ਜਲੰਧਰ ‘ਚ ਬੂਥਾਂ ‘ਤੇ ਬੈਠੇ ਰਹੇ ‘ਆਪ’ ਦੇ ਬਾਹਰੀ ਵਿਧਾਇਕ
ਮੁੱਖ ਮੁਕਾਬਲਾ ‘ਆਪ’, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵਿਚਾਲੇ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਬੁੱਧਵਾਰ ਨੂੰ ਵੋਟਾਂ ਪੈ ਗਈਆਂ ਹਨ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ 13 ਮਈ ਨੂੰ ਆਉਣਗੇ। ਲੋਕ ਸਭਾ ਦੀ ਉਪ ਚੋਣ ਵਿਚ ਸਿਆਸੀ ਪਾਰਟੀਆਂ ਵਲੋਂ ਕੀਤੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਵੀ ਘੱਟ ਵਿਅਕਤੀ ਹੀ ਵੋਟ ਪਾਉਣ ਪਹੁੰਚੇ। ਸਾਲ 2019 ਵਿਚ ਪਈਆਂ 63.4% ਵੋਟਾਂ ਦੇ ਮੁਕਾਬਲੇ ਇਸ ਵਾਰ ਸਿਰਫ 54% ਵੋਟਾਂ ਹੀ ਪੋਲ ਹੋਈਆਂ, ਜੋ ਕਿ ਪਿਛਲੀ ਵਾਰ ਨਾਲੋਂ 9.04 % ਘੱਟ ਹਨ। ਵੋਟਿੰਗ ਵਾਲਾ ਦਿਨ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਪੰਜਾਬ ‘ਚ ਸੱਤਾਧਾਰੀ ਪਾਰਟੀ ‘ਆਪ’ ਦੇ ਦੂਜੇ ਜ਼ਿਲ੍ਹਿਆਂ ਵਿਚੋਂ ਆਏ ਵਿਧਾਇਕਾਂ ਅਤੇ ਹੋਰ ਆਗੂਆਂ ਨੂੰ ਫੜਨ ਵਿਚ ਹੀ ਲੰਘਿਆ। ਬੁੱਧਵਾਰ ਸਵੇਰ ਤੋਂ ਹੀ ਸੱਤਾਧਾਰੀ ਧਿਰ ਅਤੇ ਵਿਰੋਧੀ ਪੱਖ ਵਿਚ ਨੋਕ-ਝੋਕ ਸ਼ੁਰੂ ਹੋ ਗਈ ਸੀ। ਜਲੰਧਰ ਵਿਚ ਬੂਥਾਂ ‘ਤੇ ਬੈਠੇ ਆਮ ਆਦਮੀ ਪਾਰਟੀ ਦੇ 5 ਬਾਹਰੀ ਵਿਧਾਇਕਾਂ ਨੂੰ ਫੜਿਆ ਅਤੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਜਲੰਧਰ ਲੋਕ ਸਭਾ ਦੀ ਉਪ ਚੋਣ ਲਈ ਮੁੱਖ ਮੁਕਾਬਲਾ ‘ਆਪ’, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵਿਚਾਲੇ ਹੋਵੇਗਾ।
ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ਹੋ ਗਈ ਸੀ ਜਿਸ ਕਾਰਨ ਇਹ ਉਪ ਚੋਣ ਕਰਵਾਉਣੀ ਪਈ ਹੈ। ਕਾਂਗਰਸ ਨੇ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਜਦੋਂਕਿ ‘ਆਪ’ ਨੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ, ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਨੇ ਬੰਗਾ ਹਲਕੇ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ, ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਨੇ ਗੁਰਜੰਟ ਸਿੰਘ ਕੱਟੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਵੋਟਿੰਗ ਪ੍ਰਕਿਰਿਆ ਦੌਰਾਨ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਵਿਰੋਧੀ ਧਿਰਾਂ ਨੇ ਸੱਤਾਧਾਰੀ ਧਿਰ ‘ਆਪ’ ‘ਤੇ ਬੂਥਾਂ ਉੱਤੇ ਕਬਜ਼ਾ ਕਰਨ ਦੇ ਆਰੋਪ ਲਗਾਏ। ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੀ। ਇਲਾਕੇ ਦੇ ਪਿੰਡਾਂ ਵਿੱਚ ਸਵੇਰੇ 11 ਵਜੇ ਤੱਕ ਵੋਟਿੰਗ ਪ੍ਰਕਿਰਿਆ ਨੂੰ ਚੰਗਾ ਹੁਲਾਰਾ ਮਿਲਿਆ ਤੇ ਦੁਪਹਿਰ ਵੇਲੇ ਪੋਲਿੰਗ ਘੱਟ ਹੋਈ। ਸ਼ਹਿਰੀ ਇਲਾਕਿਆਂ ਵਿੱਚ ਵੀ ਵੋਟਾਂ ਪਾਉਣ ਲਈ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਸੱਤਾਧਾਰੀ ਧਿਰ ‘ਆਪ’ ਨੇ ‘ਇੱਕ ਸਾਲ-ਕੰਮ ਦਮਦਾਰ’ ਦਾ ਨਾਅਰਾ ਦੇ ਕੇ ਚੋਣ ਲੜੀ ਜਦੋਂਕਿ ਕਾਂਗਰਸ ਨੇ ‘ਆਪ’ ਸਰਕਾਰ ਦੀਆਂ ਨਾਕਾਮੀਆਂ ਨੂੰ ਉਭਾਰਿਆ।
ਕਰਨਾਟਕ ‘ਚ ਐਗਜ਼ਿਟ ਪੋਲਾਂ ਮੁਤਾਬਕ ਕਾਂਗਰਸ ਅੱਗੇ
ਕਰਨਾਟਕ ਵਿਧਾਨ ਸਭਾ ਚੋਣਾਂ ਲਈ ਬੁੱਧਵਾਰ ਨੂੰ ਵੋਟਾਂ ਦਾ ਕੰਮ ਮੁਕੰਮਲ ਹੋਣ ਮਗਰੋਂ ਚੋਣ ਮੈਦਾਨ ‘ਚ ਉੱਤਰੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ‘ਚ ਬੰਦ ਹੋ ਗਈ ਤੇ ਇਨ੍ਹਾਂ ਚੋਣਾਂ ਦੇ ਨਤੀਜੇ 13 ਮਈ ਨੂੰ ਆਉਣਗੇ। ਐਗਜ਼ਿਟ ਪੋਲ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ਵਿਚਾਲੇ ਬਣਦਾ ਦਿਖਾਈ ਦੇ ਰਿਹਾ ਹੈ। ਜ਼ਿਆਦਾਤਰ ਐਗਜ਼ਿਟ ਪੋਲਜ਼ ‘ਚ ਕਾਂਗਰਸ ਨੂੰ ਅੱਗੇ ਦਿਖਾਇਆ ਗਿਆ ਹੈ ਤੇ ਕਈ ਏਜੰਸੀਆਂ ਨੇ ਸੂਬੇ ‘ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਦਾ ਹੋਣ ਕਾਰਨ ਲਟਕਵੀਂ ਵਿਧਾਨ ਸਭਾ ਬਣਨ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …