24.3 C
Toronto
Monday, September 15, 2025
spot_img
Homeਹਫ਼ਤਾਵਾਰੀ ਫੇਰੀਸਟਿੰਗ ਅਪਰੇਸ਼ਨ: ਛੋਟੇਪੁਰ ਦੀ ਹੋ ਸਕਦੀ ਹੈ 'ਆਪ' ਵਿੱਚੋਂ ਛੁੱਟੀ

ਸਟਿੰਗ ਅਪਰੇਸ਼ਨ: ਛੋਟੇਪੁਰ ਦੀ ਹੋ ਸਕਦੀ ਹੈ ‘ਆਪ’ ਵਿੱਚੋਂ ਛੁੱਟੀ

Sucha Singh Chotepur copy copyਅਰਵਿੰਦ ਕੇਜਰੀਵਾਲ ਨਹੀਂ ਹਨ ਬਖਸ਼ਣ  ਦੇ ਰੌਂਅ ‘ਚ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਇੱਕ ਸਟਿੰਗ ਅਪਰੇਸ਼ਨ ਵਿੱਚ ਕਸੂਤੇ ਫਸ ਗਏ ਹਨ ਅਤੇ ਉਨ੍ਹਾਂ ਦੀ ਕਿਸੇ ਵੇਲੇ ਵੀ ਪਾਰਟੀ ਵਿੱਚੋਂ ਛੁੱਟੀ ਹੋ ਸਕਦੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੇ ਮੈਂਬਰਾਂ ਵੱਲੋਂ ਸਟਿੰਗ ਅਪਰੇਸ਼ਨ ਦੀ ਹਾਸਲ ਹੋਈ ਵੀਡੀਓ ਦੀ ਘੋਖ ਕਰ ਲਈ ਗਈ ਹੈ ਅਤੇ ਛੋਟੇਪੁਰ ਨੂੰ ਕਿਸੇ ਵੇਲੇ ਵੀ ਪਾਰਟੀ ਵਿੱਚੋਂ ਕੱਢਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ।
ਸੂਤਰਾਂ ਅਨੁਸਾਰ ਪਿਛਲੇ ਦਿਨੀਂ ਜਦੋਂ ਕੇਜਰੀਵਾਲ ਹਿਮਾਚਲ ਪ੍ਰਦੇਸ਼ ਵਿੱਚ ਵਿਪਾਸਨਾ ਕਰਨ ਗਏ ਸਨ ਤਾਂ ਉਸ ਵੇਲੇ ਜ਼ਿਲ੍ਹਾ ਬਠਿੰਡਾ ਨਾਲ ਸਬੰਧਿਤ ਪਾਰਟੀ ਦੇ ਇੱਕ ਵਾਲੰਟੀਅਰ ਨੇ ‘ਆਪ’ ਦੀ ਕੌਮੀ ਲੀਡਰਸ਼ਿਪ ਨੂੰ ਸਟਿੰਗ ਅਪਰੇਸ਼ਨ ਦੀ ਇੱਕ ਵੀਡੀਓ ਸੌਂਪੀ ਸੀ। ਇਸ ਵਿੱਚ ਵਾਲੰਟੀਅਰ ਇੱਕ ਪੈਕਟ ਛੋਟੇਪੁਰ ਨੂੰ ਦਿੰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਛੋਟੇਪੁਰ ਅਤੇ ਸਟਿੰਗ ਅਪਰੇਸ਼ਨ ਕਰਨ ਵਾਲੇ ਵਿਅਕਤੀ ਦੀ ਆਵਾਜ਼ ਵੀ ਰਿਕਾਰਡ ਹੋਈ ਹੈ। ਦੋਵਾਂ ਵਿਚਾਲੇ ਹੋਈ ਗੱਲਬਾਤ ਪੀਏਸੀ ਦੇ ਮੈਂਬਰਾਂ ਨੇ ਸੁਣੀ ਹੈ, ਜਿਸ ਵਿੱਚ ਸਰਕਾਰ ਬਣਨ ਤੋਂ ਬਾਅਦ ਕੋਈ ਅਹੁਦਾ ਦੇਣ ਦੀ ਗੱਲ ਹੋ ਰਹੀ ਹੈ। ਸੂਤਰਾਂ ਅਨੁਸਾਰ ਪੀਏਸੀ ਨੇ ਇਸ ਵੀਡੀਓ ਉਪਰ ਕਈ ਦੌਰ ਦੀਆਂ ਮੀਟਿੰਗਾਂ ਕਰਨ ਉਪਰੰਤ ਸਿੱਟਾ ਕੱਢਿਆ ਹੈ ਕਿ ਛੋਟੇਪੁਰ ਨੇ ਦੋ ਲੱਖ ਰੁਪਏ ਹਾਸਲ ਕੀਤੇ ਹਨ। ਕੇਜਰੀਵਾਲ ਦੀ ਵਾਪਸੀ ‘ਤੇ ਜਦੋਂ ਉਨ੍ਹਾਂ ਨੂੰ ਵੀਡੀਓ ਦਿਖਾਈ ਗਈ ਤਾਂ ਉਹ ਭੜਕ ਉਠੇ ਅਤੇ ਇਸੇ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਛੋਟੇਪੁਰ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਇਸ ਤੋਂ ਬਾਅਦ ‘ਆਪ’ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਛੋਟੇਪੁਰ ਨੂੰ ਦਿੱਲੀ ਸੱਦ ਕੇ ਇਸ ਬਾਬਤ ਗੱਲਬਾਤ ਕੀਤੀ ਹੈ। ਦੱਸਣਯੋਗ ਹੈ ਕਿ ਜਦੋਂ ਪਾਰਟੀ ਨੇ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਤਾਂ ਛੋਟੇਪੁਰ ਰੋਸ ਵਜੋਂ ਇਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋਏ ਸਨ ਅਤੇ ਉਨ੍ਹਾਂ ਨੇ ਕੁਝ ਉਮੀਦਵਾਰਾਂ ‘ਤੇ ਉਂਗਲ ਉਠਾਉਂਦਿਆਂ ਐਲਾਨ ਕੀਤਾ ਸੀ ਕਿ ਉਹ ਆਪਣੇ ਇਤਰਾਜ਼ ਕੇਜਰੀਵਾਲ ਕੋਲ ਰੱਖਣਗੇ। ਕੇਜਰੀਵਾਲ ਭਾਵੇਂ ਹਿਮਾਚਲ ਤੋਂ 12 ਅਗਸਤ ਨੂੰ ਵਾਪਸ ਦਿੱਲੀ ਆ ਗਏ ਸਨ ਪਰ ਉਨ੍ਹਾਂ ਨੇ ਛੋਟੇਪੁਰ ਵੱਲੋਂ ਵਾਰ-ਵਾਰ ਸਮਾਂ ਮੰਗਣ ਦੇ ਬਾਵਜੂਦ ਕੋਈ ਹੁੰਗਾਰਾ ਨਹੀਂ ਦਿੱਤਾ। ਪਾਰਟੀ ਸੂਤਰਾਂ ਅਨੁਸਾਰ ਭਾਵੇਂ ਪੀਏਸੀ ਦੇ ਮੈਂਬਰਾਂ ਨੂੰ ਇਸ ਸਟਿੰਗ ਅਪਰੇਸ਼ਨ ਦਾ ਕਈ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀ ਪਰ ਉਹ ਪਾਰਟੀ ਦੀ ਬਦਨਾਮੀ ਦੇ ਡਰੋਂ ਇਸ ਮੁੱਦੇ ਨੂੰ ਦੱਬੀ ਬੈਠੇ ਸਨ ਪਰ ਪਿਛਲੇ ਦਿਨੀਂ ਇਸ ਸਟਿੰਗ ਅਪਰੇਸ਼ਨ ਦੀ ਵੀਡੀਓ ਲੀਕ ਹੋਣ ਤੋਂ ਬਾਅਦ ਪਾਰਟੀ ਹਰਕਤ ਵਿੱਚ ਆਈ ਹੈ। ਪਾਰਟੀ ਹਲਕਿਆਂ ਵਿੱਚ ਚਰਚਾ ਚੱਲ ਪਈ ਹੈ ਕਿ ਛੋਟੇਪੁਰ ਦੀ ਛਾਂਟੀ ਕਰਨ ਦੀ ਸੂਰਤ ਵਿੱਚ ਪੰਜਾਬ ਇਕਾਈ ਦੇ ਕਨਵੀਨਰ ਦੀ ਜ਼ਿੰਮੇਵਾਰੀ ਕਾਨੂੰਨੀ ਸੈੱਲ ਦੇ ਮੁਖੀ ਅਤੇ ਮੁਹਾਲੀ ਤੋਂ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ ਦਿੱਤੀ ਜਾ ਸਕਦੀ ਹੈ।
