‘ਆਪ’ ਸਰਕਾਰ ਦੇ ਖਿਲਾਫ ਸਰਬਪਾਰਟੀ ਮੀਟਿੰਗ ‘ਚ ਗਲੇ ਮਿਲੇ
ਜਲੰਧਰ : ਕਹਿੰਦੇ ਹਨ ਕਿ ਰਾਜਨੀਤੀ ਵਿਚ ਨਾ ਤਾਂ ਕੋਈ ਸਥਾਈ ਦੁਸ਼ਮਣ ਹੁੰਦਾ ਹੈ ਅਤੇ ਨਾ ਹੀ ਦੋਸਤ। ਸਮੇਂ ਦੇ ਹਿਸਾਬ ਨਾਲ ਇਹ ਸਭ ਕੁਝ ਬਦਲਦਾ ਰਹਿੰਦਾ ਹੈ। ਇਸਦੀ ਇਕ ਉਦਾਹਰਨ ਵੀਰਵਾਰ ਨੂੰ ਜਲੰਧਰ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਹੋਈ ਸਰਬਪਾਰਟੀ ਮੀਟਿੰਗ ਵਿਚ ਦੇਖਣ ਨੂੰ ਮਿਲੀ। ਇਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਇਸ ਮੀਟਿੰਗ ਵਿਚ ਇਕ ਦੂਜੇ ਨੂੰ ਜੱਫੀ ਪਾ ਕੇ ਮਿਲੇ। ਆਮ ਪ੍ਰੋਗਰਾਮ ਤੋਂ ਲੈ ਕੇ ਵਿਧਾਨ ਸਭਾ ਇਜਲਾਸ ਤੱਕ ਹਰ ਜਗ੍ਹਾ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਤੇ ਇਕ ਦੂਜੇ ‘ਤੇ ਜੰਮ ਕੇ ਸਿਆਸੀ ਨਿਸ਼ਾਨਾ ਸਾਧਣ ਵਾਲੇ ਦੋਵੇਂ ਆਗੂ ਸਰਬਪਾਰਟੀ ਮੀਟਿੰਗ ਵਿਚ ਦੋਸਤੀ ਦਾ ਹੱਥ ਵਧਾਉਂਦੇ ਨਜ਼ਰ ਆਏ।
ਨਿੱਜੀ ਦੁਸ਼ਮਣੀ ਨਹੀਂ : ਨਵਜੋਤ ਸਿੱਧੂ
ਬਿਕਰਮ ਮਜੀਠੀਆ ਨੂੰ ਜੱਫੀ ਪਾਉਣ ਤੋਂ ਬਾਅਦ ਨਵਜੋਤ ਸਿੱਧੂ ਨੇ ਮਜ਼ਾਕੀਆ ਲਹਿਜੇ ‘ਚ ਕਿਹਾ ਕਿ ਜੱਫੀ ਪਾਈ ਹੈ, ਪੱਪੀ ਨਹੀਂ ਲਈ। ਇਸ ਗੱਲ ‘ਤੇ ਮੀਟਿੰਗ ‘ਚ ਬੈਠੇ ਸਾਰੇ ਵਿਅਕਤੀ ਹੱਸਣ ਲੱਗ ਪਏ। ਇਸ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਮਜੀਠੀਆ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ।
ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ
ਸੀਨੀਅਰ ਪੱਤਰਕਾਰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਵੀਰਵਾਰ ਨੂੰ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸੱਤ ਦਿਨ ਦਾ ਨੋਟਿਸ ਦੇਣ ਦਾ ਹੁਕਮ ਦਿੱਤਾ ਹੈ। ਡਾ. ਹਮਦਰਦ ਵੱਲੋਂ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ‘ਚ ਉਨ੍ਹਾਂ ਨੇ ਜੰਗ-ਏ-ਅਜ਼ਾਦੀ ਮੈਮੋਰੀਅਲ ਮਾਮਲੇ ਦੀ ਚੱਲ ਰਹੀ ਜਾਂਚ ਨੂੰ ਰੋਕਣ ਅਤੇ ਉਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਰੱਖੀ ਗਈ ਸੀ। 250 ਪੰਨਿਆਂ ਦੀ ਪਟੀਸ਼ਨ ‘ਚ ਡਾ. ਹਮਦਰਦ ਨੇ ਪੰਜਾਬ ਸਰਕਾਰ ‘ਤੇ ਕਈ ਗੰਭੀਰ ਆਰੋਪ ਲਗਾਏ ਹਨ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਏ ਜਾਣ ਦੀ ਗੱਲ ਵੀ ਆਖੀ ਹੈ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …