ਵਿਨੀਪੈਗ/ਬਿਊਰੋ ਨਿਊਜ਼ : ਭਾਰਤ ਵਿੱਚ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ ਅਤੇ ਕੈਨੇਡਾ-ਅਮਰੀਕਾ ਸਣੇ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿਚ ਰਹਿੰਦੇ ਲਗਪਗ 13 ਲੱਖ 50 ਹਜ਼ਾਰ ਪਰਵਾਸੀਆਂ ਕੋਲ ਵੋਟ ਪਾਉਣ ਦਾ ਹੱਕ ਹੈ, ਜਿਹੜੇ ਭਾਰਤ ਦੇ ਇਸ ਜਮਹੂਰੀ ਚੋਣ ਅਮਲ ‘ਚ ਹਿੱਸਾ ਲੈਣਾ ਚਾਹੁੰਦੇ ਹਨ। ਓਟਾਵਾ ਦੇ ਇਕ ਵਿਅਕਤੀ ਦਾ ਕਹਿਣਾ ਸੀ ਕਿ ਭਾਰਤੀ ਸਿਆਸਤ ਵਿੱਚ ਉਨ੍ਹਾਂ ਨੂੰ ਕਾਫ਼ੀ ਦਿਲਚਸਪੀ ਹੈ ਪਰ ਆਉਣ-ਜਾਣ ਵਿਚ ਲੱਗਣ ਵਾਲਾ ਸਮਾਂ ਅਤੇ ਪੈਸਾ ਵੱਡਾ ਅੜਿੱਕਾ ਬਣਦੇ ਹਨ। ਦੂਜੇ ਪਾਸੇ ਫਿਲਪੀਨਜ਼ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਲਈ ਖ਼ਾਸ ਪ੍ਰਬੰਧ ਕੀਤਾ ਗਿਆ ਹੈ।
ਕੈਨੇਡਾ ਜਾਂ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਰਹਿੰਦੇ ਫਿਲਪੀਨੀ ਲੋਕ ਅੰਬੈਸੀ ਜਾਂ ਕੌਂਸੁਲੇਟ ਵਿੱਚ ਜਾ ਕੇ ਵੋਟ ਪਾ ਸਕਦੇ ਹਨ। ਇਸ ਤੋਂ ਇਲਾਵਾ ਡਾਕ ਰਾਹੀਂ ਵੋਟ ਪਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਸਫ਼ਰ ਸਿਰਫ਼ ਤਿੰਨ-ਚਾਰ ਘੰਟੇ ਦਾ ਹੁੰਦਾ ਤਾਂ ਹਜ਼ਾਰਾਂ ਲੋਕ ਵੋਟ ਪਾਉਣ ਜਾ ਸਕਦੇ ਸਨ। ਅਜਿਹੇ ਵਿੱਚ ਭਾਰਤ ਸਰਕਾਰ ਨੂੰ ਫਿਲਪੀਨਜ਼ ਦੀ ਤਰਜ਼ ‘ਤੇ ਵਿਦੇਸ਼ਾਂ ਵਿੱਚ ਹੀ ਵੋਟਿੰਗ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਡਾਲਰ ਕਿਰਾਇਆ ਖ਼ਰਚ ਕੇ ਕੋਈ ਨਹੀਂ ਜਾਣਾ ਚਾਹੁੰਦਾ। ਯੂਨੀਵਰਸਿਟੀ ਆਫ਼ ਵਿਕਟੋਰੀਆ ਦੀ ਇਕ ਪ੍ਰੋਫੈਸਰ ਦਾ ਕਹਿਣਾ ਸੀ ਕਿ ਆਮ ਤੌਰ ‘ਤੇ ਇਹੋ ਦਲੀਲ ਦਿੱਤੀ ਜਾਂਦੀ ਹੈ ਕਿ ਪਰਵਾਸੀ ਭਾਰਤੀ ਨਾਗਰਿਕਾਂ ਨੂੰ ਘਰੇਲੂ ਮੁੱਦਿਆਂ ਬਾਰੇ ਘੱਟ ਜਾਣਕਾਰੀ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਵੋਟਾਂ ਚੋਣ ਨਤੀਜਿਆਂ ‘ਤੇ ਵੱਖਰਾ ਅਸਰ ਪਾ ਸਕਦੀਆਂ ਹਨ।