਈਕਲ ਚੌਂਗ ਨਾਲ ਦੁਰਵਿਹਾਰ ਕਰਨ ਦੇ ਦੋਸ਼ ਵੀ ਲੱਗੇ ਹਨ।
ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੌਲੀ ਨੇ ਦੱਸਿਆ ਕਿ ਚੀਨੀ ਸਫੀਰ ਬਾਰੇ ਸਖ਼ਤ ਫੈਸਲਾ ਡੂੰਘੀ ਜਾਂਚ ਅਤੇ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਹੈ। ਉਸ ਦੀ ਹਰਕਤ ਤੋਂ ਬਾਅਦ ਉਸ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਕੈਨੇਡਾ ਵਿਚਲੇ ਸਾਰੇ ਦੇਸ਼ਾਂ ਦੇ ਸ਼ਫੀਰਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਕਿ ਅੱਗੇ ਤੋਂ ਕੈਨੇਡੀਅਨ ਸਿਸਟਮ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ।
ਮਾਈਕਲ ਚੌੰਗ ਨੇ ਕੁਝ ਦਿਨ ਪਹਿਲਾਂ ਹਾਊਸ ਆਫ ਕਾਮਨ (ਲੋਕ ਸਦਨ) ਵਿੱਚ ਦੱਸਿਆ ਸੀ ਕਿ ਉਸ ਵੱਲੋਂ ਦਿੱਤੇ ਗਏ ਇੱਕ ਬਿਆਨ ਤੋਂ ਬਾਅਦ ਉਕਤ ਸਫੀਰ ਨੇ ਉਸ ਨੂੰ ਹਾਂਗਕਾਂਗ ਵਿੱਚ ਪਰਿਵਾਰ ਸਮੇਤ ਬੇਇੱਜ਼ਤ ਕਰਵਾਇਆ।
ਉੱਧਰ ਚੀਨੀ ਸਫਾਰਤਖਾਨੇ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਮੰਦਭਾਗਾ ਕਿਹਾ ਹੈ। ਦੂਜੇ ਪਾਸੇ ਸਰਕਾਰ ਦੇ ਅਲੋਚਕਾਂ ਦਾ ਮੰਨਣਾ ਹੈ ਕਿ ਇਸ ਕਾਰਵਾਈ ਰਾਹੀਂ ਲਿਬਰਲ ਪਾਰਟੀ ‘ਤੇ ਚੋਣਾਂ ਵਿਚ ਵਿਦੇਸ਼ੀ ਦਖਲ ਦੇ ਲੱਗਦੇ ਦੋਸ਼ਾਂ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਚੀਨ ਵੱਲੋਂ ਵੀ ਕੈਨੇਡੀਅਨ ਸਫੀਰ ਦੇਸ਼ ‘ਚੋਂ ਕੱਢਣ ਦਾ ਐਲਾਨ
ਪੇਈਚਿੰਗ : ਕੈਨੇਡਾ ਦੀ ਕਾਰਵਾਈ ਮਗਰੋਂ ਚੀਨ ਨੇ ਵੀ ਕੈਨੇਡੀਅਨ ਸਫੀਰ ਨੂੰ ਦੇਸ਼ ‘ਚੋਂ ਕੱਢਣ ਦਾ ਐਲਾਨ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਉਹ ਕੈਨੇਡਾ ਦੇ ਇਸ ਤਰਕਹੀਣ ਕਦਮ ਦਾ ਸਖ਼ਤ ਵਿਰੋਧ ਕਰਦੇ ਹਨ ਅਤੇ ਇਸੇ ਦੇ ਜਵਾਬ ਵਿੱਚ ਉਨ੍ਹਾਂ ਵੱਲੋਂ ਕੈਨੇਡੀਅਨ ਸਫੀਰ ਨੂੰ ਕੱਢਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੰਘਾਈ ਵਿਚ ਤਾਇਨਾਤ ਕੈਨੇਡੀਅਨ ਸਫੀਰ ਲਿਨ ਲਾਲੋਂਡੇ ਨੂੰ 13 ਮਈ ਤੱਕ ਦੇਸ਼ ਛੱਡਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, ”ਚੀਨ ਜਵਾਬ ਵਿਚ ਹੋਰ ਕਦਮ ਚੁੱਕਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ।” ਪੇਈਚਿੰਗ ਸਥਿਤ ਕੈਨੇਡੀਅਨ ਸਫਾਰਤਖਾਨੇ ਨੇ ਇਸ ਸਬੰਧੀ ਹਾਲੇ ਕੋਈ ਟਿੱਪਣੀ ਨਹੀਂ ਕੀਤੀ। ਓਟਵਾ ਸਥਿਤ ਚੀਨੀ ਸਫਾਰਤਖਾਨੇ ਨੇ ਆਪਣੀ ਵੈੱਬਸਾਈਟ ‘ਤੇ ਜਾਰੀ ਬਿਆਨ ‘ਚ ਕਿਹਾ, ”ਚੀਨ ਕਦੇ ਵੀ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਨਹੀਂ ਕਰਦਾ।”