Breaking News
Home / ਹਫ਼ਤਾਵਾਰੀ ਫੇਰੀ / ਆਪਣੀ ਕਿਤਾਬ ‘ਲਵ ਐਂਡ ਕਰੇਜ: ਮਾਈ ਸਟੋਰੀ ਆਫ਼ ਫੈਮਿਲੀ, ਰੈਜ਼ੀਲਿਐਂਸ ਐਂਡ ਓਵਰਕਮਿੰਗ ਦੀ ਅਨਐਕਸਪੈਕਟੇਡ’ ‘ਚ ਕੀਤਾ ਖੁਲਾਸਾ

ਆਪਣੀ ਕਿਤਾਬ ‘ਲਵ ਐਂਡ ਕਰੇਜ: ਮਾਈ ਸਟੋਰੀ ਆਫ਼ ਫੈਮਿਲੀ, ਰੈਜ਼ੀਲਿਐਂਸ ਐਂਡ ਓਵਰਕਮਿੰਗ ਦੀ ਅਨਐਕਸਪੈਕਟੇਡ’ ‘ਚ ਕੀਤਾ ਖੁਲਾਸਾ

ਬਚਪਨ ‘ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਸੀ ਜਗਮੀਤ ਸਿੰਘ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਜਦ ਉਹ 10 ਸਾਲ ਦਾ ਸੀ ਤਾਂ ਤਾਇਕਵਾਂਡੋ ਅਧਿਆਪਕ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਆਗੂ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹ ਇਸ ਬਾਰੇ ਚੁੱਪ ਰਹੇ।
ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ 40 ਸਾਲਾ ਸਿੱਖ ਆਗੂ ਨੇ ਆਪਣੀ ਕਿਤਾਬ ‘ਲਵ ਐਂਡ ਕਰੇਜ: ਮਾਈ ਸਟੋਰੀ ਆਫ਼ ਫੈਮਿਲੀ, ਰੈਜ਼ੀਲਿਐਂਸ ਐਂਡ ਓਵਰਕਮਿੰਗ ਦੀ ਅਨਐਕਸਪੈਕਟੇਡ’ ਵਿਚ ਲਿਖਿਆ ਹੈ ਕਿ ਇਹ ਘਟਨਾ ਉਸ ਨਾਲ 1980 ਵਿਚ ਵਾਪਰੀ ਜਦ ਉਹ ਵਿੰਡਸਰ (ਉਨਟਾਰੀਓ) ਵਿਚ ਰਹਿ ਰਹੇ ਸਨ। ਜ਼ਿਕਰਯੋਗ ਹੈ ਕਿ ਜਗਮੀਤ ਨੇ ਲੰਘੇ ਮਹੀਨੇ ਹਾਊਸ ਆਫ਼ ਕਾਮਨਜ਼ ਦਾ ਮੈਂਬਰ ਬਣ ਕੇ ਇਤਿਹਾਸ ਸਿਰਜਿਆ ਸੀ। ਉਹ ਸੰਸਦ ਦੇ ਹੇਠਲੇ ਸਦਨ ਦਾ ਮੈਂਬਰ ਬਣਨ ਵਾਲਾ ਪਹਿਲਾ ਗ਼ੈਰ-ਗੋਰਾ ਵਿਅਕਤੀ ਹੈ। ਉਨ੍ਹਾਂ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਸਟਰੱਕਟਰ (ਮਿਸਟਰ ਐਨ) ਘਰ ਵਿਚ ਹੀ ਨਿੱਜੀ ਤੌਰ ‘ਤੇ ਤਾਇਕਵਾਂਡੋ ਸਿਖਾਉਂਦਾ ਸੀ। ਹਾਲਾਂਕਿ ਉਸ ਦੀ ਹੁਣ ਮੌਤ ਹੋ ਚੁੱਕੀ ਹੈ। ਆਗੂ ਨੇ ਕਿਹਾ ਕਿ ਬਚਪਨ ਵਿਚ ਉਹ ਇਸ ਘਟਨਾ ਨੂੰ ਲੈ ਕੇ ਬਹੁਤ ਨਿਰਾਸ਼ ਰਿਹਾ ਤੇ ਸ਼ਰਮ ਮਹਿਸੂਸ ਕਰਦਾ ਸੀ। ਇਸ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕੀਤੀ। ਜਗਮੀਤ ਨੇ ਦੱਸਿਆ ਕਿ ਕਰੀਬ ਦਹਾਕਾ ਗੁਜ਼ਰਨ ਤੋਂ ਬਾਅਦ ਉਸ ਨੇ ਕਿਸੇ ਨਾਲ ਗੱਲ ਕੀਤੀ। ਜਗਮੀਤ ਨੇ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਕੋਚ ਦੇ ਜਿਊਂਦਿਆਂ ਹੀ ਇਸ ਬਾਰੇ ਖ਼ੁਲਾਸਾ ਕਰਨਾ ਚਾਹੀਦਾ ਸੀ। ਸ਼ਾਇਦ ਇਸ ਨਾਲ ਹੋਰਾਂ ਨੂੰ ਵੀ ਸਬਕ ਮਿਲਦਾ। ਸਿੰਘ ਨੇ ਕਿਹਾ ਕਿ ਆਸ ਹੈ ਕਿ ਕਿਤਾਬ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਲੋਕਾਂ ਨੂੰ ਤਾਕਤ ਦੇਵੇਗੀ ਤੇ ਅਹਿਸਾਸ ਕਰਵਾਏਗੀ ਕਿ ਇਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਜਗਮੀਤ ਸੱਤ ਤੋਂ 23 ਸਾਲ ਦੀ ਉਮਰ ਤੱਕ ਵਿੰਡਸਰ ਇਲਾਕੇ ਵਿਚ ਰਹੇ ਹਨ। ਆਗੂ ਨੇ ਦੱਸਿਆ ਕਿ ਸਕੂਲ ਵਿਚ ਕੁਝ ਬੱਚਿਆਂ ਨੇ ਉਸ ਨੂੰ ‘ਬਰਾਊਨ’ ਤੇ ‘ਗੰਦਾ’ ਕਹਿ ਕੇ ਕੁੱਟਿਆ ਵੀ। ਉਨ੍ਹਾਂ ਪਿਤਾ ਦੀ ਸ਼ਰਾਬ ਦੀ ਆਦਤ ਤੇ ਮਗਰੋਂ ਇਸ ਨੂੰ ਛੱਡਣ ਬਾਰੇ ਵੀ ਲਿਖਿਆ ਹੈ।
ਕੈਨੇਡਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਜ਼ਿੰਦਗੀ ਦੇ ਤਲਖ ਤਜਰਬਿਆਂ ਨੂੰ ਕਿਤਾਬ ਰਾਹੀਂ ਕੀਤਾ ਸਾਂਝਾ
ਨਸਲਵਾਦ ਦਾ ਵੀ ਹੋਏ ਸ਼ਿਕਾਰ
ਆਪਣੀ ਕਿਤਾਬ ਵਿਚ ਸਿੱਖ ਆਗੂ ਜਗਮੀਤ ਸਿੰਘ ਨੇ ਨਸਲਵਾਦ ਦੇ ਬਾਰੇ ਵਿਚ ਵੀ ਲਿਖਿਆ ਹੈ, ਜਿਸਦਾ ਉਨ੍ਹਾਂ ਨੇ ਬਚਪਨ ‘ਚ ਸਾਹਮਣਾ ਕੀਤਾ। ਧਿਆਨ ਰਹੇ ਕਿ ਵਿਰੋਧੀ ਧਿਰ ਦਾ ਅਹੁਦਾ ਸੰਭਾਲਣ ਵਾਲੇ ਜਗਮੀਤ ਸਿੰਘ ਭਾਰਤੀ ਮੂਲ ਦੇ ਪਹਿਲੇ ਸਖਸ਼ ਹਨ, ਜਿਨ੍ਹਾਂ ਇਹ ਇਤਿਹਾਸ ਰਚਿਆ ਹੈ।
ਪਿਤਾ ਨੂੰ ਸੀ ਸ਼ਰਾਬ ਦੀ ਆਦਤ