ਕੇਜਰੀਵਾਲ 11 ਨੂੰ ਜਾਰੀ ਕਰਨਗੇ ਕਿਸਾਨ ਚੋਣ ਮਨੋਰਥ ਪੱਤਰ
ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਦਾ ਕਿਸਾਨ ਮੈਨੀਫੈਸਟੋ 11 ਸਤੰਬਰ ਨੂੰ ਮੋਗਾ ਵਿਖੇ ਜਾਰੀ ਕਰਨਗੇ। ਇਸ ਦਾ ਐਲਾਨ ਕਰਦਿਆਂ ਮੈਨੀਫੈਸਟੋ ਕਮੇਟੀ ਪੰਜਾਬ ਦੇ ਮੁੱਖੀ ਕੰਵਰ ਸੰਧੂ ਨੇ ਕਿਹਾ ਕਿ ਇਸ ਮੈਨੀਫੈਸਟੋ ਵਿਚ ਖੇਤੀ ਨਾਲ ਸੰਬੰਧਤ ਸਾਰੇ ਪੱਖ ਉਭਾਰੇ ਜਾਣਗੇ ਅਤੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਤੋਂ ਅੱਗੇ ਲੈ ਕੇ ਜਾਣ ਦੀ ਯੋਜਨਾ ਦੱਸੀ ਜਾਵੇਗੀ। ਮੈਨੀਫੈਸਟੋ ਨੂੰ ਤਿਆਰ ਕਰਨ ਲਈ ਬੋਲਦਾ ਪੰਜਾਬ ਦੀ ਟੀਮ ਨੇ ਪੰਜਾਬ ਦੇ ਮੋਗਾ, ਤਲਵੰਡੀ ਭਾਈ, ਬਠਿੰਡਾ, ਮਾਨਸਾ, ਨਡਾਲਾ, ਹੁਸ਼ਿਆਰਪੁਰ, ਤਰਨਤਾਰਨ ਅਤੇ ਲੁਧਿਆਣਾ (ਡੇਅਰੀ ਉਤਪਾਦਕ) ਖੇਤਰਾਂ ਵਿਚ ਜਾ ਕੇ ਕਿਸਾਨਾਂ ਅਤੇ ਖੇਤੀ ਨਾਲ ਸੰਬੰਧਿਤ ਹੋਰ ਲੋਕਾਂ ਨਾਲ ਗੱਲਬਾਤ ਕੀਤੀ।
ਮੇਰੇ ਵਿਰੁੱਧ ਸਾਜਿਸ਼ : ਛੋਟੇਪੁਰ
ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਦੀ ਜ਼ੁਬਾਨ ਬੰਦ ਕਰਨ ਲਈ ਅਜਿਹੇ ਦੋਸ਼ ਘੜੇ ਜਾ ਰਹੇ ਹਨ ਅਤੇ ਉਹ ਸਮਾਂ ਆਉਣ ‘ਤੇ ਸੱਚ ਸਾਰਿਆਂ ਦੇ ਸਾਹਮਣੇ ਰੱਖਣਗੇ।ਉਨ੍ਹਾਂ ਆਖਿਆ ਕਿ ਮੇਰੇ ਵਿਰੁੱਧ ਸਾਜਿਸ਼ ਹੋਈ ਹੈ ਤੇ ਸਾਜਿਸ਼ ਵਿਚ ਬਾਹਰੀ ਵੀ ਹੋ ਸਕਦੇ ਹਨ ਤੇ ਆਪਣੇ ਵੀ।
ਕੈਪਟਨ ਨਿੱਤਰੇ ਹੱਕ ‘ਚ
ਕੈਪਟਨ ਅਮਰਿੰਦਰ ਸਿੰਘ ਨੇ ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਦੇ ਆਮ ਆਦਮੀ ਪਾਰਟੀ ਨੇਤਾਵਾਂ ਵੱਲੋਂ ਪੰਜਾਬੀ ਨੇਤਾ ਸੁੱਚਾ ਸਿੰਘ ਛੋਟੇਪੁਰ ਖਿਲਾਫ ਸਾਜ਼ਿਸ਼ਾਂ ਰਚਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਪਾਰਟੀ ਨੂੰ ਸ਼ੁਰੂ ਤੋਂ ਸਿੰਜਿਆ ਸੀ ਉਸ ਖਿਲਾਫ ਅਜਿਹੀ ਘਟੀਆ ਹਰਕਤ ਕੀਤੀ ਗਈ ਹੈ।

RELATED ARTICLES
POPULAR POSTS