Breaking News
Home / ਹਫ਼ਤਾਵਾਰੀ ਫੇਰੀ / ਕਾਲੀ ਸੂਚੀ ‘ਚੋਂ ਹਟਾਏ 225 ਨਾਂ

ਕਾਲੀ ਸੂਚੀ ‘ਚੋਂ ਹਟਾਏ 225 ਨਾਂ

logo-2-1-300x105-3-300x1051980 ਦੇ ਦਹਾਕੇ ਵਿਚ ਬਣੀ ਸੀ 298 ਸਿੱਖ ਨਾਂਵਾਂ ਦੀ ਸੂਚੀ, ਹੁਣ 73 ਨਾਂ ਬਾਕੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਪਿਛਲੇ ਚਾਰ ਸਾਲ ਵਿਚ 225 ਸਿੱਖਾਂ ਦਾ ਨਾਂ ਕਾਲੀ ਸੂਚੀ ਤੋਂ ਹਟਾਇਆ ਹੈ। 1980 ਦੇ ਦਹਾਕੇ ਵਿਚ ਵੱਖ-ਵੱਖ ਪੱਧਰ ‘ਤੇ ਸੁਰੱਖਿਆ ਏਜੰਸੀਆਂ ਨੇ 298 ਸਿੱਖਾਂ ਦੀ ਇਹ ਸੂਚੀ ਤਿਆਰ ਕੀਤੀ ਸੀ। ਭਾਰਤੀ ਮੂਲ ਦੇ ਉਹ ਵਿਅਕਤੀ ਜੋ ਦੇਸ਼ ਵਿਰੋਧੀ ਕਾਰਵਾਈਆਂ ਵਿਚ ਲੱਗੇ ਹੋਏ ਸਨ ਦੇ ਨਾਂ ਇਸ ਕਾਲੀ ਸੂਚੀ ਵਿਚ ਸ਼ਾਮਿਲ ਕੀਤੇ ਗਏ ਸਨ ਤੇ ਇਨ੍ਹਾਂ ਸਿੱਖਾਂ ਦੇ ਭਾਰਤ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਵਿਚ ਅਸੀਂ ਇਸ ਸੂਚੀ ਨੂੰ ਛਾਂਟਿਆ ਹੈ। ਹਾਲ ਹੀ ਵਿਚ ਇਸ ਵਿਚੋਂ 36 ਸਿੱਖਾਂ ਦੇ ਨਾਮ ਹਟਾਏ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਸੂਚੀ ਵਿਚ ਹੁਣ 73 ਵਿਅਕਤੀਆਂ ਦਾ ਨਾਂ ਬਾਕੀ ਹਨ। ਪੜ੍ਹਾਅਵਾਰ ਤਰੀਕੇ ਨਾਲ ਇਨ੍ਹਾਂ ਨਾਵਾਂ ਨੂੰ ਵੀ ਹਟਾਏ ਜਾਣ ਦੀ ਸੰਭਾਵਨਾ ਹੈ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2014 ਵਿਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਉਨ੍ਹਾਂ ਨੂੰ ਇਸ ਸਬੰਧੀ ਅਪੀਲ ਕੀਤੀ ਸੀ। ਉਨ੍ਹਾਂ ਗ੍ਰਹਿ ਮੰਤਰਾਲੇ ਨੂੰ ਅਜਿਹੇ ਮਾਮਲਿਆਂ ਦੀ ਲਗਾਤਾਰ ਸਮੀਖਿਆ ਦੀ ਵਿਵਸਥਾ ਬਣਾਉਣ ਦਾ ਨਿਰਦੇਸ਼ ਦੇਣ ਨੂੰ ਕਿਹਾ ਸੀ। ਬਾਦਲ ਦਾ ਕਹਿਣਾ ਹੈ ਕਿ ਉਹ ਅਜਿਹੇ ਵਿਅਕਤੀਆਂ ਦਾ ਨਾਂ ਸੂਚੀ ਤੋਂ ਹਟਵਾਉਣਾ ਚਾਹੁੰਦੇ ਹਨ ਜਿਨ੍ਹਾਂ ਦੇ ਖ਼ਿਲਾਫ਼ ਕੋਈ ਮਾਮਲਾ ਜਾਂ ਕਾਨੂੰਨੀ ਕਾਰਵਾਈ ਬਾਕੀ ਨਹੀਂ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਸੂਚੀ ਦੀ ਸਮੀਖਿਆ ਦੇ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਚੁੱਕੇ ਹਨ। ਉਨ੍ਹਾਂ ਨੇ ਉਨ੍ਹਾਂ ਨਾਵਾਂ ਨੂੰ ਸੂਚੀ ਤੋਂ ਹਟਾਉਣ ਦੀ ਮੰਗ ਕੀਤੀ ਹੈ ਜਿਨ੍ਹਾਂ ਖ਼ਿਲਾਫ਼ ਰਾਜ ਵਿਚ ਕੋਈ ਅਪਰਾਧਿਕ ਮਾਮਲਾ ਬਾਕੀ ਨਹੀਂ ਹੈ। ਬ੍ਰਿਟਿਸ਼ ਸਿੱਖਾਂ ਦੇ ਇਕ ਪ੍ਰਤੀਨਿਧੀ ਮੰਡਲ ਨੇ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਸਬੰਧ ਵਿਚ ਅਪੀਲ ਕੀਤੀ ਸੀ।
ਜ਼ਿਕਰਯੋਗ ਹੈ ਕਿ 1980 ਅਤੇ 1990 ਦੇ ਦਹਾਕੇ ‘ਚ ਵੱਡੇ ਪੈਮਾਨੇ ‘ਤੇ ਸਿੱਖ ਪਰਿਵਾਰਾਂ ਨੇ ਅਮਰੀਕਾ, ਕੈਨੇਡਾ, ਜਰਮਨੀ ਅਤੇ ਹੋਰ ਦੇਸ਼ਾਂ ਵਿਚ ਸਿਆਸੀ ਸ਼ਰਨ ਲਈ ਸੀ। ਇਨ੍ਹਾਂ ਵਿਚ ਜ਼ਿਆਦਾਤਰ ਦੇ ਖ਼ਿਲਾਫ਼ ਭਾਰਤ ‘ਚ ਮਾਮਲੇ ਦਰਜ ਸਨ ਅਤੇ ਪਿਛਲੇ ਦਹਾਕਿਆਂ ਵਿਚ ਇਨ੍ਹਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਮਿਲੀ ਸੀ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …