ਓਟਵਾ/ਬਿਊਰੋ ਨਿਊਜ਼ : 2020 ਦੇ ਅੰਤ ਤੋਂ ਲੈ ਕੇ ਹੁਣ ਤੱਕ ਵੈਕਸੀਨਜ਼ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਜਾਂ ਮਾਰੇ ਗਏ ਲੋਕਾਂ ਦੀ ਮਦਦ ਲਈ ਫੈਡਰਲ ਸਰਕਾਰ ਵੱਲੋਂ 36.4 ਮਿਲੀਅਨ ਡਾਲਰ ਹੋਰ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਪ੍ਰੋਗਰਾਮ ਉਸ ਸਮੇਂ ਐਲਾਨਿਆ ਗਿਆ ਸੀ ਜਦੋਂ ਕੋਵਿਡ-19 ਦੇ ਸ਼ੌਟਸ ਪਹਿਲੀ ਵਾਰੀ ਜਨਤਾ ਨੂੰ ਦੇਣੇ ਸ਼ੁਰੂ ਕੀਤੇ ਗਏ ਸਨ। ਹੈਲਥ ਕੈਨੇਡਾ ਵੱਲੋਂ ਮਨਜੂਰੀ ਪ੍ਰਾਪਤ ਵੈਕਸੀਨਜ਼ ਕਾਰਨ ਮਾੜੇ ਢੰਗ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਸੀ। ਪ੍ਰੋਗਰਾਮ ਦੇ ਪਹਿਲੇ ਪੰਜ ਸਾਲਾਂ ਲਈ ਲਿਬਰਲਾਂ ਨੇ 75 ਮਿਲੀਅਨ ਡਾਲਰ ਰਾਖਵੇਂ ਰੱਖੇ।
ਹੁਣ ਤੱਕ ਪ੍ਰਾਈਵੇਟ ਫਰਮ, ਜਿਸ ਨੂੰ ਓਕਸਾਰੋ ਆਖਿਆ ਜਾਂਦਾ ਹੈ, ਇਸ ਪ੍ਰੋਗਰਾਮ ਨੂੰ ਚਲਾਉਣ ਲਈ 56.2 ਮਿਲੀਅਨ ਡਾਲਰ ਸਰਕਾਰ ਕੋਲੋਂ ਹਾਸਲ ਕਰ ਚੁੱਕੀ ਹੈ। ਇਸ ਦੇ ਨਾਲ ਹੀ ਇਸ ਫਰਮ ਵੱਲੋਂ ਕਿਊਬਿਕ ਤੋਂ ਬਾਹਰ ਜਾਇਜ਼ ਦਾਅਵਾ ਕਰਨ ਵਾਲਿਆਂ ਨੂੰ ਵੀ ਪੈਸੇ ਦਿੱਤੇ ਜਾਂਦੇ ਰਹੇ ਹਨ। ਦਸੰਬਰ ਤੱਕ ਇਸ ਫਰਮ ਵੱਲੋਂ ਮੁਆਵਜ਼ੇ ਵਜੋਂ 11.2 ਮਿਲੀਅਨ ਡਾਲਰ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕਿਊਬਿਕ ਦਾ ਆਪਣਾ ਵੈਕਸੀਨ ਇੰਜਰੀ ਕੰਪਨਸੇਸ਼ਨ ਪ੍ਰੋਗਰਾਮ ਹੈ ਜਿਹੜਾ 1985 ਤੋਂ ਚੱਲ ਰਿਹਾ ਹੈ ਤੇ ਜਦੋਂ ਫੈਡਰਲ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ ਤਾਂ ਕਿਊਬਿਕ ਨੂੰ 7.75 ਮਿਲੀਅਨ ਡਾਲਰ ਹਾਸਲ ਹੋਏ ਸਨ।
ਅਗਲੇ ਦੋ ਸਾਲਾਂ ਲਈ ਇਸ ਪ੍ਰੋਗਰਾਮ ਨੂੰ ਚਲਾਉਣ ਵਾਸਤੇ ਲਿਬਰਲ ਸਰਕਾਰ ਨੇ ਓਕਸਾਰੋ ਲਈ 36 ਮਿਲੀਅਨ ਡਾਲਰ ਹੋਰ ਰਾਖਵੇਂ ਰੱਖੇ ਹਨ। ਅਜਿਹਾ ਪਿਛਲੇ ਹਫਤੇ ਪੇਸ਼ ਕੀਤੇ ਗਏ ਬਜਟ ਦੌਰਾਨ ਕੀਤਾ ਗਿਆ।