Breaking News
Home / ਹਫ਼ਤਾਵਾਰੀ ਫੇਰੀ / ਪ੍ਰੀਮੀਅਰ ਡਗ ਫੋਰਡ ਨੇ ‘ਪਰਵਾਸੀ’ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਮੰਨਿਆ

ਪ੍ਰੀਮੀਅਰ ਡਗ ਫੋਰਡ ਨੇ ‘ਪਰਵਾਸੀ’ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਮੰਨਿਆ

ਬਰੈਂਪਟਨ ‘ਚ ਸਿਹਤ ਸੇਵਾਵਾਂ ਦੀ ਹਾਲਤ ‘ਬੇਹੱਦ ਨਾਜ਼ੁਕ’
ਮਿਸੀਸਾਗਾ/ਪਰਵਾਸੀ ਬਿਊਰੋ : ਲੰਘੇ ਮੰਗਲਵਾਰ ਨੂੰ ਮਿਸੀਸਾਗਾ ਵਿੱਚ ਏਅਰਪੋਰਟ ਨੇੜੇ ਇਕ ਹੋਟਲ ਵਿੱਚ ਆਯੋਜਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਪ੍ਰੀਮੀਅਰ ਡਗ ਫੋਰਡ ਨੇ ਖੁਦ ਮੰਨਿਆ ਕਿ ਬਰੈਂਪਟਨ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ।
ਜ਼ਿਕਰਯੋਗ ਹੈ ਕਿ ਪ੍ਰੀਮੀਅਰ ਡਗ ਫੋਰਡ ਨੇ ਕੈਨੇਡਾ ਦੇ ਸੂਬਿਆਂ ਦੇ ਪ੍ਰੀਮੀਅਰਾਂ ਨੂੰ ਇਕੱਠਾ ਕਰਕੇ ਇਕ ਵਿਸ਼ੇਸ਼ ਕਾਨਫਰੰਸ ਦਾ ਆਯੋਜਨ ਕੀਤਾ ਸੀ ਤਾਂਕਿ ਸੂਬਿਆਂ ਨੂੰ ਫੈਡਰਲ ਸਰਕਾਰ ਵੱਲੋਂ ਮਿਲਣ ਵਾਲੀ ਫੰਡਿੰਗ ਦੇ ਲਈ ਕੋਈ ਸਾਂਝੀ ਨੀਤੀ ਅਪਨਾਈ ਜਾ ਸਕੇ। ਇਸ ਕਾਨਫਰੰਸ ਤੋਂ ਬਾਅਦ ਐਥਨਿਕ ਭਾਈਚਾਰੇ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ। ਰਜਿੰਦਰ ਸੈਣੀ ਹੋਰਾਂ ਦਾ ਸਵਾਲ ਸੀ ਕਿ ਜਦੋਂ ਬਰੈਂਪਟਨ ਦੀ ਅਬਾਦੀ ਸਿਰਫ਼ 350,000 ਸੀ ਉਸ ਸਮੇਂ ਪੀਲ ਮੈਮੋਰੀਅਲ ਹਸਪਤਾਲ ਵਿੱਚ 350 ਬੈੱਡ ਸਨ। ਹੁਣ ਜਦੋਂ ਕਿ ਅਬਾਦੀ 7,00,000 ਦੇ ਕਰੀਬ ਹੈ ਤਾਂ ਸਿਰਫ਼ 100 ਹੋਰ ਬੈੱਡ ਹੀ ਵਧਾਏ ਗਏ ਹਨ। ਜਿਸ ਕਾਰਨ ਮਰੀਜ਼ਾਂ ਨੂੰ ਅਕਸਰ ਜਾਂ ਤਾਂ ਬੈੱਡ ਨਹੀਂ ਮਿਲਦੇ ਜਾਂ ਫਿਰ ਹਾਲ ਵਿੱਚ ਸਟਰੇਚਰ ‘ਤੇ ਰਹਿ ਕੇ ਹੀ ਇਲਾਜ ਕਰਵਾਉਣਾ ਪੈਂਦਾ ਹੈ। ਉਨ੍ਹਾਂ ਨੇ ਪ੍ਰੀਮੀਅਰ ਨੂੰ ਦੱਸਿਆ ਕਿ ਬਰੈਂਪਟਨ ਨੂੰ ਤੁਰੰਤ ਇਕ ਹੋਰ ਹਸਪਤਾਲ ਦੀ ਲੋੜ ਹੈ, ਜਿਸ ਦੀ ਸਪੋਰਟ ਬਰੈਂਪਟਨ ਦੇ ਹੋਰਨਾਂ ਪਾਰਟੀਆਂ ਦੇ ਐਮਪੀਪੀਸ ਤੋਂ ਇਲਾਵਾ ਉਨ੍ਹਾਂ ਦੀ ਆਪਣੀ ਪਾਰਟੀ ਦੇ ਦੋ ਐਮਪੀਪੀਸ ਵੀ ਕਰ ਰਹੇ ਹਨ। ਇਸੇ ਤਰ੍ਹਾਂ ਪਿਛਲੇ ਐਤਵਾਰ ਨੂੰ ਇਸ ਮਸਲੇ ਨੂੰ ਲੈ ਕੇ ਆਯੋਜਤ ਕੀਤੀ ਗਈ ਇਕ ਜਨਤਕ ਮੀਟਿੰਗ ਵਿੱਚ ਬਰੈਂਪਟਨ ਦੇ ਲਗਭਗ ਸਾਰੇ ਐਮਪੀਸ, ਐਮਪੀਪੀਸ ਅਤੇ ਕਾਊਂਸਲਰ ਵੀ ਇਕਮਤ ਸਨ ਕਿ ਇਕ ਹੋਰ ਹਸਪਤਾਲ ਤੁਰੰਤ ਬਣਾਇਆ ਜਾਣਾ ਚਾਹੀਦਾ ਹੈ।
ਰਜਿੰਦਰ ਸੈਣੀ ਦਾ ਪ੍ਰੀਮੀਅਰ ਨੂੰ ਕਹਿਣਾ ਸੀ ਕਿ ਜਦੋਂ ਤੱਕ ਨਵਾਂ ਹਸਪਤਾਲ ਨਹੀਂ ਬਣ ਜਾਂਦਾ, ਉਸ ਸਮੇਂ ਤੱਕ ਪੀਲ ਮੈਮੋਰੀਅਲ ਹਸਪਤਾਲ ਦਾ ਦੂਜਾ ਫੇਜ਼ ਬਣਾ ਕੇ ਅਤੇ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਨਵੇਂ ਬੈੱਡ ਵਧਾਏ ਜਾ ਸਕਦੇ ਹਨ।
ਪ੍ਰੀਮੀਅਰ ਫੋਰਡ ਨੇ ਬੜੇ ਧਿਆਨ ਨਾਲ ਇਹ ਗੱਲ ਸੁਣਦਿਆਂ ਮੰਨਿਆ ਕਿ ਬਰੈਂਪਟਨ ਵਿੱਚ ਵਧਦੀ ਅਬਾਦੀ ਕਾਰਨ ਸਿਹਤ ਸੇਵਾਵਾਂ ਦੀ ਸਥਿਤੀ ਬਹੁਤ ਨਾਜ਼ੁਕ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਵਿੱਚ 1.8 ਬਿਲੀਅਨ ਡਾਲਰ ਸਿਹਤ ਸੇਵਾਵਾਂ ਲਈ ਖਰਚ ਕਰ ਰਹੇ ਹਾਂ ਜੋ ਕਿ ਹੁਣ ਤੱਕ ਦਾ ਇਕ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਤੁਰੰਤ ਲੋੜ ਹੈ ਕਿ ‘ਲੌਂਗ ਟਰਮ ਹੈਲਥ’ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਚੋਂ ਕੱਢ ਕੇ ਬੈੱਡ ਖਾਲੀ ਕਰਵਾਏ ਜਾਣ। ਉਨ੍ਹਾਂ ਦੱਸਿਆ ਕਿ 15,000 ਨਵੇਂ ਬੈੱਡ ਲੌਂਗ ਟਰਮ ਹੈਲਥ ਸੈਂਟਰਾਂ ਵਿੱਚ ਵਧਾਏ ਜਾ ਰਹੇ ਹਨ। ਪ੍ਰੰਤੂ ਬਰੈਂਪਟਨ ਵਿੱਚ ਨਵੇਂ ਹਸਪਤਾਲ ਦੇ ਨਿਰਮਾਣ ਬਾਰੇ ਉਨ੍ਹਾਂ ਕੋਈ ਵੀ ਹਾਂ-ਪੱਖੀ ਵਾਅਦਾ ਨਹੀਂ ਕੀਤਾ।
ਰਜਿੰਦਰ ਸੈਣੀ ਹੋਰਾਂ ਵੱਲੋਂ ਪੁੱਛੇ ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਮੰਨਿਆ ਕਿ ਪਿਛਲੀਆਂ ਫੈਡਰਲ ਚੋਣਾਂ ਦੌਰਾਨ ਲਿਬਰਲ ਪਾਰਟੀ ਵਲੋਂ ਉਨ੍ਹਾਂ ‘ਤੇ ਕੀਤੇ ਗਏ ਹਮਲਿਆਂ ਨੂੰ ਉਹ ਨਜ਼ਰਅੰਦਾਜ਼ ਕਰ ਚੁੱਕੇ ਹਨ, ਅਤੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਤਾਲਮੇਲ ਕਰਕੇ ਸੂਬੇ ਅਤੇ ਮੁਲਕ ਦੀ ਤਰੱਕੀ ਚਾਹੁੰਦੇ ਹਨ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਕਿਉਬਕ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲ ‘ਸੀ 21’ ਦਾ ਉਹ ਵਿਰੋਧ ਕਰਦੇ ਹਨ ਅਤੇ ਉਨ੍ਹਾਂ ਇਸ ਬਾਬਤ ਕਿਉਬਕ ਦੇ ਪ੍ਰੀਮੀਅਰ ਨਾਲ ਵੀ ਗੱਲ ਬਾਤ ਕੀਤੀ ਹੈ। ਵਰਣਨਯੋਗ ਹੈ ਕਿ ਇਸ ਬਿੱਲ ਰਾਹੀਂ ਕਿਉਬਕ ਵਿੱਚ ਸਰਕਾਰੀ ਕਰਮਚਾਰੀ ਪਗੜੀ, ਹਿਜਾਬ ਜਾਂ ਕੋਈ ਵੀ ਹੋਰ ਧਾਰਮਿਕ ਚਿੰਨ੍ਹ ਧਾਰਨ ਨਹੀਂ ਕਰ ਸਕਦੇ।
ਟਰੱਕਿੰਗ ਇੰਡਸਟਰੀ ਵਿੱਚ ਕਈ ਕੰਪਨੀਆਂ ਵਲੋਂ ਨਕਲੀ ਐਲ ਐਮ ਆਈ ਏ ਵੇਚੀਆਂ ਜਾਣ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਗੰਭੀਰ ਮਾਮਲਾ ਹੈ ਅਤੇ ਅਸੀਂ ਸਖ਼ਤੀ ਨਾਲ ਇਸਦੇ ਖ਼ਿਲਾਫ ਕਾਰਵਾਈ ਕਰਾਂਗੇ।
ਰਜਿੰਦਰ ਸੈਣੀ ਵੱਲੋਂ ਵੱਡਾ ਸਵਾਲ
ਰਜਿੰਦਰ ਸੈਣੀ ਹੋਰਾਂ ਦਾ ਸਵਾਲ ਸੀ ਕਿ ਜਦੋਂ ਬਰੈਂਪਟਨ ਦੀ ਅਬਾਦੀ ਸਿਰਫ਼ 3,50,000 ਸੀ ਉਸ ਸਮੇਂ ਪੀਲ ਮੈਮੋਰੀਅਲ ਹਸਪਤਾਲ ਵਿੱਚ 350 ਬੈੱਡ ਸਨ। ਹੁਣ ਜਦੋਂ ਕਿ ਅਬਾਦੀ 7,00,000 ਦੇ ਕਰੀਬ ਹੈ ਤਾਂ ਸਿਰਫ਼ 100 ਹੋਰ ਬੈੱਡ ਹੀ ਵਧਾਏ ਗਏ ਹਨ। ਜਿਸ ਕਾਰਨ ਮਰੀਜ਼ਾਂ ਨੂੰ ਅਕਸਰ ਜਾਂ ਤਾਂ ਬੈੱਡ ਨਹੀਂ ਮਿਲਦੇ ਜਾਂ ਫਿਰ ਹਾਲ ਵਿੱਚ ਸਟਰੇਚਰ ‘ਤੇ ਰਹਿ ਕੇ ਹੀ ਇਲਾਜ ਕਰਵਾਉਣਾ ਪੈਂਦਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …