1.6 C
Toronto
Thursday, November 27, 2025
spot_img
Homeਹਫ਼ਤਾਵਾਰੀ ਫੇਰੀ7 ਪਾਰਟੀ ਪ੍ਰਧਾਨ ਪੰਜਾਬ ਚੋਣ ਪਿੜ 'ਚ... ਲੜ ਰਹੇ ਵੱਕਾਰ ਦੀ ਲੜਾਈ

7 ਪਾਰਟੀ ਪ੍ਰਧਾਨ ਪੰਜਾਬ ਚੋਣ ਪਿੜ ‘ਚ… ਲੜ ਰਹੇ ਵੱਕਾਰ ਦੀ ਲੜਾਈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ, ‘ਆਪ’ ਪ੍ਰਧਾਨ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਗਰੂਰ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਬਠਿੰਡਾ, ਪੰਜਾਬ ਮੰਚ ਪ੍ਰਧਾਨ ਧਰਮਵੀਰ ਗਾਂਧੀ ਪਟਿਆਲਾ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਲੁਧਿਆਣਾ ਤੋਂ ਖੁਦ ਲੜ ਰਹੇ ਨੇ ਚੋਣ
ਬਠਿੰਡਾ/ਬਿਊਰੋ ਨਿਊਜ਼ : ਇਸ ਵਾਰ ਪੰਜਾਬ ਦੀਆਂ ਲੋਕ ਸਭਾ ਚੋਣਾਂ ਦਾ ਨਜ਼ਾਰਾ ਵੱਖਰਾ ਅਤੇ ਨਤੀਜੇ ਚੌਕਾਉਣ ਵਾਲੇ ਹੋ ਸਕਦੇ ਹਨ। ਕਿਉਂਕਿ ਚੋਣਾਂ ਵਿਚ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਬਣਨ ਵਾਲੇ ਹੀ ਹੁਣ ਖੁਦ ਉਮੀਦਵਾਰ ਬਣੇ ਹੋਏ ਹਨ।
7 ਦਲਾਂ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ‘ਆਪ’ ਪ੍ਰਧਾਨ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ, ਪੀਡੀਪੀ ਦੇ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਪੰਜਾਬ ਮੰਚ ਦੇ ਪ੍ਰਧਾਨ ਧਰਮਵੀਰ ਗਾਂਧੀ ਖੁਦ ਹੀ ਇਸ ਵਾਰ ਚੋਣ ਮੈਦਾਨ ਵਿਚ ਉਤਰੇ ਹਨ। ਅਜਿਹੇ ਵਿਚ ਉਨ੍ਹਾਂ ਨੇ ਆਪਣੀ ਸੀਟ ਅਤੇ ਸਾਖ਼ ਬਚਾਉਣ ਲਈ ਜ਼ਿਆਦਾ ਜ਼ੋਰ ਅਜਮਾਇਸ਼ ਕਰਨੀ ਹੋਵੇਗੀ, ਜਿਸ ਵਿਚ ਸੂਬੇ ਦੀਆਂ ਹੋਰ ਸੀਟਾਂ ‘ਤੇ ਉਨ੍ਹਾਂ ਦੀ ਮੌਜੂਦਗੀ ਘੱਟ ਰਹੇਗੀ ਅਤੇ ਜਿਸ ਵਿਚ ਚੋਣ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ। ਹਾਲਾਂਕਿ ਖੁਦ ਚੋਣ ਮੈਦਾਨ ਵਿਚ ਉਤਰੇ ਪਾਰਟੀ ਪ੍ਰਧਾਨਾਂ ਨੇ ਆਪਣੇ ਬਦਲ ਦੇ ਤੌਰ ‘ਤੇ ਪਾਰਟੀ ਦੇ ਦਿੱਗਜ਼ ਨੇਤਾਵਾਂ ਨੂੰ ਚੋਣ ਪ੍ਰਚਾਰ ਲਈ ਉਤਾਰਿਆ ਹੈ। ਪਰ ਉਹ ਕਿੰਨੇ ਕਾਰਗਰ ਸਾਬਤ ਹੋਣਗੇ ਇਹ ਤਾਂ ਸਮਾਂ ਹੀ ਦੱਸੇਗਾ।
ਹਾਲਾਂਕਿ, ਇਨ੍ਹਾਂ ਸਾਰਿਆਂ ਦਾ ਦਾਅਵਾ ਹੈ ਕਿ ਪ੍ਰਚਾਰ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜਦ ਉਨ੍ਹਾਂ ਕੋਲੋਂ ਆਪਣੇ ਖੇਤਰ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਆਪਣੇ ਹਲਕੇ ਵਿਚ ਤਾਂ ਜ਼ਿਆਦਾ ਧਿਆਨ ਦੇਣਾ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਸੰਗਰੂਰ ਤੋਂ ਭਗਵੰਤ ਮਾਨ ਅਤੇ ਸਿਮਰਨਜੀਤ ਸਿੰਘ ਮਾਨ ਆਹਮਣੇ ਸਾਹਮਣੇ ਹਨ। ਆਓ ਜਾਣਦੇ ਹਾਂ ਸਿਆਸੀ ਗਰਾਊਂਡ ਵਿਚ ਕਿਸਦਾ-ਕਿਸਦਾ ਵੱਕਾਰ ਦਾਅ ‘ਤੇ ਲੱਗਿਆ ਹੋਇਆ ਹੈ।
ਆਪਣੇ ਹਲਕੇ ਵਿਚ ਉਲਝੇ ਪ੍ਰਧਾਨ, ਬਦਲਵੇਂ ਨੇਤਾਵਾਂ ਹੱਥ ਪ੍ਰਚਾਰ ਦੀ ਕਮਾਨ
ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ 2008 ਤੋਂ ਪ੍ਰਧਾਨ ਹਨ, ਉਨ੍ਹਾਂ ਦੀ ਅਗਵਾਈ ਵਿਚ ਪਾਰਟੀ ਤੀਜੀਆਂ ਲੋਕ ਸਭਾ ਚੋਣਾਂ ਲੜ ਰਹੀ ਹੈ, ਪਰ ਇਹ ਪਹਿਲੀ ਵਾਰ ਹੈ ਕਿ ਜਦ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਹੁੰਦੇ ਹੋਏ ਲੋਕ ਸਭਾ ਲਈ ਚੋਣ ਮੈਦਾਨ ਵਿਚ ਹਨ। ਅਜਿਹੇ ਵਿਚ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਲੋਕ ਸਭਾ ਸੀਟ ‘ਤੇ ਚੋਣ ਪ੍ਰਚਾਰ ਲਈ ਸਮਾਂ ਨਹੀਂ ਦੇ ਸਕਣਗੇ। ਬਦਲ ਦੇ ਤੌਰ ‘ਤੇ ਉਨ੍ਹਾਂ ਨੇ ਆਪਣੇ ਸਾਲੇ ਬਿਕਰਮ ਸਿੰਘ ਮਜੀਠੀਆ ਨੂੰ ਬਠਿੰਡਾ ਵਿਚ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਹੈ, ਜਦਕਿ ਲੰਬੀ ਵਿਚ ਪਿਤਾ ਪਰਕਾਸ਼ ਸਿੰਘ ਬਾਦਲ ਨੇ ਮੋਰਚਾ ਸੰਭਾਲਿਆ ਹੈ।
ਸੁਨੀਲ ਜਾਖੜ
ਕਾਂਗਰਸ ਪ੍ਰਧਾਨ ਹੁੰਦੇ ਹੋਏ ਸੁਨੀਲ ਜਾਖੜ ਦੀਆਂ ਇਹ ਦੂਜੀਆਂ ਲੋਕ ਸਭਾ ਚੋਣਾਂ ਹਨ। ਇਸ ਤੋਂ ਪਹਿਲਾਂ ਉਹ ਗੁਰਦਾਸਪੁਰ ਉਪ ਚੋਣ ਵਿਚ ਪਾਰਟੀ ਪ੍ਰਧਾਨ ਹੁੰਦੇ ਹੋਏ ਜਿੱਤ ਚੁੱਕੇ ਹਨ। ਪਰ ਇਸ ਵਾਰ ਉਨ੍ਹਾਂ ਦੇ ਮੁਕਾਬਲੇ ਫਿਲਮ ਸਟਾਰ ਸੰਨੀ ਦਿਓਲ ਨੂੰ ਭਾਜਪਾ ਵਲੋਂ ਉਤਾਰਨ ਨਾਲ ਉਨ੍ਹਾਂ ਨੂੰ ਵੀ ਜ਼ਿਆਦਾ ਜ਼ੋਰ ਲਗਾਉਣਾ ਪਵੇਗਾ। ਅਜਿਹੇ ਵਿਚ ਪੰਜਾਬ ਵਿਚ ਕਾਂਗਰਸ ਦੀਆਂ ਸੀਟਾਂ ‘ਤੇ ਪ੍ਰਚਾਰ ਅਤੇ ਉਮੀਦਵਾਰਾਂ ਦੀ ਨਾਮਜ਼ਦਗੀ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਖੁਦ ਨਿਭਾ ਰਹੇ ਹਨ ਅਤੇ ਇਕ-ਇਕ ਸੀਟ ‘ਤੇ ਜਾ ਕੇ ਖੁਦ ਕਾਂਗਰਸੀਆਂ ਦੀ ਗੁੱਟਬਾਜ਼ੀ ਨੂੰ ਖਤਮ ਕਰਨ ਵਿਚ ਲੱਗੇ ਹੋਏ ਹਨ।
ਸੁਖਪਾਲ ਸਿੰਘ ਖਹਿਰਾ
‘ਆਪ’ ਤੋਂ ਵੱਖ ਹੋ ਕੇ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਪੀਡੀਏ ਦੇ ਨਾਲ ਮਿਲ ਕੇ ਪੰਜਾਬ ਵਿਚ ਤਿੰਨ ਸੀਟਾਂ ਬਠਿੰਡਾ, ਫਰੀਦਕੋਟ ਅਤੇ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਉਤਾਰੇ ਹਨ। ਖਹਿਰਾ ਬਠਿੰਡਾ ਸੀਟ ਤੋਂ ਖੁਦ ਚੋਣ ਲੜ ਰਹੇ ਹਨ। ਖਹਿਰੇ ਲਈ ਆਪਣੀ ਸੀਟ ਕੱਢਣ ਵੀ ਵੱਕਾਰ ਦਾ ਸਵਾਲ ਬਣ ਗਿਆ ਹੈ। ਅਜਿਹੇ ਵਿਚ ਉਹ ਬਠਿੰਡਾ ਹਲਕੇ ਤੋਂ ਬਾਹਰ ਨਹੀਂ ਨਿਕਲ ਰਹੇ ਅਤੇ ਉਨ੍ਹਾਂ ਦੀ ਪਾਰਟੀ ਦੇ ਮਾਸਟਰ ਬਲਦੇਵ ਸਿੰਘ ਫਰੀਦਕੋਟ ਤੋਂ ਅਤੇ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਚੋਣ ਲੜ ਰਹੇ ਹਨ।
ਭਗਵੰਤ ਮਾਨ
‘ਆਪ’ ਵਿਚ ਦੂਜੀ ਵਾਰ ਲੋਕ ਸਭਾ ਚੋਣ ਲੜ ਰਹੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਬਤੌਰ ਪ੍ਰਧਾਨ ਇਹ ਪਹਿਲੀ ਚੋਣ ਹੈ। ਹਾਲਾਂਕਿ 2014 ਵਿਚ ਸੰਗਰੂਰ ਵਿਚ ਆਪਣੇ ਲੋਕ ਸਭਾ ਹਲਕੇ ਵਿਚ ਭਾਵੇਂ ਉਹ ਪਾਰਟੀ ਪ੍ਰਧਾਨ ਨਹੀਂ ਸੀ, ਪਰ ਉਨ੍ਹਾਂ ਪੰਜਾਬ ਵਿਚ ਸਟਾਰ ਪ੍ਰਚਾਰਕ ਦੇ ਤੌਰ ‘ਤੇ ਕੰਮ ਕੀਤਾ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਪਰਮਿੰਦਰ ਸਿੰਘ ਢੀਂਡਸਾ, ਕਾਂਗਰਸ ਦੇ ਕੇਵਲ ਢਿੱਲੋਂ ਅਤੇ ਪੀਡੀਏ ਦੇ ਜੱਸੀ ਜਸਰਾਜ ਨਾਲ ਹੈ। ਇਸ ਦੇ ਚੱਲਦਿਆਂ ਭਗਵੰਤ ਆਪਣੇ ਹਲਕੇ ਵਿਚੋਂ ਨਿਕਲ ਨਹੀਂ ਰਹੇ। ਉਨ੍ਹਾਂ ਦੀ ਜਗ੍ਹਾ ਅਮਨ ਅਰੋੜਾ ਨੂੰ ਪਾਰਟੀ ਦੇ ਹੋਰ ਉਮੀਦਵਾਰਾਂ ਨਾਲ ਚੋਣ ਪ੍ਰਚਾਰ ਵਿਚ ਮੱਦਦ ਕਰਨੀ ਪੈ ਰਹੀ ਹੈ। ਕੇਜਰੀਵਾਲ ਵੀ ਇਸ ਸਥਿਤੀ ਵਿਚ ਪੰਜਾਬ ‘ਚ 13 ਤੋਂ 17 ਮਈ ਤੱਕ ਹੀ ਆਉਣਗੇ।
ਡਾ. ਧਰਮਵੀਰ ਗਾਂਧੀ
‘ਆਪ’ ਤੋਂ ਵੱਖ ਹੋ ਕੇ ਪੰਜਾਬ ਮੰਚ ਪਾਰਟੀ ਬਣਾਉਣ ਵਾਲੇ ਡਾ.ਧਰਮਵੀਰ ਗਾਂਧੀ ਪੀਡੀਏ ਦੇ ਨਾਲ ਮਿਲ ਕੇ ਪਟਿਆਲਾ ਲੋਕ ਸਭਾ ਹਲਕੇ ਤੋਂ ਖੁਦ ਚੋਣ ਲੜ ਰਹੇ ਹਨ। ਡਾ. ਧਰਮਵੀਰ ਗਾਂਧੀ ਲਈ ਆਪਣੀ ਸੀਟ ਕੱਢਣ ਵੀ ਵੱਕਾਰ ਦਾ ਸਵਾਲ ਬਣ ਗਿਆ ਹੈ।
ਸਿਮਰਨਜੀਤ ਸਿੰਘ ਮਾਨ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹਾਲਾਂਕਿ ਪਹਿਲਾਂ ਵੀ ਲੋਕ ਸਭਾ ਚੋਣ ਪ੍ਰਧਾਨ ਹੁੰਦੇ ਹੋਏ ਲੜਦੇ ਰਹੇ ਹਨ। ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ‘ਤੇ ਇਸ ਵਾਰ ਚੋਣਾਂ ਵਿਚ ਜ਼ੋਰ ਲਗਾਉਣ ਲਈ ਉਨ੍ਹਾਂ ਕੋਲ ਅਹਿਮ ਮੁੱਦਾ ਹੈ। ਇਸ ਲਈ ਇਸ ਮੁੱਦੇ ‘ਤੇ ਉਹ ਸੰਗਰੂਰ ਹਲਕੇ ਵਿਚ ਜ਼ੋਰ ਲਗਾ ਕੇ ਸੰਸਦ ਦੀਆਂ ਪੌੜੀਆਂ ਚੜ੍ਹਨਾ ਚਾਹੁੰਦੇ ਹਨ। ਕਿਉਂਕਿ 1989 ਵਿਚ ਤਰਨਤਾਰਨ ਤੋਂ ਮਾਨ ਨੇ ਸਿੱਖ ਮਾਮਲਿਆਂ ‘ਤੇ ਹੀ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਸੀ। ਅਜਿਹੇ ਵਿਚ ਸਿਮਰਨਜੀਤ ਸਿੰਘ ਮਾਨ ਵੀ ਆਪਣੇ ਹਲਕੇ ਵਿਚ ਰੁੱਝੇ ਹੋਏ ਹਨ।
ਸਿਮਰਜੀਤ ਸਿੰਘ ਬੈਂਸ
2ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਬਤੌਰ ਪ੍ਰਧਾਨ ਦੂਜੀ ਵਾਰ ਪੀਡੀਏ ਵਲੋਂ ਲੁਧਿਆਣਾ ਲੋਕ ਸਭਾ ਸੀਟ ‘ਤੇ ਚੋਣ ਲੜ ਰਹੇ ਹਨ। ਹਾਲਾਂਕਿ 2014 ਵਿਚ ਵੀ ਉਹ ਲੋਕ ਸਭਾ ਚੋਣਾਂ ਲੜ ਕੇ ਚੌਥੇ ਨੰਬਰ ‘ਤੇ ਆਏ ਸਨ। ਪਰ ਇਸ ਵਾਰ ਪੰਜਾਬ ਡੈਮੋਕਰੇਟਿਕ ਅਲਾਇੰਸ ਵਲੋਂ ਚੋਣ ਲੜਨ ਕਰਕੇ ਸੰਯੁਕਤ ਦਲਾਂ ਦੀ ਹਮਾਇਤ ਵੀ ਹਾਸਲ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਰਵਨੀਤ ਬਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ, ‘ਆਪ’ ਦੇ ਪ੍ਰੋ. ਤੇਜਪਾਲ ਨਾਲ ਹੋਣਾ ਹੈ। ਅਜਿਹੇ ਵਿਚ ਬੈਂਸ ਨੂੰ ਵੀ ਆਪਣੀ ਸਾਖ ਬਚਾਉਣ ਲਈ ਪੂਰਾ ਜ਼ੋਰ ਲਗਾਉਣਾ ਪੈ ਰਿਹਾ ਹੈ।
ਪ੍ਰਚਾਰ ‘ਤੇ ਪਵੇਗਾ ਅਸਰ, ਆ ਸਕਦੇ ਹਨ ਚੌਕਾਉਣ ਵਾਲੇ ਨਤੀਜੇ
ਕਿਉਂਕਿ ਪਾਰਟੀ ਦੇ ਪ੍ਰਧਾਨ ਜੋ ਸਟਾਫ ਪ੍ਰਚਾਰਕ ਦੀ ਭੂਮਿਕਾ ਵਿਚ ਹੁੰਦੇ ਹਨ, ਇਸ ਵਾਰ ਉਹ ਖੁਦ ਹੀ ਆਪਣੇ ਲੋਕ ਸਭਾ ਹਲਕਿਆਂ ਵਿਚ ਚੋਣਾਂ ਪ੍ਰਚਾਰ ਵਿਚ ਰੁੱਝੇ ਹੋਏ ਹਨ। ਅਜਿਹੇ ਵਿਚ ਉਹ ਆਪਣੇ ਤੋਂ ਇਲਾਵਾ ਪੰਜਾਬ ਦੀਆਂ ਹੋਰ 12 ਸੀਟਾਂ ‘ਤੇ ਚੋਣ ਪ੍ਰਚਾਰ ਲਈ ਨਹੀਂ ਜਾ ਸਕਣਗੇ, ਜਿਸ ਨਾਲ ਚੁਣਾਵੀਂ ਨਤੀਜਿਆਂ ‘ਤੇ ਅਸਰ ਪਵੇਗਾ ਅਤੇ ਚੌਕਾਉਣ ਵਾਲੇ ਨਤੀਜੇ ਆ ਸਕਦੇ ਹਨ।
ੲ ਬਠਿੰਡਾ ਵਿਚ ਸੁਖਬੀਰ ਆਪਣੀ ਪਤਨੀ ਹਰਸਿਮਰਤ ਕੌਰ ਦੇ ਚੋਣ ਪ੍ਰਚਾਰ ‘ਤੇ ਫੋਕਸ ਨਾ ਕਰਨ ਕਰਕੇ ਇਸ ਸੀਟ ‘ਤੇ ਅਸਰ ਪੈ ਸਕਦਾ ਹੈ।
ੲ ਜਾਖੜ ਦੇ ਗੁਰਦਾਸਪੁਰ ਵਿਚ ਆਪਣੀ ਸੀਟ ‘ਤੇ ਰੁੱਝੇ ਹੋਣ ਕਰਕੇ ਉਹ ਫਿਰੋਜ਼ਪੁਰ ਲੋਕ ਸਭਾ ਵਿਚ ਸ਼ਾਮਲ ਆਪਣੇ ਜੱਦੀ ਹਲਕੇ ਅਬੋਹਰ ਵਿਚ ਸ਼ੇਰ ਸਿੰਘ ਘੁਬਾਇਆ ਦੀ ਮੱਦਦ ਨਹੀਂ ਕਰ ਸਕਣਗੇ।
ੲ ਖਹਿਰਾ ਆਪਣੇ ਹਿੱਸੇ ਦੀਆਂ ਦੋ ਸੀਟਾਂ ਫਰੀਦਕੋਟ ਅਤੇ ਖਡੂਰ ਸਾਹਿਬ ਅਤੇ ਬੈਂਸ ਫਤਹਿਗੜ੍ਹ ਸਾਹਿਬ ਵਿਚ ਆਪਣੇ ਉਮੀਦਵਾਰਾਂ ਦੀ ਪੂਰੀ ਤਰ੍ਹਾਂ ਮੱਦਦ ਨਹੀਂ ਕਰ ਸਕਣਗੇ। ਅਜਿਹੇ ਵਿਚ ਚੋਣ ਨਤੀਜੇ ਚੌਕਾਉਣ ਵਾਲੇ ਹੋਣਗੇ।

RELATED ARTICLES
POPULAR POSTS