ਕੈਨੇਡਾ ਦੇ ਸਿੱਖ ਨੇਤਾ ਨੇ ਆਪਣੀ ਜੀਵਨੀ ਵਿਚ ਲਿਖਿਆ ਕਿ ਉਨ੍ਹਾਂ ਦੇ ਪਿਤਾ ਦੀ ਸ਼ਰਾਬ ਦੀ ਆਦਤ ਨਾਲ ਉਨ੍ਹਾਂ ਦਾ ਪਰਿਵਾਰ ਟੁੱਟ ਗਿਆ ਸੀ। ਸੁਧਾਰ ਘਰਾਂ ਵਿਚ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਜ਼ਿੰਦਗੀ ਵਿੰਡਸਰ ਦੇ ਬ੍ਰੈਂਟਵੁਡ ਰਿਕਵਰੀ ਹੋਮ ਵਿਚ ਜਾ ਕੇ ਬਚ ਸਕੀ।
ਕੈਨੇਡਾ ਸਰਕਾਰ ਨੇ ਤਿੰਨ ਸਿੱਖ ਨੌਜਵਾਨਾਂ ਦੇ ਹਵਾਈ ਸਫਰ ‘ਤੇ ਲਾਈ ਰੋਕ
ਪਾਬੰਦੀ ਦੇ ਵਿਰੁੱਧ ਸਿੱਖ ਭਾਈਚਾਰੇ ਵਿੱਚ ਬੇਗਾਨਗ਼ੀ ਦਾ ਅਹਿਸਾਸ ਹੋਇਆ ਪੈਦਾ
ਫੈਡਰਲ ਸਰਕਾਰ ਦੇ ਇਸ ਫੈਸਲੇ ਨੂੰ ਅਦਾਲਤ ਵਿੱਚ ਦਿੱਤੀ ਜਾ ਸਕਦੀ ਹੈ ਚੁਣੌਤੀ
ਟੋਰਾਂਟੋ : ਪਿਛਲੇ ਦਿਨੀਂ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਗਰਮ ਖਿਆਲੀ ਸਿੱਖਾਂ ਨਾਲ ਨਰਮੀ ਵਰਤਣ ਦੇ ਦਿੱਤੇ ਪ੍ਰਭਾਵ ਤੋਂ ਬਾਅਦ ਹੁਣ ਸਰਕਾਰ ਨੇ ਤਿੰਨ ਸਿੱਖਾਂ ਦੇ ਨਾਮ ਸੁਰੱਖਿਅਤ ਟਰੈਵਲ ਕਾਨੂੰਨ ਤਹਿਤ ਕੈਨੇਡੀਅਨ ਨੋ ਫਲਾਈ ਸੂਚੀ ਵਿੱਚ ਪਾ ਦਿੱਤੇ ਹਨ। ਇਨ੍ਹਾਂ ਵਿਚ ਪਰਵਕਾਰ ਸਿੰਘ ਦੁਲਾਈ, ਭਗਤ ਸਿੰਘ ਬਰਾੜ ਅਤੇ ਮੋਨਿੰਦਰ ਸਿੰਘ ਦਾ ਨਾਂ ਸ਼ਾਮਲ ਹਨ। ਇਨ੍ਹਾਂ ਨੂੰ ਪਾਬੰਦੀ ਲਾਉਣ ਦੇ ਕਾਰਨਾਂ ਬਾਰੇ ਦੱਸ ਦਿੱਤਾ ਗਿਆ ਹੈ। ਇਹ ਸਰਕਾਰ ਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹਨ। ਇਨ੍ਹਾਂ ਸਿੱਖਾਂ ਕੋਲ ਅਧਿਕਾਰਾਂ ਤੇ ਆਜ਼ਾਦੀ ਦੇ ਚਾਰਟਰ ਤਹਿਤ ਆਪਣੇ ਵਿਰੁੱਧ ਹਵਾਈ ਸਫਰ ਕਰਨ ‘ਤੇ ਲੱਗੀ ਰੋਕ ਵਿਰੁੱਧ ਕਾਨੂੰਨੀ ਲੜਾਈ ਲੜਨ ਦਾ ਹੱਕ ਹੈ। ਪਾਬੰਦੀ ਦੇ ਵਿਰੁੱਧ ਸਿੱਖ ਭਾਈਚਾਰੇ ਵਿੱਚ ਬੇਗਾਨਗ਼ੀ ਦਾ ਅਹਿਸਾਸ ਪੈਦਾ ਹੋ ਗਿਆ। ਪਬਲਿਕ ਸੇਫਟੀ ਕੈਨੇਡਾ ਦੇ ਬੁਲਾਰੇ ਟਿਮ ਵਰਮਿੰਘਮਟਨ ਨੇ ‘ਪੈਸੰਜਰ ਪ੍ਰੋਟੈਕਟ ਲਿਸਟ’ ਵਿਚ ਪਿਛਲੇ ਮਹੀਨਿਆਂ ਵਿੱਚ ਸੁਰੱਖਿਆ ਕਾਰਨਾਂ ਕਰਕੇ ਸ਼ਾਮਲ ਕੀਤੇ ਲੋਕਾਂ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …