Breaking News
Home / ਹਫ਼ਤਾਵਾਰੀ ਫੇਰੀ / ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫ਼ਾ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫ਼ਾ

ਵਿਰਸਾ ਸਿੰਘ ਵਲਟੋਹਾ ‘ਤੇ ਧਮਕੀਆਂ ਦੇਣ ਦੇ ਆਰੋਪ ਲਾਏ
ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਖਿਲਾਫ ਕੀਤੀ ਕਾਰਵਾਈ ਤੋਂ ਇੱਕ ਦਿਨ ਬਾਅਦ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਰੋਪ ਲਾਇਆ ਕਿ ਅਕਾਲੀ ਆਗੂ ਵਲਟੋਹਾ ਵੱਲੋਂ ਉਨ੍ਹਾਂ ਸਣੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਵਿੱਚ ਵੀਡੀਓ ਸੁਨੇਹਾ ਵੀ ਜਾਰੀ ਕਰਦਿਆਂ ਅਸਤੀਫਾ ਦੇਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਆਰੋਪ ਲਾਇਆ, ‘ਅਕਾਲੀ ਆਗੂ ਵੱਲੋਂ ਮੈਨੂੰ ਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਅਤੇ ਅਜਿਹੀ ਸਥਿਤੀ ਵਿੱਚ ਮੈਂ ਬਤੌਰ ਜਥੇਦਾਰ ਤਖ਼ਤ ਦੀ ਸੇਵਾ ਨੂੰ ਜਾਰੀ ਨਹੀਂ ਰੱਖ ਸਕਦਾ। ਮੈਂ ਜਥੇਦਾਰ ਵਜੋਂ ਆਪਣਾ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਭੇਜ ਦਿੱਤਾ ਹੈ। ਵੀਡੀਓ ਸੁਨੇਹੇ ‘ਚ ਗਿਆਨੀ ਹਰਪ੍ਰੀਤ ਸਿੰਘ ਨੇ ਆਰੋਪ ਲਾਇਆ ਕਿ ਮੰਗਲਵਾਰ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਵਿਰਸਾ ਸਿੰਘ ਵਲਟੋਹਾ ਖਿਲਾਫ ਕੀਤੀ ਗਈ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਬਾਰੇ ਵੀ ਮਾੜੇ ਸ਼ਬਦ ਵਰਤੇ ਜਾ ਰਹੇ ਹਨ। ਦੁੱਖ ਦੀ ਗੱਲ ਹੈ ਕਿ ਇਸ ਦੀ ਪੁਸ਼ਤ ਪਨਾਹੀ ਸ਼੍ਰੋਮਣੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਵਿੰਗ ਕਰ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਵੀ ਇਸ ਮਾਮਲੇ ‘ਚ ਖਾਮੋਸ਼ ਹੈ। ਅਜਿਹੀ ਸਥਿਤੀ ਵਿੱਚ ਮੈਂ ਜਥੇਦਾਰ ਵਜੋਂ ਸੇਵਾ ਜਾਰੀ ਨਹੀਂ ਰੱਖ ਸਕਦਾ। ਮੈਂ ਸਿਰਫ ਤਖਤ ਦਾ ਜਥੇਦਾਰ ਨਹੀਂ, ਸਗੋਂ ਧੀਆਂ ਦਾ ਪਿਤਾ ਵੀ ਹਾਂ। ਹੁਣ ਜਾਤ ਤੱਕ ਪਰਖੀ ਜਾ ਰਹੀ ਅਤੇ ਗਲਤ ਕਿਸਮ ਦੇ ਸੁਨੇਹੇ ਭੇਜੇ ਜਾ ਰਹੇ ਹਨ। ਨਿੱਜਤਾ ਦੀ ਹੱਦ ਟੱਪੀ ਜਾ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਹਿਯੋਗ ਲਈ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਸਿੱਖ ਕੌਮ ਵੱਲੋਂ ਦਿੱਤੀ ਹੋਈ ਦਸਤਾਰ ਨੂੰ ਬੇਦਾਗ ਆਪਣੇ ਘਰ ਲੈ ਕੇ ਜਾ ਰਹੇ ਹਨ। ਉਧਰ ਦੂਜੇ ਪਾਸੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਅਤੇ ਆਖਿਆ ਕਿ ਜੇ ਉਨ੍ਹਾਂ ਕੋਲ ਇਸ ਸਬੰਧੀ ਕੋਈ ਸਬੂਤ ਹਨ, ਤਾਂ ਉਹ ਸਬੂਤ ਜਨਤਕ ਕਰਨ ਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ। ਵਲਟੋਹਾ ਨੇ ਆਖਿਆ, ‘ਮੈਂ ਅਜਿਹੇ ਕਿਰਦਾਰ ਵਾਲਾ ਵਿਅਕਤੀ ਨਹੀਂ ਹਾਂ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਸੁਣ ਕੇ ਮੈਂ ਹੈਰਾਨ ਹਾਂ। ਉਨ੍ਹਾਂ ਦਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ। ਮੈਂ ਕਿਸੇ ਵੀ ਪਰਿਵਾਰ ਬਾਰੇ ਮਾੜੀ ਸੋਚ ਨਹੀਂ ਰੱਖਦਾ।’
ਐਡਵੋਕੇਟ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਨਾ-ਮਨਜ਼ੂਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਥੇਦਾਰ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ। ਅਸਤੀਫ਼ਾ ਨਾ ਮਨਜ਼ੂਰ ਕਰਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਪੰਥ ਨੂੰ ਬਹੁਤ ਲੋੜ ਹੈ। ਜਿਸ ਦੇ ਚਲਦਿਆਂ ਮੈਂ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਨੂੰ ਨਾ-ਮਨਜ਼ੂਰ ਕਰਦਾ ਹਾਂ।

 

Check Also

ਕੈਨੇਡਾ-ਭਾਰਤ ਤਣਾਅ ਨੇ ਪੰਜਾਬ ‘ਚ ਵਸਦੇ ਪਰਿਵਾਰਾਂ ਦੀ ਚਿੰਤਾ ਵਧਾਈ

ਨੌਜਵਾਨਾਂ ਨੂੰ ਕੈਨੇਡਾ ‘ਚ ਪੜ੍ਹਨ ਦਾ ਸੁਫਨਾ ਅਧੂਰਾ ਰਹਿਣ ਦਾ ਡਰ ਵਿਦੇਸ਼ ਪੜ੍ਹਨ ਗਏ ਵਿਦਿਆਰਥੀਆਂ …